ਲੋਕਾਂ ਨੂੰ ਜਰੂਰੀ ਸੇਵਾਵਾਂ ਦੇਣ ਦੀ ਬਜਾਏ ਸ਼ਰਾਬ ਪਰੋਸਣ ਦੀ ਤਿਆਰੀ ‘ਚ ਕੈਪਟਨ ਸਰਕਾਰ - ਗਿੱਲ

ਮੋਗਾ,22 ਅਪ੍ਰੈਲ (ਜਸ਼ਨ): ਕੈਪਟਨ ਅਮਰਿੰਦਰ ਸਿੰਘ ਆਪਣੇ ਸ਼ਰਾਬੀ ਨਾਗਰਿਕਾਂ ਪ੍ਰਤੀ ਜਿੰਨੀ ਜਿੰਮੇਵਾਰੀ ਨਾਲ ਕੰਮ ਕਰ ਰਹੇ ਹਨ, ਜੇਕਰ ਉਸਦਾ 10 ਪ੍ਰਤੀਸ਼ਤ ਵੀ ਆਮ ਲੋਕਾਂ ਦੀਆਂ ਜਰੂਰਤਾਂ ਪੂਰੀਆਂ ਕਰਨ ਸਬੰਧੀ ਜਿੰਮੇਵਾਰੀ ਦਿਖਾਉਂਦੇ ਤਾਂ ਅੱਜ ਪੰਜਾਬ ਵਿੱਚ ਕੋਈ ਵੀ ਪਰਿਵਾਰ ਭੁੱਖਾ ਸੌਣ ਲਈ ਮਜਬੂਰ ਨਾ ਹੁੰਦਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਰੂਰਲ ਐਨ ਜੀ ਓ ਮੋਗਾ ਦੇ ਪ੍ਰਧਾਨ ਦਵਿੰਦਰਜੀਤ ਸਿੰਘ ਗਿੱਲ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਦੀ ਮੁੱਖ ਸਮੱਸਿਆ ਭੁੱਖ ਹੈ, ਜਿਸ ਦੇ ਹੱਲ ਲਈ ਸਰਕਾਰ ਨੂੰ ਦਿੱਲੀ ਮਾਡਲ ਦੀ ਨਕਲ ਕਰਨ ਦੀ ਜ਼ਰੂਰਤ ਸੀ, ਜੇਕਰ ਦੇਸ਼ ਦੇ ਗ੍ਰਹਿ ਮੰਤਰੀ ਤੋਂ ਦੁਕਾਨਾਂ ਖੋਲ੍ਹਣ ਦੀ ਮੰਗ ਕਰਨਾ ਚਾਹੁੰਦੇ ਸਨ ਤਾਂ ਉਹਨਾਂ ਨੂੰ ਦਵਾਈਆਂ, ਰਾਸ਼ਨ ਅਤੇ ਹੋਰ ਜਰੂਰੀ ਸਮਾਨ ਦੀਆਂ ਦੁਕਾਨਾਂ ਖੋਲ੍ਹਣ ਦੀ ਮੰਗ ਕਰਨੀ ਚਾਹੀਦੀ ਸੀ ਉਲਟਾ ਰੈਵੇਨਿਊ ਪੈਦਾ ਕਰਨ ਦਾ ਤਰਕ ਦੇ ਕੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮੰਗ ਕਰਕੇ ਸਰਕਾਰ ਨੇ ਜਿੱਥੇ ਆਪਣੇ ਮਾਨਸਿਕ ਦਿਵਾਲੀਏਪਣ ਦਾ ਪ੍ਰਗਟਾਵਾ ਕੀਤਾ ਹੈ, ਉਥੇ ਪੂਰੇ ਸੰਸਾਰ ਵਿੱਚ ਪੰਜਾਬੀਆਂ ਨੂੰ ਸ਼ਰਾਬੀ ਦਿਖਾ ਕੇ ਬਦਨਾਮ ਵੀ ਕੀਤਾ ਹੈ। ਉਹਨਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਸਰਕਾਰ ਪ੍ਰਾਈਵੇਟ ਹਸਪਤਾਲਾਂ ਨੂੰ ਖੋਲ੍ਹਣ ਦੇ ਹੁਕਮ ਸਖਤੀ ਨਾਲ ਲਾਗੂ ਕਰੇ ਤਾਂ ਜੋ ਇਲਾਜ ਖੁਣੋਂ ਮਰ ਰਹੇ ਲੋਕਾਂ ਨੂੰ ਕੁੱਝ ਰਾਹਤ ਮਿਲੇ। ਸਰਕਾਰ ਨੂੰ ਚਾਹੀਦਾ ਹੈ ਕਿ ਜੋ ਜਿਲੇ ਗਰੀਨ ਜੋਨ ਵਿੱਚ ਹਨ, ਉਥੇ ਫੈਕਟਰੀਆਂ,ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਨੂੰ ਖੋਲ੍ਹਣ ਲਈ ਉਪਰਾਲੇ ਕਰੇ ਅਤੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏ ਅਤੇ ਜਿਨਾਂ ਜਿਲਿਆਂ ਵਿੱਚ ਇਹ ਅਦਾਰੇ ਨਹੀਂ ਖੋਲ੍ਹੇ ਜਾ ਸਕਦੇ, ਉਥੋਂ ਦੇ ਲੋਕਾਂ ਦੀ ਆਰਥਿਕ ਸਹਾਇਤਾ ਕਰੇ ਤਾਂ ਜੋ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਕੁੱਝ ਰਾਹਤ ਮਿਲੇ।


