ਕਰੋਨਾ ਮੁਕਤ 4 ਮਰੀਜ਼ਾਂ ਨੂੰ ਹਸਪਤਾਲ ਤੋਂ ਵਿਦਾ ਕਰਨ ਮੌਕੇ ਉੱਚ ਅਧਿਕਾਰੀਆਂ ਦੀ ਗੈਰਹਾਜ਼ਰੀ ’ਤੇ ਖਫ਼ਾ ਹੋਏ ਮੋਗਾ ਦੇ ਵਿਧਾਇਕ, ਕਿਹਾ ,‘‘ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਦੇ ਗੈਰਜ਼ਿੰਮੇਵਾਰਾਨਾ ਵਤੀਰੇ ਕਾਰਨ ਫਰੰਟ ਲਾਈਨ ਯੋਧਿਆਂ ਅਤੇ ਲੋਕਾਂ ਦਾ ਨਹੀਂ ਵਧਾਇਆ ਜਾ ਸਕਿਆ ਉਤਸ਼ਾਹ ’’
ਮੋਗਾ,23 ਅਪਰੈਲ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਕਰੋਨਾ ਪਾਜ਼ਿਟਿਵ 4 ਮਰੀਜ਼ਾਂ ਦੇ ਸਿਹਤਯਾਬ ਹੋਣ ’ਤੇ ਖੁਸ਼ੀ ਜ਼ਾਹਰ ਕਰਦਿਆਂ ਆਖਿਆ ਕਿ ਅੱਜ ਮੋਗਾ ਜ਼ਿਲ੍ਹੇ ਲਈ ਬੇਹੱਦ ਖੁਸ਼ੀ ਦੀ ਗੱਲ ਹੈ ਜਦੋਂ ਕਰੋਨਾ ਵਾਇਰਸ ਤੋਂ ਪੀੜਤ ਮਰੀਜ਼ ਸਿਹਤਯਾਬ ਹੋ ਕੇ ਹਸਪਤਾਲ ‘ਤੋਂ ਡਿਸਚਾਰਜ ਕਰ ਦਿੱਤੇ ਗਏ ਨੇ ਅਤੇ ਮੋਗਾ ਕਰੋਨਾ ਮੁਕਤ ਹੋ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬਾਹਰੋਂ ਕਰੋਨਾ ਪਾਜ਼ਿਟਿਵ ਆਏ ਮਰੀਜ਼ਾਂ ਨੂੰ ਉਚਿੱਤ ਇਲਾਜ ਤੋਂ ਬਾਅਦ ਅਤੇ ਦੁਬਾਰਾ ਕਰਵਾਏ ਗਏ ਟੈਸਟਾਂ ਦੇ ਉਪਰੰਤ ਛੁੱਟੀ ਦਿੱਤੀ ਜਾ ਰਹੀ ਹੈ ਅਤੇ ਅੱਜ ਮੈਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ ਜਦੋਂ ਮੋਗਾ ਤੋਂ ਵੀ ਕਰੋਨਾ ਦੇ ਪੀੜਤ ਸਿਹਤਯਾਬ ਹੋ ਕੇ ਆਪੋ ਆਪਣੇ ਟਿਕਾਣਿਆਂ ’ਤੇ ਜਾਣ ਲਈ ਤਿਆਰ ਹਨ। ਪਰ ਇਸ ਦੇ ਨਾਲ ਨਾਲ ਰੰਜ ਵੀ ਹੈ ਕਿ ਇਸ ਵੱਡੀ ਪ੍ਰਾਪਤੀ ਦੇ ਮੌਕੇ ’ਤੇ ਪ੍ਰਸ਼ਾਸਨ ਨੇ ਸੰਜੀਦਗੀ ਨਹੀਂ ਦਿਖਾਈ ਅਤੇ ਖਾਨਾਪੂਰਤੀ ਕਰਦਿਆਂ ਉਹਨਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ। ਡਾ: ਹਰਜੋਤ ਨੇ ਕਿਹਾ ਕਿ ਕਰੋਨਾ ਤੋਂ ਮੁਕਤੀ ਸਿਰਫ਼ ਮੋਗਾ ਜ਼ਿਲ੍ਹੇ ਲਈ ਹੀ ਖੁਸ਼ੀ ਦੀ ਗੱਲ ਨਹੀਂ ਬਲਕਿ ਇਹਨਾਂ ਮਰੀਜ਼ਾਂ ਦੀ ਸਿਹਤਯਾਬੀ ਨੇ ਸਮੁੱਚੀ ਮਨੁੱਖਤਾ ਲਈ ਆਸ ਦੀ ਕਿਰਨ ਜਗਾਈ ਹੈ ਕਿ ਜੋ ਇਨਸਾਨ ਕਰੋਨਾ ਤੋਂ ਪੀੜਤ ਹੁੰਦਾ ਹੈ ਉਸ ਦਾ ਅੰਤ ਸਿਰਫ਼ ਮੌਤ ਨਹੀਂ ਬਲਕਿ ਤੰਦਰੁਸਤ ਹੋ ਕੇ ਆਪਣੀ ਜ਼ਿੰਦਗੀ ‘ਚ ਅੱਗੇ ਵੱਧ ਜਾਣਾ ਵੀ ਹੈ। ਅੱਜ ਦੇ ਉਹ ਪਲ ਜਦੋਂ ਡਾਕਟਰੀ ਅਮਲੇ ਦੀ ਸਖਤ ਮਿਹਨਤ ਉਪਰੰਤ ਇਹ ਮਰੀਜ਼ ਸਿਹਤਯਾਬ ਹੋਏ ਤਾਂ ਇਹਨਾਂ ਨੂੰ ਝੱਟਪੱਟ ਹੀ ਹਸਪਤਾਲੋਂ ਤੋਰ ਦਿੱਤਾ, ਜਦਕਿ ਇਹ ਪਲ ਕੁੱਲ ਦੁਨੀਆਂ ਲਈ ਉਤਸ਼ਾਹ ਵਾਲੇ ਪਲ ਸਾਬਤ ਹੋਣੇ ਸਨ ਪਰ ਪ੍ਰਸ਼ਾਸਨ ਦੇ ਗੈਰਜ਼ਿੰਮੇਵਾਰ ਵਤੀਰੇ ਕਰਕੇ ਇਸ ਦਾ ਸਾਕਾਰਤਮਕ ਸੁਨੇਹਾ ਸਾਰਿਆਂ ਨੂੰ ਨਹੀਂ ਦਿੱਤਾ ਜਾ ਸਕਿਆ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀ ਸਮੁੱਚੀ ਟੀਮ ਵੱਲੋਂ ਆਪਣੀ ਜਾਨ ’ਤੇ ਖੇਡ ਕੇ ਇਹਨਾਂ ਚਾਰਾਂ ਮਰੀਜ਼ਾਂ ਦੀ ਖਿਦਮਤ ਕੀਤੀ ਗਈ ਪਰ ਪ੍ਰਸ਼ਾਸਨ ਵੱਲੋਂ ਯੋਗ ਤਰੀਕੇ ਡਾਕਟਰਾਂ, ਨਰਸਾਂ, ਪੈਰਾਮੈਡੀਕਲ ਸਟਾਫ ਅਤੇ ਸਫਾਈ ਕਰਮੀਆਂ ਦਾ ਉਤਸ਼ਾਹ ਨਹੀਂ ਵਧਾਇਆ ਜਾ ਸਕਿਆ, ਜਿਸ ਦੇ ਉਹ ਹੱਕਦਾਰ ਸਨ। ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਮੋਗਾ , ਸਿਹਤ ਵਿਭਾਗ ਦੀ ਮੁਖੀ ਸਿਵਲ ਸਰਜਨ ਮੋਗਾ ਅਤੇ ਹੋਰ ਉੱਚ ਅਧਿਕਾਰੀਆਂ ਦੇ ਇਸ ਮੌਕੇ ਹਾਜ਼ਰ ਹੋਣ ਨਾਲ ਸਿਹਤ ਵਿਭਾਗ ਦੀ ਟੀਮ ਦਾ ਆਤਮ ਵਿਸ਼ਵਾਸ਼ ਵਧਣਾ ਸੀ। ਉਹਨਾਂ ਕਿਹਾ ਕਿ ਉਹ ਖੁਦ ਅਜਿਹੇ ਪਲਾਂ ਵਿਚ ਹਾਜ਼ਰ ਹੋਣਾ ਚਾਹੁੰਦੇ ਸਨ ਪਰ ਉਹਨਾਂ ਨੂੰ ਸੂਚਿਤ ਹੀ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਪ੍ਰਸ਼ਾਸਨ ਨੇ ਕਰੋਨਾ ਖਿਲਾਫ਼ ਜੰਗ ਦੌਰਾਨ ਨਾ ਸਿਰਫ਼ ਫਰੰਟ ਲਾਈਨ ਯੋਧਿਆ ਨੂੰ ਉਤਸ਼ਾਹਿਤ ਕਰਨ ਦਾ ਮੌਕਾ ਗਵਾਅ ਲਿਆ ਹੈ ਬਲਕਿ ਮਰੀਜ਼ਾਂ ਦੇ ਠੀਕ ਹੋ ਕੇ ਵਿਦਾ ਕਰਨ ਦੇ ਪਲਾਂ ਨੂੰ ਮੀਡੀਆ ਸਾਹਮਣੇ ਲਿਆ ਕੇ ਲੋਕਾਂ ਅੰਦਰ ਆਤਮ ਵਿਸ਼ਵਾਸ਼ ਜਗਾਉਣ ਦੇ ਯਤਨ ਨਾ ਕਰਨ ਦੀ ਕੁਤਾਹੀ ਵੀ ਕੀਤੀ ਹੈ। ਉਹਨਾਂ ਕਿਹਾ ਕਿ ਮੀਡੀਆ ਰਾਹੀਂ ਦਿੱਤੇ ਸਨੇਹੇ ਸਦਕਾ ਮਨੁੱਖਤਾ ਦੀ ਹੌਂਸਲਾਅਫਜ਼ਾਈ ਹੋਣੀ ਸੀ ਕਿ ਕਰੋਨਾ ਤੋਂ ਜਿੱਤਿਆਂ ਜਾ ਸਕਦਾ ਹੈ ਤੇ ਇੰਜ ਲੋਕਾਂ ਦੇ ਟੁੱਟੇ ਹੋਏ ਮਨੋਬਲ ਨੂੰ ਢਾਰਸ ਬੰਨਾਇਆ ਜਾ ਸਕਦਾ ਸੀ। ਇੱਥੇ ਦਸਣਾ ਬਣਦਾ ਹੈ ਕਿ ਪੰਜਾਬ ਵਿੱਚ ਪਿਛਲੇ ਦਿਨੀਂ ਕਰੋਨਾ ਤੋਂ ਡਰੇ 3 ਲੋਕ ਖੁਦਕਸ਼ੀ ਕਰ ਗਏ ਹਨ। ਉਹਨਾਂ ਕਿਹਾ ਕਿ ਜਦੋਂ ਇਹਨਾਂ ਚਾਰਾਂ ਮਰੀਜ਼ਾਂ ਦੀ ਕਰੋਨਾ ਨੈਗੇਟਿਵ ਰਿਪੋਰਟ ਆ ਹੀ ਗਈ ਸੀ ਤਾਂ ਕਿਸੇ ਗੰਭੀਰ ਖਤਰੇ ਵਾਲੀ ਕੋਈ ਗੱਲ ਨਹੀਂ ਸੀ। ਹੋਰ ਤਾਂ ਹੋਰ ਜਦੋਂ ਇਲਾਜ ਵੇਲੇ ਡਾਕਟਰ , ਨਰਸਾਂ ਅਤੇ ਹੋਰ ਸਟਾਫ਼ ਇਹਨਾਂ ਚਾਰਾਂ ਦੇ ਸੰਪਰਕ ਵਿਚ ਰਿਹਾ ਤਾਂ ਉੱਚ ਅਧਿਕਾਰੀਆਂ ਵੱਲੋਂ ਵਿਦਾਇਗੀ ਦੇ ਪਲਾਂ ਵਿਚ ਇਤੀਆਤ ਰਖਦਿਆਂ ਹਾਜ਼ਰ ਰਹਿਣ ਵਿਚ ਕੀ ਹਿੱਚ ਸੀ ?
