ਮੋਗਾ ‘ਚ 4 ਕਰੋਨਾ ਪਾਜ਼ਿਟਿਵ,ਅਜ਼ਹਰੂਦੀਨ ਤੋਂ ਇਲਾਵਾ ਤਿੰਨ ਹੋਰ ਪਾਏ ਗਏ ਪਾਜ਼ਿਟਿਵ

ਮੋਗਾ,7 ਅਪਰੈਲ (ਜਸ਼ਨ / ਨਵਦੀਪ ਮਹੇਸ਼ਰੀ ): ਸਿਹਤ ਵਿਭਾਗ ਦੇ ਬੁਲਾਰੇ ਡਾ: ਨਰੇਸ਼ ਕੁਮਾਰ ਮੁਤਾਬਕ ਜਿਹਨਾਂ ਚਾਰ ਵਿਅਕਤੀਆਂ ਦੀ ਟੈਸਟ ਰਿਪੋਰਟ ਉਡੀਕੀ ਜਾ ਰਹੀ ਸੀ ਉਹਨਾਂ ਵਿਚੋਂ 3 ਵਿਅਕਤੀ ਕਰੋਨਾ ਪਾਜ਼ਿਟਿਵ ਪਾਏ ਗਏ ਹਨ ਜਦਕਿ ਇਕ ਵਿਅਕਤੀ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤਰਾਂ ਅੱਜ 7 ਅਪਰੈਲ ਸ਼ਾਮ 4 ਵਜੇ ਤੱਕ ਮੋਗਾ ਜ਼ਿਲੇ ਵਿਚ ਕੁੱਲ 4 ਵਿਅਕਤੀ ਕਰੋਨਾ ਪਾਜ਼ਿਟਿਵ ਪਾਏ ਗਏ ਹਨ ਜੋ ਸਰਕਾਰੀ ਹਸਪਤਾਲ ਮੋੋਗਾ ਵਿਖੇ ਜ਼ੇਰੇ ਇਲਾਜ਼ ਹਨ। 

ਮੋਗਾ, 7 ਅਪਰੈਲ (ਜਸ਼ਨ/ਨਵਦੀਪ ਮਹੇਸ਼ਰੀ) :  ਪਿਛਲੇ 15 ਦਿਨਾਂ ਤੋਂ ਕਰਫਿਊ ਦੇ ਮਾਹੌਲ ਵਿਚ ਰਹਿ ਰਹੇ ਮੋਗਾ ਜ਼ਿਲ੍ਹੇ ‘ਚ ਅੱਜ ਕਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਅਜ਼ਹਰੂਦੀਨ ਨਾਮ ਦੇ ਵਿਅਕਤੀ ‘ਚ ਕਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋ ਗਈ ਹੈ। ਇਹ ਵਿਅਕਤੀ ਤਬਲੀਗੀ ਜਮਾਤ ਨਾਲ ਸਬੰਧਤ ਹੈ । ਇਹ ਸੂਚਨਾ ਮਿਲਦੇ ਹੀ ਮੋਗਾ ਜ਼ਿਲ੍ਹੇ ਦੇ ਐੱਸ ਐੱਸ ਪੀ ਹਰਮਨਬੀਰ ਸਿੰਘ ਗਿੱਲ ਤੁਰੰਤ ਸਰਕਾਰੀ ਹਸਪਤਾਲ ਪਹੰੁਚੇ । ਉਹਨਾਂ ਕਰੋਨਾ ਪਾਜ਼ਿਟਿਵ ਪਾਏ ਗਏ 23 ਸਾਲਾ ਵਿਅਕਤੀ ਦੀ ਟਰੈਵਲ ਹਿਸਟਰੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਅਕਤੀ ਨੂੰ 12 ਹੋਰ ਵਿਅਕਤੀਆਂ ਸਮੇਤ ਮੋਗਾ ਜ਼ਿਲ੍ਹੇ ਦੇ ਪਿੰਡ ਚੀਦਾ ਵਿਖੇ ਪਹਿਲਾਂ ਇਕਾਂਤਵਾਸ ਕੀਤਾ ਗਿਆ ਸੀ ਪਰ ਫੇਰ ਸਿਹਤ ਵਿਭਾਗ ਵੱਲੋਂ ਇਹਨਾਂ 13 ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਮੋਗਾ ਵਿਖੇ ਲਿਆ ਕੇ ਆਈਸੋਲੇਸ਼ਨ ਵਿਚ ਰੱਖਿਆ ਗਿਆ ਸੀ। 
