ਕਰਫਿਊ ਦੌਰਾਨ ਦਿਨ ਰਾਤ ਲੰਗਰ ਦੀ ਸੇਵਾ ਨਿਭਾਅ ਰਹੇ ਨੇ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲੇ ਅਤੇ ਉਹਨਾਂ ਦੇ ਸੇਵਕ

Tags: 

ਮੋਗਾ ,15 ਅਪਰੈਲ (ਜਸ਼ਨ) : ਕਰੋਨਾ ਕਹਿਰ ਨੇ ਜਿੱਥੇ ਕੁੱਲ ਦੁਨੀਆਂ ਨੂੰ ਦਹਿਸ਼ਤ ‘ਚ ਪਾਇਆ ਹੋਇਆ ਹੈ ਅਤੇ ਲੋਕ ਡਰ ਕੇ ਘਰਾਂ ‘ਚ ਦੁਬਕ ਕੇ ਬੈਠਣ ਨੂੰ ਮਜਬੂਰ ਹੋਏ ਹਨ ਉੱਥੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਦੀ ਦੇਖ ਰੇਖ ਵਿਚ ਉਹਨਾਂ ਦੇ ਸੇਵਕਾਂ ਵੱਲੋਂ ਤਨਦੇਹੀ ਨਾਲ ਲੰਗਰ ਤਿਆਰ ਕਰਕੇ ਗਰੀਬ ਲੋਕਾਂ ’ਚ ਵੰਡਿਆ ਜਾ ਰਿਹਾ ਹੈ ਅਤੇ ਇਹ ਲੰਗਰ ਉਸ ਦਿਨ ਤੋਂ ਹੀ ਸ਼ੁਰੂ ਹਨ ਜਦੋਂ ਤੋਂ ਲੌਕ ਡਾਊਨ ਦੀ ਪਰਿਕਿਰਿਆ ਆਰੰਭੀ ਗਈ ਸੀ।

ਮੋਗਾ ਜ਼ਿਲ੍ਹੇ ਦੇ ਵੱਖ ਵੱਖ ਖੇਤਰਾਂ ਵਿਚ ਵੀ ਇਹਨਾਂ ਸੇਵਕਾਂ ਵੱਲੋਂ ਤਨਦੇਹੀ ਨਾਲ ਸੇਵਾ ਕੀਤੀ ਜਾ ਰਹੀ ਹੈ। ਇਸ ਸੇਵਾ ਲਈ ਸੰਤ ਬਾਬਾ ਫਤਿਹ ਸਿੰਘ ਖੋਸਾ ਕੋਟਲਾ ਤੋਂ ਵਰੋਸਾਏ ਸੰਤ ਬਾਬਾ ਗੁਰਮੀਤ ਸਿੰਘ ਦੀ ਅਗਵਾਈ ਵਿਚ ਲੰਗਰ ਤਿਆਰ ਕਰਕੇ ਹਰ ਰੋਜ਼ ਲੋੜਵੰਦ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ । ਲੰਗਰ ਤਿਆਰ ਕਰਨ ਲਈ ਅਨੇਕਾਂ ਸੇਵਕ ਦਿਨ ਰਾਤ ਪਿੰਡ ਦੁੱਨੇਕੇ ਦੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਨਿਭਾਉਂਦੇ ਹਨ ਅਤੇ ਲੰਗਰ ਤਿਆਰ ਹੋਣ ਉਪਰੰਤ ਜੀਪਾਂ ਅਤੇ ਹੋਰ ਵਾਹਨਾਂ ਵਿਚ ਲੰਗਰ ਰੱਖ ਕੇ ਝੁੱਗੀਆਂ ਝੌਪੜੀਆਂ ਅਤੇ ਪਿੰਡਾਂ ਦੇ ਲੋੜਵੰਦ ਲੋਕਾਂ ਨੂੰ ਵਰਤਾਇਆ ਜਾਂਦਾ ਹੈ।

ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਗੁਰੂ ਨਾਨਕ ਸਾਹਿਬ ਵੱਲੋਂ ਦੀਨ ਦੁਖੀਆਂ ਲਈ ਆਰੰਭੀ ਲੰਗਰ ਦੀ ਪ੍ਰਥਾ ਨਿਰੰਤਰ ਜਾਰੀ ਹੈ ਅਤੇ ਹੁਣ ਵੀ ਬੇਸ਼ੱਕ ਅਸੀਂ ਪੰਜਾਬੀ ਪ੍ਰੀਖਿਆ ਦੀ ਘੜੀ ਵਿਚੋਂ ਲੰਘ ਰਹੇ ਹਾਂ ਪਰ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਲੋੜਵੰਦਾਂ ਦੀ ਸੇਵਾ ਸਿੱਖ ਪੰਥ ਦੇ ਹਿੱਸੇ ਆਈ ਹੈ ।