ਵਿਧਾਇਕ ਡਾ: ਹਰਜੋਤ ਕਮਲ ਨੇ ਕਣਕ ਦੀ ਆਮਦ ਨੂੰ ਲੈ ਕੇ ਪ੍ਰਬੰਧਾਂ ਦਾ ਲਿਆ ਜਾਇਜ਼ਾ,ਕਿਹਾ ‘‘ਪੰਜਾਬ ਸਰਕਾਰ ਨੇ ਕਿਸਾਨਾਂ ਦਾ ਦਾਣਾ ਦਾਣਾ ਜਿਣਸ ਚੁੱਕਣ ਲਈ ਪੂਰਾ ਪ੍ਰੋਗਰਾਮ ਉਲੀਕਿਆ ਹੈ’’

Tags: 

ਮੋਗਾ,17 ਅਪਰੈਲ (ਜਸ਼ਨ): ਕਰੋਨਾ ਵਾਇਰਸ ਦੇ ਸੰਕਰਮਣ ਤੋਂ ਬਚਾਅ ਲਈ ਸਮੁੱਚੇ ਦੇਸ਼ ਵਿਚ ਦੂਜੀ ਵਾਰ ਸ਼ੁਰੂ ਹੋਏ ਲੌਕਡਾਊਨ ਅਤੇ ਸੂਬੇ ਵਿਚ ਲੱਗੇ ਕਰਫਿਊ ਦੇ ਮੱਦੇਨਜ਼ਰ ਮੋਗਾ ਜ਼ਿਲ੍ਹੇ ਵਿਚ ਸਥਿਤੀ ’ਤੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਹਨਾਂ ਅੱਜ ਮਾਰਕੀਟ ਕਮੇਟੀ ਦੇ ਦਫਤਰ ਵਿਖੇ ਸਮਾਜਿਕ ਦੂਰੀ ਨੂੰ ਕਾਇਮ ਰੱਖਦਿਆਂ ਕਣਕ ਦੀ ਆਮਦ ਨੂੰ ਲੈ ਕੇ ਕਿਸਾਨਾਂ ਦੀ ਸਹੂਲਤ ਲਈ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ । ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਮਪਾਲ ਧਵਨ ,ਵਾਈਸ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ,ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਅਤੇ ਮੈਂਬਰ ਮਾਰਕੀਟ ਕਮੇਟੀ ਕਮਲਜੀਤ ਕੌਰ ਧੱਲੇਕੇ,ਹਰਿੰਦਰ ਸਿੰਘ ਟਿੰਕੂ ,ਕੇਵਲ ਸਿੰਘ ਕਾਹਨ ਸਿੰਘ ਵਾਲਾ,ਸੁਖਦੇਵ ਸਿੰਘ ਗਿੱਲ ਚੋਟੀਆਂ ਕਲਾਂ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਅਤੇ ਚਰਨਜੀਤ ਕੌਰ ਲੰਢੇਕੇ, ਮੰਡੀ ਅਧਿਕਾਰੀ , ਸੈਕਟਰੀ ਵਜੀਰ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ । ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਦੇਸ਼ ਦੇ ਵੱਡੇ ਘਰਾਣੇ ਅਦਾਨੀ ਵੱਲੋਂ ਬਹੁਤ ਵੱਡਾ ਯੋਗਦਾਨ ਦਿੱਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਮੋਗੇ ਦੀਆਂ ਕੁੱਲ 20 ਮੰਡੀਆਂ ਹਨ ਅਤੇ ਜ਼ਿਲ੍ਹੇ ਵਿਚੋਂ ਆਉਣ ਵਾਲੀ ਜਿਣਸ ਦਾ ਲਗਭਗ  9 ਲੱਖ ਕੁਇੰਟਲ ਕਣਕ (18 ਲੱਖ ਗੱਟਾ) ਅਦਾਨੀ ਗਰੁੱਪ ਵੱਲੋਂ ਲਿਆ ਜਾਣਾ ਹੈ ਜੋ ਕਿ ਕਿਸਾਨਾਂ ਨੂੰ ਇਕ ਬਹੁਤ ਵੱਡੀ ਰਾਹਤ ਦੇਵੇਗਾ। ਉਹਨਾਂ ਕਿਹਾ ਬਾਕੀ ਰਹੀ ਜਿਣਸ ਦੇ ਵੀ ਯੋਗ ਪ੍ਰਬੰਧ ਕਰ ਲਏ ਗਏ ਹਨ। ਉਹਨਾਂ ਕਿਹਾ ਸਾਰੀਆਂ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋਂ ਪਾਣੀ ,ਸਾਫ਼ ਸਫ਼ਾਈ ,ਸੈਨੀਟਾਈਜੇਸ਼ਨ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ । ਡਾ: ਹਰਜੋਤ ਕਮਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰਾਂ ਦੀ ਘਬਰਹਾਟ ਵਿਚ ਨਾ ਆਉਣ ਅਤੇ ਕਣਕ ਨੂੰ ਸੁਕਾ ਕੇ ਮੰਡੀ ਵਿਚ ਲਿਆਉਣ । ਉਹਨਾਂ ਕਿਹਾ ਕਿ ਜਿਸ ਕਿਸਾਨ ਦੀ ਜਿਣਸ ਵਿਚ ਨਮੀ 12 ਪ੍ਰਤੀਸ਼ਤ ਤੋਂ ਵੱਧ ਹੋਵੇਗੀ ਉਸ ਨੂੰ ਵੱਧ ਸਮਾਂ ਮੰਡੀਆਂ ਵਿਚ ਬੈਠਣਾ ਪੈ ਸਕਦਾ ਹੈ । ਉਹਨਾਂ ਇਹ ਵੀ ਆਖਿਆ ਕਿ ਮੰਡੀਆਂ ਵਿਚ ਪਈ ਕਣਕ ਦੀ ਲਿਫਟਿੰਗ ਤੁਰੰਤ ਕਰਵਾ ਕੇ ਮੋਗਾ ਨੇੜਲੇ ਸ਼ੈਲਰਾਂ ਵਿਚ ਰਖਵਾਉਣ ਦੀ ਤਜਵੀਜ਼ ਪਾਸ ਹੋ ਚੁੱਕੀ ਹੈ।  ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਦਾਣਾ ਦਾਣਾ ਜਿਣਸ ਚੁੱਕਣ ਲਈ ਪੂਰਾ ਪ੍ਰੋਗਰਾਮ ਉਲੀਕਿਆ ਹੋਇਆ ਹੈ । ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਉਹ ਕਣਕ ਨੂੰ ਮੰਡੀਆਂ ਵਿਚ ਲਿਆਉਣ ਵੇਲੇ ਆਪਸੀ ਸਮਾਜਿਕ ਦੂਰੀ ਦੇ ਸਿਧਾਂਤ ਨੂੰ ਅਪਨਾਉਣ ਤਾਂ ਕਿ ਕਰੋਨਾ ਲਈ ਲਗਾਏ ਗਏ ਲੌਕਡਾਊਨ ਨੂੰ ਵੀ ਧਿਆਨ ਵਿਚ ਰੱਖਦਿਆਂ ਆਪਾਂ ਇਸ ਭਿਆਨਕ ਬੀਮਾਰੀ ਤੋੋਂ ਬਚੇ ਰਹੀਏ।