ਮੋਗਾ ਦੀ ਸਟਾਫ ਨਰਸ ਪਵਨਦੀਪ ਕੌਰ ਨਾਲ ਮੁੱਖ ਮੰਤਰੀ ਪੰਜਾਬ ਦੀ ਲਾਈਵ ਗੱਲਬਾਤ ’ਤੇ ਪਵਨ ਹੋਈ ਉਤਸ਼ਾਹਿਤ,ਵਿਧਾਇਕ ਡਾ ਹਰਜੋਤ ਨੇ ਆਖਿਆ ‘‘ਮੇਰੇ ਵੱਲੋਂ ਲਗਾਤਾਰ ਹਸਪਤਾਲ ਜਾ ਕੇ ਸਮੁੱਚੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਦਕਾ ਸਿਹਤ ਕਾਮਿਆਂ ‘ਚ ਜਾਗਿਆ ਸਵੈ ਭਰੋਸਾ’’

Tags: 

 ਮੋਗਾ, 14 ਅਪ੍ਰੈਲ (ਜਸ਼ਨ): ਸਿਵਲ ਹਸਪਤਾਲ ਮੋਗਾ ਦੇ ਐਮਰਜੈਂਸੀ ਵਾਰਡ ਵਿਚ ਤਾਇਨਾਤ ਸਟਾਫ ਨਰਸ ਪਵਨਦੀਪ ਕੌਰ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਲ ਮਿਲਣ ‘ਤੇ ਹੈਰਾਨੀ ਹੋਈ। ਉਨ੍ਹਾਂ ਨੇ ਜ਼ਿਲ੍ਹਾ ਮੋਗਾ ਦੇ ਚਾਰੋ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਸਿਹਤ ਬਾਰੇ ਪੁੱਛਿਆ ਅਤੇ ਕੰਮ ਕਰ ਰਹੇ ਸਾਰੇ ਸਟਾਫ ਦੀ ਸਿਹਤ ਬਾਰੇ ਵੀ ਪੁੱਛਗਿੱਛ ਕੀਤੀ। ਕੋਵਿਡ ਵਿਰੁੱਧ ਮੋਹਰਲੀ ਕਤਾਰ ਵਿੱਚ ਖੜ੍ਹ ਕੇ ਲੜਾਈ ਲੜ ਰਹੇ ਯੋਧਿਆਂ ਵਿੱਚ ਸ਼ਮਿਲ ਸਟਾਫ ਨਰਸ ਪਵਨਦੀਪ ਕੌਰ ਨੂੰ ਮੁੱਖ ਮੰਤਰੀ ਨੇ ਕਿਹਾ ਕਿ ਉਹ ਬਿਮਾਰੀ ਨੂੰ ਕੰਟਰੋਲ ਵਿੱਚ ਰੱਖਣ ਲਈ ਸੁਰੱਖਿਆ ਦੇ ਸਾਰੇ ਉਪਾਅ ਕਰਨ। ਪਵਨਦੀਪ ਨੇ ਮੈਡੀਕਲ ਅਤੇ ਪੈਰਾ ਮੈਡੀਕਲ ਸੇਫਟੀ ਮਈਅਰ, ਪੀਪੀਈ ਕਿੱਟਾਂ ਅਤੇ ਮਾਸਕ ਪ੍ਰਦਾਨ ਕਰਵਾਉਣ ਦੀ ਸੰਤੁਸ਼ਟੀ ਵੀ ਪ੍ਰਗਟਾਈ। ਸਟਾਫ ਨਰਸ ਪਵਨਦੀਪ ਕੌਰ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਸਰਕਾਰੀ ਨੌਕਰੀ ਕਰ ਰਹੀ ਸੀ। ‘‘ਮੈਨੂੰ ਹਮੇਸ਼ਾਂ ਪਤਾ ਸੀ ਕਿ ਮੇਰੀ ਨੌਕਰੀ ਮਹੱਤਵਪੂਰਣ ਹੈ, ਪਰ ਮੁੱਖ ਮੰਤਰੀ ਦੀ ਸਿੱਧੀ ਲਾਈਵ ਕਾਲ ਮੇਰੇ ਲਈ ਇਕ ਆਸ਼ੀਰਵਾਦ ਵਰਗਾ ਸੀ ਜਿਸ ਨੇ ਮੈਨੂੰ ਅਹਿਸਾਸ ਕਰਵਾ ਦਿੱਤਾ ਕਿ ਅਸੀਂ ਲੋਕ ਕਿੰਨੀ ਮਹੱਤਵਪੂਰਣ ਭੂਮਿਕਾ ਨਿਭਾਅ ਰਹੇ ਹਾਂ।‘‘ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੀਤੀ ਇਸ ਗੱਲਬਾਤ ਤੋਂ ਉਹ ਬੇਹੱਦ ਪ੍ਰਭਾਵਿਤ ਹੋਈ ਹੈ ਅਤੇ ਹੁਣ ਉਹ ਹੋਰ ਵੀ ਉਤਸ਼ਾਹ ਨਾਲ ਆਪਣੇ ਸਾਥੀਆਂ ਨਾਲ ਮਿਲ ਕੇ ਪਹਿਲਾਂ ਦੀ ਤਰਾਂ ਸਮਰਪਿਤ ਭਾਵਨਾ ਨਾਲ ਕੰਮ ਕਰੇਗੀ।