ਉਨ੍ਹਾਂ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੇ ਯੋਗ ਪ੍ਰਬੰਧਾਂ ਸਦਕਾ ਨਾ ਸਿਰਫ਼ ਮੋਗਾ ਸਰਕਾਰੀ ਹਸਪਤਾਲ ‘ਚ ਡਿੳੂਟੀ ਨਿਭਾਅ ਰਹੇ ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ਼ ਨੇ ਅਣਥੱਕ ਮਿਹਨਤ ਕਰਦਿਆਂ ਫਰੰਟ ਲਾਈਨ ਯੋਧਿਆਂ ਵਾਂਗ ਇਹਨਾਂ ਮਰੀਜ਼ਾਂ ਦੇ ਠੀਕ ਹੋਣ ਤੱਕ ਸੇਵਾ ਕੀਤੀ ਬਲਕਿ ਇਸ ਨਾਲ ਆਮ ਲੋਕਾਂ ਅੰਦਰ ਸਰਕਾਰੀ ਹਸਪਤਾਲਾਂ, ਸਰਕਾਰੀ ਡਾਕਟਰੀ ਅਮਲੇ ਅਤੇ ਸਰਕਾਰੀ ਤੰਤਰ ਪ੍ਰਤੀ ਭਰੋਸੇਯੋਗਤਾ ਵੀ ਵਧੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੁੱਖਮੰਤਰੀ ਪੰਜਾਬ ਕੈਪਟਨ ਸਾਹਿਬ ਨੇ ਆਪ ਖੁਦ ਮੋਗਾ ਦੇ ਇਸ ਸਰਕਾਰੀ ਹਸਪਤਾਲ ਦੀ ਇੱਕ ਸਟਾਫ਼ ਨਰਸ ਪਵਨ ਨਾਲ ਉਸਦੇ ਫੋਨ ’ਤੇ ਵੀਡਿਓ ਕਾਲ ਕਰ ਕੇ ਉਸਦੀ ਅਤੇ ਸਮੁੱਚੇ ਸਿਹਤ ਵਿਭਾਗ ਦੀ ਕੀਤੀ ਹੌਂਸਲਾਅਫਜ਼ਾਈ ਦਰਸਾਉਂਦੀ ਹੈ ਕਿ ਸਾਡੇ ਮੁੱਖਮੰਤਰੀ ਨੂੰ ਫ਼ਰੰਟ ਲਾਈਨ ਤੇ ਲੜਦੇ ਆਪਣੇ ਯੋਧਿਆਂ ਦਾ ਕਿੰਨਾ ਫ਼ਿਕਰ ਹੈ ਤੇ ਓਹ ਜਾਣਦੇ ਹਨ ਕਿ ਲੜਾਈ ਕੇਵਲ ਹਥਿਆਰਾਂ ਨਾਲ ਹੀ ਨਹੀਂ, ਹੌਂਸਲੇ ਨਾਲ ਵੀ ਲੜੀ ਜਾਂਦੀ।
ਮੈਂ ਉਨ੍ਹਾਂ 4 ਕਰੋਨਾ ਤੋਂ ਤੰਦਰੁਸਤ ਹੋਏ ਸਾਥੀਆਂ ਨੂੰ ਮੁਬਾਰਿਕ ਤੇ ਸ਼ੁੱਭਕਾਮਨਾਵਾਂ ਦਿੰਦਿਆਂ ਹੋਇਆਂ ਆਪਣੇ ਮੋਗਾ ਵਾਸੀਆਂ ਤੇ ਕੁੱਲ ਮਨੁੱਖਤਾ ਦੀ ਅਰੋਗਤਾ ਤੇ ਚੜ੍ਹਦੀ ਕਲ੍ਹਾ ਲਈ ਅਰਦਾਸ ਤੇ ਕਾਮਨਾ ਕਰਦਾ ਹਾਂ।