ਕੌਂਸਲਰ ਪਰੇਮ ਕੁਮਾਰ ਚੱਕੀਵਾਲਾ ਨੇ ਵਾਰਡ ਨੰਬਰ 15 ‘ਚ ਸਫਾਈ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ

Tags: 

ਮੋਗਾ,15 ਅਪਰੈਲ (ਜਸ਼ਨ): ‘‘ਸਮੁੱਚੇ ਦੇਸ਼ ਵਿਚ ਸਫਾਈ ਸੇਵਕਾਂ ਵੱਲੋਂ ਨਿਰਵਿਘਨ ਸੇਵਾ ਕਰਨ ਸਦਕਾ ਅਸੀਂ ਕਰੋਨਾ ਵਰਗੀ ਮਹਾਂਮਾਰੀ ਤੋਂ ਨਿਜਾਤ ਪਾ ਸਕਦੇ ਹਾਂ ਕਿਉਂਕਿ ਆਲੇ ਦੁਆਲੇ ਦੀ ਸਫ਼ਾਈ ਰੱਖਣ ਨਾਲ ਅਸੀਂ ਇਸ ਬੀਮਾਰੀ ਦੇ ਫੈਲਾਅ ਤੋਂ ਮੁਕਤੀ ਸਕਦੇ ਹਾਂ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਾਰਡ ਨੰਬਰ 15 ‘ਚ ਸਫਾਈ ਕਰ ਰਹੇ ਕਰਮਚਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਕੌਂਸਲਰ ਪਰੇਮ ਕੁਮਾਰ ਚੱਕੀ ਵਾਲਾ ਨੇ ਕੀਤਾ। ਉਹਨਾਂ ਸਫ਼ਾਈ ਕਰਮਚਾਰੀਆਂ ਦਾ ਹੌਂਸਲਾ ਅਫ਼ਜਾਈ ਕਰਦਿਆਂ ਆਖਿਆ ਕਿ ਅੱਜ ਕੋਰੋਨਾ ਵਾਇਰਸ ਮਹਾਂਮਾਰੀ ਨੇ ਸਾਰੇ ਸੰਸਾਰ ਚ ਪੈਰ ਪਸਾਰੇ ਹਨ ਤੇ ਦੁਨੀਆਂ ਦੇ ਕਾਫ਼ੀ ਦੇਸ਼ਾਂ ‘ਚ ਇਸ ਮਹਾਂਮਾਰੀ ਨੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ ‘ਚ ਮਨੁੱਖੀ ਜਾਨਾਂ ਲਈਆਂ ਹਨ। ਉਹਨਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਬੜੀ ਸੂਝ ਬੁਝ ਵਰਤਦਿਆਂ ਹੋਇਆਂ ਸਾਰੇ ਹਿੰਦੋਸਤਾਨ ‘ਚ ਲੌਕ ਡਾੳੂਨ ਕੀਤਾ ਅਤੇ ਓਸੇ ਤਰਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਿੰਘ ਨੇ ਸਾਰੇ ਸੂਬਿਆਂ ਤੋਂ ਪਹਿਲਾਂ ਪੰਜਾਬ ‘ਚ ਕਰਫਿਊ ਲਗਾ ਕੇ ਕੋਸ਼ਿਸ਼ ਕੀਤੀ ਕਿ ਇਸ ਮਹਾਂਮਾਰੀ ਨਾਲ ਮਨੱੁਖੀ ਜਾਨਾਂ ਦਾ ਘੱਟ ਤੋਂ ਘੱਟ ਨੁਕਸਾਨ ਹੋਵੇ । ਉਹਨਾਂ ਕਿਹਾ ਕਿ ਜੋ ਲੋਕ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਹੁਕਮਾਂ ਮੁਤਾਬਕ ਲੌਕ ਡਾਊਨ ਨੂੰ ਸਫ਼ਲ ਕਰਨ ਲਈ ਘਰਾਂ ਵਿਚ ਬੈਠੇ ਪਰ ਡਾਕਟਰੀ ਕਿੱਤੇ ਨਾਲ ਜੁੜੇ ਲੋਕ ਅਤੇ ਪੁਲਿਸ ਬਲ ਸਾਡੇ ਲਈ ਬੇਹੱਦ ਖਾਸ ਹਨ ਅਤੇ ਸਾਨੂੰ ਘਰਾਂ ਵਿਚ ਰਹਿ ਕੇ ਇਹਨਾਂ ਖਾਸ ਲੋਕਾਂ ਲਈ ਤੰਦਰੁਸਤੀ ਦੀ ਕਾਮਨਾ ਕਰਨੀ ਚਾਹੀਦੀ ਹੈ । ਚੱਕੀਵਾਲਾ ਨੇ ਆਖਿਆ ਕਿ ਇਸ ਤਰਾਂ ਸਫਾਈ ਸੇਵਾ ਨਾਲ ਜੁੜੇ ਲੋਕ ਬਿਨਾਂ ਆਪਣੇ ਪਰਿਵਾਰਾਂ ਦੀ ਪ੍ਰਵਾਹ ਕਰਦੇ ਹੋਏ ਸਮਾਜ ਦੀ ਸੇਵਾ ਕਰ ਰਹੇ ਅਤੇ ਅੱਜ ਵਾਰਡ ਨੰਬਰ 15 ਦੇ ਵਾਸੀਆਂ ਵਲੋਂ ਸਫਾਈ ਕਰਮਚਾਰੀਆਂ ਦਾ ਉਚੇਚੇ ਤੌਰ ’ਤੇ ਸਨਮਾਨ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਵਾਰਡ ਵਾਸੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਇਸ ਮਹਾਂਮਾਰੀ ਤੋਂ ਸਾਰੇ ਸੰਸਾਰ ਨੂੰ ਬਚਾਵੇ ਤੇ ਜਲਦੀ ਹੀ ਆਪਾਂ ਇਸ ਦੁੱਖ ਅਤੇ ਫਿਕਰ ਵਾਲੀਆਂ ਘੜੀਆਂ ਤੋਂ ਬਾਹਰ ਆ ਸਕੀਏ।