ਕਰੋਨਾ ਦੀ ਮਹਾਂਮਾਰੀ 'ਤੇ ਬਾਜ਼ ਅੱਖ ਰੱਖੇਗਾ ਪੰਜਾਬ ਸਰਕਾਰ ਦਾ ਕੋਵਾ ਮੋਬਾਇਲ ਐਪ, ਸਿਹਤ ਕਰਮਚਾਰੀ ਘਰ^ਘਰ ਜਾ ਕੇ ਦੇਣਗੇ ਐਪ ਵਰਤਣ ਦੀ ਸਿਖਲਾਈ: ਡਾ: ਭਾਟੀਆ

ਅਜੀਤਵਾਲ, 21 ਅਪ੍ਰੈਲ:(ਜਸ਼ਨ):: ਵਿਸ਼ਵ ਪੱਧਰ *ਤੇ ਭਿਆਨਕ ਰੂਪ ਧਾਰਨ ਕਰ ਰਹੀ ਕਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਿੱਥੇ ਪਹਿਲਾਂ ਹੀ ਵਿਆਪਕ ਯਤਨ ਵਿੱਢੇ ਹੋਏ ਹਨ, ਉੱਥੇ ਇੰਨ੍ਹਾਂ ਵਿੱਚ ਹੋਰ ਨਿਵੇਕਲਾ ਵਾਧਾ ਕਰਦਿਆਂ ਹੁਣ ਸਰਕਾਰ ਨੇ ਕੋਵਾ ਨਾਮਕ ਮੋਬਾਇਲ ਐਪ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ. ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਐਚ.ਸੀ. ਢੁੱਡੀਕੇ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨੀਲਮ ਭਾਟੀਆ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਮੰਤਰੀ ਮਾਣਯੋਗ ਬਲਬੀਰ ਸਿੰਘ ਸਿੱਧੂ ਦੇ ਯਤਨਾਂ ਰਾਹੀਂ ਸ਼ੁਰੂ ਕੀਤੇ ਜਾ ਰਹੇ ਇਸ ਐਪ ਰਾਹੀਂ ਜਿੱਥੇ ਸਿਹਤ ਕਰਮਚਾਰੀ ਲੋਕਾਂ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾ ਸਕਣਗੇ. ਉੱਥੇ ਹੀ ਇਸ ਰਾਹੀਂ ਇਕਾਂਤਵਾਸ ਵਿੱਚ ਭੇਜੇ ਜਾਣ ਵਾਲੇ ਸ਼ੱਕੀ ਕਰੋਨਾ ਮਰੀਜਾਂ *ਤੇ ਇਹ ਨਜ਼ਰ ਵੀ ਰੱਖੀ ਜਾ ਸਕੇਗੀ ਕਿ ਕੀ ਉਕਤ ਮਰੀਜ਼ ਇਕਾਂਤਵਾਸ ਦੇ ਨਿਯਮਾਂ ਦਾ ਸਹੀ ਪਾਲਣ ਕਰ ਰਿਹਾ ਹੈ ਅਤੇ ਕਿਸੇ ਆਮ ਵਿਅਕਤੀ ਦੇ ਸੰਪਰਕ ਵਿੱਚ ਤਾਂ ਨਹੀਂ ਆ ਰਿਹਾ.ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਉਕਤ ਸਹੂਲਤਾਂ ਤੋਂ ਇਲਾਵਾ ਐਮਰਜੈਂਸੀ ਦੌਰਾਨ ਡਾਕਟਰੀ ਸਹਾਇਤਾ ਲੈਣ, ਕਰੋਨਾ ਦੇ ਇਲਾਜ਼ ਲਈ ਨੇੜੇ ਦੇ ਹਸਪਤਾਲ ਦੀ ਜਾਣਕਾਰੀ ਲੈਣ ਸਮੇਤ ਲੋੜ ਪੈਣ *ਤੇ ਕਰਫਿਊ ਪਾਸ ਬਣਾਉਣ ਤੱਕ ਆਦਿ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ.ਇਸ ਮੌਕੇ ਬੋਲਦਿਆਂ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਇਸ ਐਪ ਨੂੰ ਚਲਾਉਣ ਲਈ ਵਿਭਾਗ ਦੇ ਸਮੂਹ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਅਤੇ ਹੋਰ ਕਰਮਚਾਰੀਆਂ ਨੂੰ ਲੋੜੀਂਦੀ ਸਿਖਲਾਈ ਦਿੱਤੀ ਜਾ ਰਹੀ ਹੈ. ਜੋ ਫੀਲਡ ਵਿੱਚ ਜਾ ਕੇ ਇਸ ਐਪ ਸਬੰਧੀ ਆਮ ਲੋਕਾਂ ਸਮੇਤ ਇਕਾਂਤਵਾਸ ਵਿੱਚ ਭੇਜੇ ਗਏ ਸ਼ੱਕੀ ਮਰੀਜਾਂ ਨੂੰ ਇਹ ਜਾਣਕਾਰੀ ਮੁਹੱਈਆ ਕਰਵਾਉਣਗੇ.ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਸ਼ੱਕੀ ਮਰੀਜ਼ ਦੇ ਜ਼ਿਆਦਾ ਸੰਪਰਕ ਵਿੱਚ ਆਉਣ ਤੋਂ ਬਚ ਕੇ ਉਸ *ਤੇ ਲਗਾਤਾਰ ਨਜ਼ਰ ਬਣਾਈ ਰੱਖਣ ਵਿੱਚ ਵੱਡੀ ਸਹਾਇਤਾ ਮਿਲੇਗੀ.ਫਾਰਮੇਸੀ ਅਫ਼ਸਰ ਰਾਜ ਕੁਮਾਰ ਨੇ ਦੱਸਿਆ ਕਿ ਇਸ ਐਪ ਰਾਹੀਂ ਸੂਬੇ ਵਿੱਚ ਕਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਜਾਣਕਾਰੀ ਹਾਸਿਲ ਕਰਨ ਤੋਂ ਇਲਾਵਾ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਹੋਰ ਸਹੂਲਤਾਂ ਦੀ ਜਾਣਕਾਰੀ ਵੀ ਹਾਸਿਲ ਕੀਤੀ ਜਾ ਸਕੇਗੀ.ਉਨ੍ਹਾਂ ਦੱਸਿਆ ਕਿ ਬਲਾਕ ਢੁੱਡੀਕੇ ਵਿੱਚ ਹੁਣ ਤੱਕ ਸ਼ੱਕੀ ਪਾਏ ਗਏ ਸਾਰੇ ਹੀ ਮਰੀਜਾਂ ਦੀ ਰਿਪੋਰਟ ਤਸੱਲੀਬਖਸ਼ ਆਈ ਹੈ. ਉਨ੍ਹਾਂ ਕਿਹਾ ਕਿ ਬਲਾਕ ਦੀਆਂ ਸਾਰੀਆਂ ਟੀਮਾਂ ਬੜੀ ਤਨਦੇਹੀ ਨਾਲ ਇਸ ਬਚਾਅ ਕਾਰਜ਼ ਵਿੱਚ ਜੁਟੀਆਂ ਹੋਈਆਂ ਹਨ.ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡੀਕਲ ਅਫ਼ਸਰ ਡਾਕਟਰ ਸਾਕਸ਼ੀ ਬਾਂਸਲ, ਡਾਕਟਰ ਸਾਹਿਲ ਮਿੱਤਲ, ਸੀਨੀਅਰ ਫਾਰਮੇਸੀ ਅਫ਼ਸਰ ਚਮਕੌਰ ਸਿੰਘ,ਫਾਰਮੇਸੀ ਅਫ਼ਸਰ ਗੁਰਮੀਤ ਸਿੰਘ, ਸੀਨੀਅਰ ਸਹਾਇਕ ਜਸਵਿੰਦਰ ਸਿੰਘ, ਐਮ.ਐਲ.ਟੀ. ਪਰਮਜੀਤ ਸਿੰਘ, ਐਲ.ਐਚ.ਵੀ. ਜਗਜੀਤ ਕੌਰ, ਬੀ.ਐਸ.ਏ. ਅਮਨਦੀਪ ਕੌਰ, ਕੰਪਿਊਟਰ ਆਪਰੇਟਰ ਮਨਪ੍ਰੀਤ ਕੌਰ, ਨਰਸਿੰਗ ਅਫ਼ਸਰ ਸੁਖਜੀਤ ਕੌਰ ਆਦਿ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ.