ਐੱਸ ਐੱਸ ਪੀ ਨੇ ਦੱਸਿਆ ਕਿ ਇਹ 11 ਵਿਅਕਤੀ ਮੁਬਈ ਦੇ ਬਾਂਦਰਾ ਇਲਾਕੇ ਤੋਂ ਤੁਰੇ ਸਨ ਜੋ ਵੱਖ ਵੱਖ ਥਾਵਾਂ ਤੋਂ ਹੰੁਦੇ ਹੋਏ ਮੋਗਾ ਜ਼ਿਲ੍ਹੇ ਦੇ ਪਿੰਡ ਸੁਖਾਨੰਦ ਤੇ ਫਿਰ ਪਿੰਡ ਝੀਦੇ ਵਿਖੇ ਮਸੀਤ ਵਿਚ ਪਹੁੰਚੇ ਸਨ । ਇਸ ਮਸੀਤ ਵਿਚ ਇਮਾਮ ਵੀ ਮੌਜੂਦ ਸੀ । ਦਿੱਲੀ ਦੀ ਤਬਲੀਗੀ ਮਜਲਿਸ ਦੇ ਜਲਸੇ ਵਿਚ ਸ਼ਮੂਲੀਅਤ ਕਰਨ ਉਪਰੰਤ ਅਜ਼ਹਰੂਦੀਨ ਵੀ ਪਿੰਡ ਚੀਦਾ ਵਿਖੇ ਇਹਨਾਂ 11 ਵਿਅਕਤੀਆਂ ਨਾਲ ਸ਼ਾਮਲ ਹੋ ਗਿਆ । ਇੰਜ ਇਹ 13 ਵਿਅਕਤੀ ਇਸ ਮਸੀਤ ਵਿਚ ਰਹਿ ਰਹੇ ਸਨ। ਉਹਨਾਂ ਦੱਸਿਆ ਕਿ ਇਹਨਾਂ 13 ਵਿਅਕਤੀਆਂ ਨੂੰ ਦਿੱਲੀ ਦੇ ਤਬਲੀਗੀ ਜਮਾਤ ਘਟਨਾਕਰਮ ਉਪਰੰਤ ਮੋਗਾ ਦੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਜਾ ਰਿਹਾ ਸੀ ਅਤੇ ਇਹਨਾਂ ਦੇ ਸੈਂਪਲ ਲੈ ਕੇ ਅਮਿ੍ਰਤਸਰ ਭੇਜੇ ਗਏ ਸਨ । ਐੱਸ ਐੱਸ ਪੀ ਨੇ ਦੱਸਿਆ ਕਿ ਇਹਨਾਂ 13 ਵਿਅਕਤੀਆਂ ਵਿਚੋਂ 1 ਅਜ਼ਹਰੂਦੀਨ ਕਰੋਨਾ ਪਾਜ਼ਿਟਿਵ ਪਾਇਆ ਗਿਆ ਹੈ , 8 ਵਿਅਕਤੀਆਂ ਦੀ ਰਿਪੋਰਟ ਨੇਗੇਟਿਵ ਆਈ ਹੈ ਜਦਕਿ 4 ਵਿਅਕਤੀਆਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜਿਹਨਾਂ ਦੀ ਰਿਪੋਰਟ ਨੇਗੇਟਿਵ ਆਈ ਹੈ ਉਹ ਵੀ ਨਿਰੰਤਰ ਆਈਸੋਲੇਸ਼ਨ ਵਿਚ ਰੱਖੇ ਜਾਣਗੇ ਅਤੇ ਉਹਨਾਂ ਦੇ ਤਿੰਨ ਟੈਸਟ ਹੋਰ ਕਰਵਾਏ ਜਾਣਗੇ।
ਉਹਨਾਂ ਦੱਸਿਆ ਜਿਹਨਾਂ 13 ਵਿਅਕਤੀਆਂ ਨੂੰ ਚੀਦੇ ਪਿੰਡ ਵਿਚੋਂ ਲਿਆ ਕੇ ਆਈਸੋਲੇਸ਼ਨ ਵਿਚ ਰੱਖਿਆ ਜਾ ਰਿਹਾ ਹੈ ਪਰ ਪੁਲਿਸ ਅਜੇ ਇਸ ਗੱਲ ਦੀ ਤਫਤੀਸ਼ ਕਰ ਰਹੀ ਹੈ ਕਿ ਇਹਨਾਂ 12 ਵਿਅਕਤੀਆਂ ਨੇ ਵੀ ਤਬਲੀਗੀ ਜਮਾਤ ਵਿਚ ਸ਼ਿਰਕਤ ਕੀਤੀ ਸੀ ਕਿ ਨਹੀਂ। ਉਹਨਾਂ ਦੱਸਿਆ ਕਿ ਇਹਨਾਂ 13 ਵਿਅਕਤੀਆਂ ਦੀ ਟਰੈਵਲ ਹਿਸਟਰੀ ਦੇ ਆਧਾਰ ’ਤੇ ਪ੍ਰਭਾਵਿਤ ਹੋਣ ਦੀ ਸ਼ੰਕਾ ਵਾਲੇ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਜਿਹਨਾਂ ਵਿਅਕਤੀਆਂ ਦੇ ਇਹ ਸੰਪਰਕ ਵਿਚ ਰਹੇ ਸਨ ਉਹਨਾਂ ਨੂੰ ਵੀ ਆਈਸੋਲੇਟ ਕਰਕੇ ਉਹਨਾਂ ਦੇ ਸੈਂਪਲ ਭੇਜਣ ਦੀ ਪਰਿਕਿਰਿਆ ਆਰੰਭ ਕਰ ਦਿੱਤੀ ਗਈ ਹੈ। 
