ਕੋਵਿਡ-19 ਦੇ ਸ਼ੱਕੀ ਵਿਅਕਤੀ ਨੂੰ ਡਰੋਲੀ ਭਾਈ ਦੀ ਟੀਮ ਨੇ ਪਹੁੰਚਾਇਆ ਸਿਵਲ ਹਸਪਤਾਲ,ਦੂਸਰੇ ਸੂਬਿਆਂ ਤੋਂ ਆਏ ਕੰਬਾਈਨਾਂ ਵਾਲੇ 36 ਵਿਅਕਤੀਆਂ ਨੂੰ 14 ਦਿਨਾਂ ਇਕਾਂਤਵਾਸ ਭੇਜਿਆ
ਮੋਗਾ, 10 ਅਪਰੈਲ (ਜਸ਼ਨ): ਸੀਨੀਅਰ ਮੈਡੀਕਲ ਅਫਸਰ ਸਿਹਤ ਬਲਾਕ ਡਰੋਲੀ ਭਾਈ ਡਾ ਇੰਦਰਵੀਰ ਗਿੱਲ ਦੇ ਹੁਕਮਾਂ 'ਤੇ ਡਰੋਲੀ ਭਾਈ ਹਸਪਤਾਲ ਦੀ ਰੇਪਿਡ ਰਿਸਪਾਂਸ ਟੀਮ ਵੱਲੋਂ ਪਿੰਡ ਸੱਦਾ ਸਿੰਘ ਵਾਲਾ ਦੇ ਵਸਨੀਕ ਕੋਵਿਡ-19 ਦੇ ਇੱਕ ਸ਼ੱਕੀ ਵਿਅਕਤੀ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਨਾਕਿਆਂ 'ਤੇ ਰੋਕੇ ਗਏ ਵੱਖ-ਵੱਖ ਸੂਬਿਆਂ ਤੋਂ ਆਏ ਕੰਬਾਈਨਾਂ ਵਾਲਿਆਂ ਨੂੰ ਚੈੱਕਅੱਪ ਉਪਰੰਤ 14 ਦਿਨਾਂ ਦੇ ਘਰ ਇਕਾਂਤਵਾਸ 'ਤੇ ਭੇਜਿਆ ਗਿਆ ਹੈ।
ਸਿਹਤ ਵਿਭਾਗ ਦੇ ਬੁਲਾਰੇ ਤੇ ਬੀ.ਈ.ਈ. ਰਛਪਾਲ ਸਿੰਘ ਸੋਸਣ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੱਦਾ ਸਿੰਘ ਵਾਲਾ ਦੇ ਵਸਨੀਕ ਵਿਅਕਤੀ ਸਬੰਧੀ ਹਸਪਤਾਲ ਦੇ ਕੰਟਰੋਲ ਰੂਮ 'ਤੇ ਕਾਲ ਆਈ ਸੀ। ਉਕਤ ਸ਼ੱਕੀ ਵਿਅਕਤੀ ਨਾਲ ਰੇਪਿਡ ਰਿਸਪਾਂਸ ਟੀਮ ਦੇ ਮੈਂਬਰਾਂ ਵੱਲੋਂ ਪਹਿਲਾਂ ਫੋਨ 'ਤੇ ਗੱਲ ਕੀਤੀ ਗਈ ਅਤੇ ਬਾਅਦ 'ਚ ਉਸਦੇ ਸੈਂਪਲ ਲੈਣ ਅਤੇ ਇਕਾਂਤਵਾਸ ਰੱਖਣ ਲਈ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ ਹੈ।
ਉਹਨਾਂ ਦੱਸਿਆ ਕਿ ਰੇਪਿਡ ਰਿਸਪਾਂਸ ਟੀਮ ਦੇ ਮੈਂਬਰਾਂ ਡਾ ਨਵਪ੍ਰੀਤ ਕੌਰ, ਹਰਮੀਤ ਸਿੰਘ ਐਲ.ਟੀ., ਪਰਮਿੰਦਰ ਸਿੰਘ ਸਿਹਤ ਵਰਕਰ ਤੇ ਰਾਮ ਸਿੰਘ ਸਿਹਤ ਵਰਕਰ ਵੱਲੋਂ ਪਿੰਡ ਗਿੱਲ, ਪਿੰਡ ਸਾਫੂਵਾਲਾ, ਜੀ.ਟੀ. ਰੋਡ ਦਾਰਾਪੁਰ ਆਦਿ ਨਾਕਿਆਂ 'ਤੇ ਰੋਕੇ ਗਏ ਕੰਬਾਈਨਾਂ ਵਾਲਿਆਂ ਦਾ ਚੈੱਕਅੱਪ ਕੀਤਾ ਗਿਆ ਅਤੇ ਉਹਨਾਂ ਨੂੰ ਘਰ 'ਚ ਇਕਾਂਤਵਾਸ ਦੀਆਂ ਹਦਾਇਤਾਂ ਦਿੱਤੀਆਂ ਗਈਆਂ।
ਰੇਪਿਡ ਰਿਸਪਾਂਸ ਟੀਮ ਦੇ ਮੁਖੀ ਡਾ ਨਵਪ੍ਰੀਤ ਕੌਰ ਨੇ ਪਿੰਡਾਂ ਦੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਨਾਕੇ 'ਤੇ ਬੈਠਣ ਵਾਲੇ ਪਿੰਡ ਵਾਸੀਆਂ ਨੂੰ ਤਿੰਨ ਫੁੱਟ ਜਾਂ ਵੱਧ ਦੂਰੀ 'ਏ ਬਿਠਾਇਆ ਜਾਵੇ ਤੇ ਉਹ ਇਕੱਠੇ ਹੋ ਕੇ ਨਾ ਬੈਠਣ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