ਵਿਧਾਇਕ ਡਾ: ਹਰਜੋਤ ਕਮਲ ਸਿੰਘ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਮੋਗਾ ਹਸਪਤਾਲ ਦੀ ਸਟਾਫ਼ ਨਰਸ ਨੂੰ ਫੋਨ ਕਰਨ ਅਤੇ ਸਟਾਫ਼ ਨਰਸ ਵੱਲੋਂ ਪੂਰੇ ਸਵੈ ਭਰੋਸੇ ਨਾਲ ਕੀਤੀ ਗੱਲਬਾਤ ਤੋਂ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਅਤੇ ਉਹ ਮਹਿਸੂਸ ਕਰਦੇ ਹਨ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਉਹਨਾਂ ਵੱਲੋਂ ਹਸਪਤਾਲ ਵਿਚ ਲਗਾਤਾਰ ਆਉਣ ਅਤੇ ਸਟਾਫ਼ ਦਾ ਹੌਂਸਲਾ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਹੈ ਕਿਉਂਕਿ ਉਹਨਾਂ ਦੇ ਯਤਨਾ ਨਾਲ ਸਥਾਪਿਤ ਕੀਤੇ ਚਾਰ ਵੈਂਟੀਲੇਟਰ ,4 ਪੈਰਾਮੌਨੀਟਰ ਅਤੇ ਸੁਰੱਖਿਆ ਉਪਕਰਨ ਮੁਹੱਈਆ ਹੋਣ ਨਾਲ ਡਾਕਟਰਾਂ ਸਮੇਤ ਸਮੁੱਚਾ ਸਟਾਫ਼ ਪੂਰੇ ਉਤਸ਼ਾਹ ਨਾਲ ਕਰੋਨਾ ਖਿਲਾਫ਼ ਜੰਗ ਵਿਚ ਜੰਗਜੂੰਆਂ ਵਾਂਗ ਮੈਦਾਨ ਵਿਚ ਨਿਤਰਿਆ ਹੋਇਆ ਹੈ ਅਤੇ ਉਸੇ ਹੌਂਸਲੇ ਦਾ ਸਪੱਸ਼ਟ ਪ੍ਰਗਟਾਵਾ ਉਸ ਸਮੇਂ ਹੋਇਆ ਜਦੋਂ ਮੋਗਾ ਦੀ ਸਟਾਫ਼ ਨਰਸ ਪਵਨਦੀਪ ਕੌਰ ਮਾਣਯੋਗ ਮੁੱਖ ਮੰਤਰੀ ਨਾਲ ਗੱਲਬਾਤ ਕਰ ਰਹੀ ਸੀ । ਡਾ: ਹਰਜੋਤ ਨੇ ਮੁੱਖ ਮੰਤਰੀ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਕੈਪਟਨ ਸਾਹਿਬ ਦੇ ਇਸ ਉਸਾਰੂ ਰਵਈਏ ਸਦਕਾ ਸਿਹਤ ਵਿਭਾਗ ਦਾ ਹਰ ਯੋਧਾ ਕਰੋਨਾ ਖਿਲਾਫ਼ ਪਹਿਲਾਂ ਤੋਂ ਵਧੇਰੇ ਉਤਸ਼ਾਹ ਨਾਲ ਜੰਗ ਲੜੇਗਾ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