ਲਾਕਡਾਊਨ ਜਮੀਨੀ ਹਕੀਕਤਾਂ ਨੂੰ ਨਜਰ ਅੰਦਾਜ ਕਰਕੇ ਬਿਨਾਂ ਕਿਸੇ ਤਿਆਰੀ ਤੋਂ ਲਾਗੂ ਕੀਤਾ ਗਿਆ--ਮਹਿੰਦਰ ਪਾਲ ਲੂੰਬਾ

ਮੋਗਾ, 28 ਅਪਰੈਲ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਦੇਸ਼ ਵਿੱਚ ਲਾਕਡਾਊਨ ਹੋਣ ਦੇ ਬਾਵਜ਼ੂਦ ਜੇਕਰ ਕਰੋਨਾ ਮਰੀਜਾਂ ਦੀ ਗਿਣਤੀ 236 ਤੋਂ 29000 ਦੇ ਕਰੀਬ ਪਹੁੰਚ ਗਈ ਹੈ ਤਾਂ ਉਸਦਾ ਮੁੱਖ ਕਾਰਨ ਇਹ ਹੈ ਕਿ ਲਾਕਡਾਊਨ ਜਮੀਨੀ ਹਕੀਕਤਾਂ ਨੂੰ ਨਜਰ ਅੰਦਾਜ ਕਰਕੇ ਬਿਨਾਂ ਕਿਸੇ ਤਿਆਰੀ ਤੋਂ ਲਾਗੂ ਕੀਤਾ ਗਿਆ। ਲਾਕਡਾਊਨ ਲੋਕਾਂ ਦੀਆਂ ਜਰੂਰਤਾਂ ਕਾਰਨ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਨਹੀਂ ਹੋ ਸਕਿਆ ਤੇ ਲੋਕਾਂ ਦੀ ਆਵਾਜਾਈ ਚਲਦੀ ਰਹੀ। ਲੱਖਾਂ ਲੋਕ ਹਜਾਰਾਂ ਕਿਲੋਮੀਟਰ ਪੈਦਲ ਘਰਾਂ ਲਈ ਚੱਲ ਪਏ, ਲੱਖਾਂ ਰੋਟੀ ਦੀ ਤਲਾਸ਼ ਵਿੱਚ ਇੱਧਰ ਉਧਰ ਭਟਕਦੇ ਰਹੇ, ਲੱਖਾਂ ਆਪਣੀ ਦਵਾਈ ਬੂਟੀ ਲਈ ਭੱਜ ਦੌੜ ਕਰਦੇ ਰਹੇ ਤੇ ਲੱਖਾਂ ਲੋਕ ਆਪਣੇ ਨਸ਼ਿਆਂ ਦੀ ਪੂਰਤੀ ਲਈ ਗਲੀਆਂ ਦੀ ਖਾਕ ਛਾਣਦੇ ਰਹੇ ਤੇ ਹਜਾਰਾਂ ਦੀ ਗਿਣਤੀ ਵਿੱਚ ਲੋਕ ਧਾਰਮਿਕ ਸਥਾਨਾਂ, ਸਕੂਲਾਂ ਆਦਿ ਵਿੱਚ ਤੇ ਰੁਕਣ ਲਈ ਮਜਬੂਰ ਹੋ ਗਏ ਕਿਉਂਕਿ ਕਿਸੇ ਨੂੰ ਵੀ ਲੰਬੀ ਲੜਾਈ ਲਈ ਤਿਆਰ ਹੋਣ ਦਾ ਮੌਕਾ ਨਹੀਂ ਦਿੱਤਾ ਗਿਆ। ਪੁਲਿਸ ਦੀ ਕੁੱਟ ਵੀ ਲੋਕਾਂ ਨੂੰ ਪੂਰੀ ਤਰ੍ਹਾਂ ਘਰਾਂ ਵਿੱਚ ਡੱਕਣ ਵਿੱਚ ਕਾਮਯਾਬ ਨਹੀਂ ਰਹੀ। ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਲਾਕਡਾਊਨ ਸਫਲ ਨਹੀਂ ਰਿਹਾ ਤਾਂ ਸਰਕਾਰ ਨੂੰ ਇਸ ਨੂੰ ਸਫਲ ਬਨਾਉਣ ਲਈ ਕੀ ਕਰਨਾ ਚਾਹੀਦਾ ਸੀ, ਜਿਸਦਾ ਜਵਾਬ ਮੇਰੀ ਤੁੱਛ ਬੁੱਧੀ ਅਨੁਸਾਰ ਇਸ ਤਰ੍ਹਾਂ ਹੈ। ਸਰਕਾਰ ਨੇ 19 ਮਾਰਚ ਨੂੰ ਐਲਾਨ ਕੀਤਾ ਕਿ 22 ਮਾਰਚ ਨੂੰ ਜਨਤਾ ਕਰਫਿਊ ਹੋਵੇਗਾ। ਸਰਕਾਰ ਨੂੰ ਉਸੇ ਦਿਨ ਐਲਾਨ ਕਰ ਦੇਣਾ ਚਾਹੀਦਾ ਸੀ ਕਿ 26 ਮਾਰਚ ਨੂੰ ਪੂਰੇ ਦੇਸ਼ ਵਿੱਚ ਲਾਕਡਾਊਨ ਹੋਵੇਗਾ ਤੇ ਸਭ ਨੂੰ 25 ਮਾਰਚ ਤੱਕ ਆਪਣੇ ਘਰ ਪਹੁੰਚਣ ਲਈ ਕਹਿ ਦਿੱਤਾ ਜਾਂਦਾ। ਇਸ ਦੌਰਾਨ ਕਾਲਬਜਾਰੀ ਅਤੇ ਜਮਾਂਖੋਰੀ ਤੇ ਬਾਜ ਅੱਖ ਰੱਖੀ ਜਾਂਦੀ। ਇਸ ਸਬੰਧੀ ਸਾਰੇ ਮਹਿਕਮਿਆਂ ਨੂੰ ਤਿਆਰੀਆਂ ਦੇ ਹੁਕਮ ਜਾਰੀ ਕਰ ਦਿੱਤੇ ਜਾਂਦੇ। ਲਾਕਡਾਊਨ ਦੌਰਾਨ ਕਰਿਆਨਾ, ਸਬਜੀ, ਦਵਾਈਆਂ ਅਤੇ ਹੋਰ ਜਰੂਰੀ ਸਮਾਨ ਦੀਆਂ ਦੁਕਾਨਾਂ, ਹਸਪਤਾਲ ਅਤੇ ਸਰਕਾਰੀ ਅਦਾਰੇ ਜਰੂਰੀ ਨਿਯਮਾਂ ਦੇ ਪਾਲਣ ਕਰਵਾ ਕੇ ਖੁਲ੍ਹੇ ਰੱਖੇ ਜਾਂਦੇ ਅਤੇ ਜਰੂਰੀ ਸਮਾਨ ਦੀ ਖਰੀਦੋ ਫਰੋਖਤ ਲਈ ਹਰ ਘਰ ਦੇ ਇੱਕ ਨੌਜਵਾਨ ਮੈਂਬਰ ਨੂੰ ਕਰਫਿਊ ਪਾਸ ਜਾਰੀ ਕੀਤਾ ਜਾਂਦਾ ਤੇ ਹਰ 14 ਦਿਨ ਬਾਦ ਉਸ ਦਾ ਕਰੋਨਾ ਟੈਸਟ ਕਰਕੇ ਪਾਸ ਰਿਨਿਊ ਕੀਤਾ ਜਾਂਦਾ, ਜਿਸ ਨਾਲ ਕਰੋਨਾ ਦੇ ਪਸਾਰ ਬਾਰੇ ਵੀ ਜਾਣਕਾਰੀ ਮਿਲਦੀ ਰਹਿੰਦੀ। ਲਾਕਡਾਊਨ ਦੌਰਾਨ ਸ਼ੱਕੀ ਮਰੀਜਾਂ, ਦੁਕਾਨਦਾਰਾਂ, ਮੁਲਾਜਮਾਂ ਦੇ ਵੱਧ ਤੋਂ ਵੱਧ ਟੈਸਟ ਕੀਤੇ ਜਾਂਦੇ ਤੇ ਮਨੁੱਖੀ ਆਵਾਜਾਈ ਤੇ ਰੋਕ, ਸਰੀਰਕ ਦੂਰੀ ਆਦਿ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਵਾਇਆ ਜਾਂਦਾ। ਲੋਕਾਂ ਨੂੰ ਕਰੋਨਾ ਤੋਂ ਬਚਾਓ ਲਈ ਹਰ ਸੁਰੱਖਿਆ ਸਮਾਨ ਸਸਤੇ ਰੇਟਾਂ 'ਤੇ ਜਾਂ ਮੁਫਤ ਮੁਹੱਈਆ ਕਰਵਾਇਆ ਜਾਂਦਾ ਅਤੇ ਉਨ੍ਹਾਂ ਦੇ ਜਾਗਰੂਕਤਾ ਪੱਧਰ ਨੂੰ ਉਪਰ ਚੁੱਕਿਆ ਜਾਂਦਾ। ਸਰਕਾਰ ਆਪਣੇ ਪੱਧਰ ਤੇ ਇਹ ਯਕੀਨੀ ਬਣਾਉਂਦੀ ਕਿ ਕੋਈ ਨਾਗਰਿਕ ਭੁੱਖਾ ਨਾ ਸੌਂਵੇ। ਐਨ ਜੀ ਓ ਸੰਸਥਾਵਾਂ ਦੇ ਵਲੰਟੀਅਰਾਂ ਨੂੰ ਕਰੋਨਾ ਨਾਲ ਨਿਪਟਣ ਦੀ ਸਿਖਲਾਈ ਅਤੇ ਸੁਰੱਖਿਆ ਸਮਾਨ ਮੁਹੱਈਆ ਕਰਵਾ ਕੇ ਸਹਿਯੋਗ ਲਿਆ ਜਾਂਦਾ। ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲਈ ਹਰ ਤਹਿਸੀਲ ਅਤੇ ਜਿਲਾ ਪੱਧਰ ਤੇ ਹੈਲਪ ਡੈਸਕ ਸਥਾਪਤ ਕੀਤੇ ਜਾਂਦੇ, ਜਿੱਥੇ ਲੰਗਰ, ਰਾਸ਼ਨ, ਵਿਆਹ, ਮੌਤ, ਹੋਰ ਰੋਗਾਂ ਦੇ ਇਲਾਜ, ਐਂਬੂਲੈਂਸ, ਵਾਢੀ ਆਦਿ ਵਿਸ਼ਿਆਂ ਤੇ ਲੋਕਾਂ ਨੂੰ ਹੱਲ ਦਿੱਤੇ ਜਾਂਦੇ।  ਇਸ ਤਰ੍ਹਾਂ ਨਾਲ ਅਸੀਂ ਰਲ ਮਿਲ ਕੇ ਤਿੰਨ ਮਹੀਨੇ ਵਿੱਚ ਆਪਣੇ ਸੂਬੇ ਨੂੰ ਪੂਰੀ ਤਰ੍ਹਾਂ ਕਰੋਨਾ ਮੁਕਤ ਕਰ ਸਕਦੇ ਸੀ।ਸ਼ਾਇਦ ਉਪਰਲੇ ਪੱਧਰ ਤੇ ਜਮੀਨੀ ਹਕੀਕਤਾਂ ਦੀ ਅਣਦੇਖੀ ਕਰੋਨਾ ਮੁਕਤੀ ਵੱਲ ਵਧਦੇ ਪੰਜਾਬ ਨੂੰ ਬਹੁਤ ਪਿੱਛੇ ਧੱਕ ਦੇਵੇਗੀ। ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਿਊਰੋਕਰੇਸੀ ਵਿੱਚ ਬਹੁਤ ਸਾਰੇ ਸੂਝਵਾਨ ਲੋਕ ਬੈਠੇ ਹਨ ਪਰ ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਅਜਿਹੇ ਸਮੇਂ ਵਿੱਚ ਅਸਲ ਮੁੱਦੇ ਤੋਂ ਭਟਕ ਕੇ ਕੀਤਾ ਗਿਆ ਹਰ ਕੰਮ ਸਾਨੂੰ ਵੱਡੇ ਖਤਰੇ ਵਿੱਚ ਪਾ ਸਕਦਾ ਹੈ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਦੁਸ਼ਮਣ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖੋ ਕਿ ਕਿਵੇਂ ਉਹ ਤੁਹਾਡੀ ਇੱਕ ਗਲਤੀ ਦੀ ਉਡੀਕ ਵਿੱਚ ਘਾਤ ਲਗਾ ਕੇ ਬੈਠਾ ਹੈ।ਉਮੀਦ ਹੈ ਕਿ ਤੁਸੀਂ ਸਭ ਮੇਰੀ ਇਸ ਪੋਸਟ ਦੀ ਭਾਵਨਾ ਨੂੰ ਸਮਝੋਗੇ। ਰਹੀ ਗੱਲ ਮੇਰੇ ਵਿਚਾਰਾਂ ਦੀ, ਐਹੋ ਜੇ ਹੱਲ ਤਾਂ ਹੁਣ ਹਰ ਨਾਗਰਿਕ ਦੱਸ ਸਕਦਾ ਹੈ, ਕਿਉਂਕਿ ਉਹ ਪਿੰਡੇ ਤੇ ਝੱਲ ਰਹੇ ਹਨ ਪਤਾ ਨਹੀਂ ਉਪਰਲਿਆਂ ਨੂੰ ਸਮਝ ਕਦੋਂ ਆਊਗੀ।

ਮਹਿੰਦਰ ਪਾਲ ਲੂੰਬਾ 
9417230506