ਐੱਸ ਐੱਸ ਪੀ ਨੇ ਦੱਸਿਆ ਕਿ ਫਰੀਦਕੋਟ ਵਿਖੇ ਕਰੋਨਾ ਪਾਜ਼ਿਟਿਵ ਪਾਏ ਗਏ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲੇ ਮੋਗਾ ਦੇ ਬੈਂਕ ਮਨੇਜਰ ਦੀ ਰਿਪੋਰਟ ਨੈਗੇਟਿਵ ਆ ਗਈ ਹੈ ਇਸ ਲਈ ਉਸ ਨੂੰ ਅੱਜ ਹਸਪਤਾਲ ਵਿਚੋਂ ਰਵਾਨਗੀ ਦੇ ਦਿੱਤੀ ਜਾਵੇਗੀ। 

                                                    ਟਰੈਵਲ ਹਿਸਟਰੀ 
ਸਿਹਤ ਵਿਭਾਗ ਦੇ ਡਾ: ਨਰੇਸ਼ ਕੁਮਾਰ ਦੇ ਦੱਸਣ ਮੁਤਾਬਕ ਇਹ ਵਿਅਕਤੀ 12 ਫਰਵਰੀ ਨੂੰ ਬੰਬੇ ਅੰਧੇਰੀ ਤੋਂ ਰਵਾਨਾ ਹੋਏ ਸਨ,13 ਤੋਂ 15 ਫਰਵਰੀ ਤੱਕ ਕਾਲੀ ਮਸਜਿਦ ਦਿਲੀ ਵਿਚ ਰਹੇ, 16 ਨੂੰ ਮਰਕਜ਼ ਬਠਿੰਡਾ ਰਹੇ,18 ਤੋਂ 22 ਤੱਕ ਬਜੋਆਣਾ ਪਿੰਡ ,23 ਤੋਂ 28 ਤੱਕ ਦਿਆਲਪੁਰਾ ਭਾਈਕਾ, 29 ਫਰਵਰੀ ਤੋਂ 1 ਮਾਰਚ ਤੱਕ ਕੋਠਾ ਗੁਰੂ ਕਾ , 2 ਤੋਂ 7 ਮਾਰਚ ਤੱਕ ਮਲੂਕਾ , 8 ਤੋਂ 15 ਮਾਰਚ ਤੱਕ ਮੱਲਾ ਪਿੰਡ,16 ਤੋਂ 18 ਤੱਕ ਭਗਤਾ ਭਾਈਕਾ, 19 ਤੋਂ 22 ਤੱਕ ਸੁਖਾਨੰਦ ਜ਼ਿਲ੍ਹਾ ਮੋਗਾ ‘ਚ ਰਹੇ । ਇਹ  ਵਿਅਕਤੀ 23 ਮਾਰਚ ਨੂੰ ਝੀਦੇ ਪਿੰਡ ਵਿਚ ਆ ਗਏ ਜਿੱਥੇ ਮਸੀਤ ਦਾ ਇਮਾਮ ਪਹਿਲਾਂ ਤੋਂ ਮੌਜੂਦ ਸੀ । 
ਜ਼ਿਕਰਯੋਗ ਹੈ ਕਿ ਪੁਲਿਸ ਇਹਨਾਂ ਵਿਅਕਤੀਆਂ ਦੀ ਕਾਲ ਟਰੇਸ ਹਿਸਟਰੀ ਤੋਂ ਇਹ ਜਾਨਣ ਦਾ ਯਤਨ ਕਰ ਰਹੀ ਹੈ ਕਿ ਇਹਨਾਂ ਨੇ ਦਿਲੀ ਦੀ ਮਜਲਿਸ ਵਿਚ ਸ਼ਮੂਲੀਅਤ ਕੀਤੀ ਜਾਂ ਨਹੀਂ ਅਤੇ ਉਸ ਉਪਰੰਤ ਕਿਨਾਂ ਪਿੰਡਾਂ ਵਿਚ ਕਿਹੜੇ ਵਿਅਕਤੀਆਂ ਦੇ ਸੰਪਰਕ ਵਿਚ ਰਹੇ। 

******* ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -     -