ਕਰੋਨਾ ਵਿਰੁੱਧ ਜੰਗ ’ਚ ਮੋਗਾ ਦੇ ਡੀ ਸੀ ਸੰਦੀਪ ਹੰਸ ਅਤੇ ਐੱਸ ਐੱਸ ਪੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ‘ਚ ਮੁਲਾਜ਼ਮਾਂ ਨੇ ਡਿਊਟੀ ਦੇ ਨਾਲ-ਨਾਲ ਇਨਸਾਨੀਅਤ ਦੇ ਨਵੇਂ ਆਯਾਮ ਸਿਰਜੇ-ਡਾ: ਹਰਜੋਤ,ਵਿਨੋਦ ਬਾਂਸਲ

Tags: 

ਮੋਗਾ,6 ਅਪਰੈਲ (ਜਸ਼ਨ): ‘‘ਕੋਵਿਡ-19 ਵਿਰੁੱਧ ਜੰਗ ਵਿੱਚ ਮੋਗਾ ਪ੍ਰਸ਼ਾਸਨ ਅਤੇ ਸੀਨੀਅਰ  ਕਪਤਾਨ ਪੁਲਿਸ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਵਿਚ ਮੋਗਾ ਪੁਲਿਸ ਨੇ ਨਾ ਸਿਰਫ਼ ਅਨੁਸ਼ਾਸ਼ਨਬੱਧ ਫੋਰਸ ਦਾ ਸਬੂਤ ਦਿੱਤਾ ਬਲਕਿ ਸੇਵਾ ਦੇ ਨਾਲ ਨਾਲ ਇਨਸਾਨੀਅਤ ਦੇ ਨਵੇਂ ਆਯਾਮ ਸਿਰਜੇ ਹਨ । ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਡਾ: ਹਰਜੋਤ ਕਮਲ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਅੱਜ ਮੋਗਾ ਵਿਖੇ ਇਕ ਵਿਸ਼ੇਸ਼ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੁਲਿਸ ਨੇ ਰਾਸ਼ਨ ਅਤੇ ਲੰਗਰ ਵਰਤਾਉਣ ਦੀ ਸੇਵਾ ਨੂੰ ਬਾਖੂਬੀ ਨਿਭਾਇਆ ਹੈ ਅਤੇ ਆਪਣੇ ਫਰਜ਼ਾਂ ਦੀ ਪੂਰਤੀ ਦੇ ਨਾਲ ਨਾਲ ਬਿਨਾ ਕਿਸੇ ਦਾ ਦਿਲ ਦੁਖਾਇਆਂ ਕਰਫਿਊ ਨੂੰ ਪੂਰੀ ਤਰਾਂ ਲਾਗੂ ਕੀਤਾ ਹੈ। ਉਹਨਾਂ ਕਿਹਾ ਕਿ ਸੀਨੀਅਰ  ਕਪਤਾਨ ਪੁਲਿਸ ਹਰਮਨਬੀਰ ਸਿੰਘ ਗਿੱਲ ਵੱਲੋਂ ਪੁਲਿਸ ਫੋਰਸ ਦੇ ਮਨੋਬਲ ਨੂੰ ਉੱਚਾ ਰੱਖਣ ਦਾ ਨਤੀਜਾ ਹੀ ਸੀ ਕਿ ਪੀ ਸੀ ਆਰ ਦੇ ਮੁਲਾਜ਼ਮਾਂ ਨੇ ਧਰਮਕੋਟ ਵਿਚ ਅੱਧੀ ਰਾਤ ਨੂੰ ਨਿਆਸਰੀ ਗਰਭਵਤੀ ਔਰਤ ਦੀ ਸਹਾਇਤਾ ਕੀਤੀ ਅਤੇ ਸਿਆਣੀਆਂ ਮਹਿਲਾਵਾਂ ਦੀ ਸਹਾਇਤਾ ਨਾਲ ਉਸ ਦਾ  ਜਣੇਪਾ  ਕਰਵਾਇਆ ਅਤੇ ਫਿਰ ਉਸ ਨੂੰ ਨਵਜੰਮੇ ਪੁੱਤਰ ਸਮੇਤ ਰਾਤੋ ਰਾਤ ਉਸ ਦੇ ਘਰ ਪਹੁੰਚਾਇਆ। ਉਹਨਾਂ ਕਿਹਾ ਕਿ ਇਹਨਾਂ ਪੁਲੀਸ ਮੁਲਾਜ਼ਮਾਂ ਦਾ ਸਨਮਾਨ ਕਰਨ ਅਤੇ ਉਤਸ਼ਾਹਤ ਵਧਾਉਣ ਲਈ ਹੀ ਸੀਨੀਅਰ  ਕਪਤਾਨ ਪੁਲਿਸ ਹਰਮਨਬੀਰ ਸਿੰਘ ਗਿੱਲ ਨੇ ਇਸ ਘਟਨਾ ਬਾਰੇ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਦੇ ਧਿਆਨ ਵਿਚ ਲਿਆਂਦਾ ਤੇ ਇਸ ਦਾ ਨਤੀਜਾ ਇਹ ਨਿਕਲਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ.ਜੀ.ਪੀ. ਨੂੰ ਮੌਜੂਦਾ ਸੰਕਟ ਵਿੱਚ ਆਪਣੀ ਡਿੳੂਟੀ ਤੋਂ ਅਗਾਂਹ ਵਧ ਕੇ ਵਿਲੱਖਣ ਕੰਮ ਕਰਨ ਵਾਲੇ ਪੁਲੀਸ ਜਵਾਨਾਂ ਲਈ ਨਵਾਂ ਐਵਾਰਡ ਸ਼ੁਰੂ ਕਰਨ ਦਾ ਫੈਸਲਾ ,ਜਿਸ ਤਹਿਤ  ‘ਮਿਸਾਲੀ ਸੇਵਾ ਨਿਭਾਉਣ ਲਈ ਡੀ.ਜੀ.ਪੀ. ਦੇ ਮਾਣ ਤੇ ਸਨਮਾਨ’ ਲਈ ਪਹਿਲੇ ਦੋ ਮੁਲਾਜ਼ਮਾਂ ਵਿੱਚ ਮੋਗਾ ਦੇ ਏ.ਐਸ.ਆਈ. (ਐਲ.ਆਰ) ਬਿੱਕਰ ਸਿੰਘ ਅਤੇ ਕਾਂਸਟੇਬਲ ਸੁਖਜਿੰਦਰ ਪਾਲ ਸਿੰਘ ਨੂੰ ਚੁਣਿਆ ਗਿਆ । ਉਹਨਾਂ ਕਿਹਾ ਕਿ ਪੰਜਾਬ ਵਿੱਚ ਅੱਜ ਕਰਫਿੳੂ ਦਾ 14ਵਾਂ ਦਿਨ ਹੈ ਪਰ ਮੋਗਾ ਜ਼ਿਲ੍ਹੇ ਦੇ  ਪੁਲੀਸ ਜਵਾਨ ਗਰੀਬ, ਬੇਸਹਾਰਿਆਂ, ਬੇਰੋਜ਼ਗਾਰਾਂ ਅਤੇ ਬੇਘਰਿਆਂ ਦੀ ਸਹਾਇਤਾ ਲਈ ਮੈਦਾਨ ਵਿੱਚ ਉੱਤਰੇ ਹੋਏ ਹਨ । ਉਹਨਾਂ ਕਿਹਾ ਕਿ ਮੋਗਾ ਪੁਲੀਸ ਵੱਲੋਂ ਸਮਾਜ ਸੇਵੀ ਸੰਸਥਾਵਾਂ , ਧਾਰਮਿਕ ਸੰਸਥਾਵਾਂ ਅਤੇ ਗੁਰਦੁਆਰਾ ਸਾਹਿਬਾਨ ਨਾਲ ਬਣਾਇਆ ਤਾਲਮੇਲ ਨਾ ਸਿਰਫ਼ ਨਿਵੇਕਲੀ ਦਿੱਖ ਪ੍ਰਦਾਨ ਕਰਦਾ ਹੈ ਬਲਕਿ ਸੂਬੇ ਭਰ ਵਿਚ ਜ਼ਿਲ੍ਹਾ ਪੁਲਿਸ ਦੀ  ਕਾਰਗੁਜ਼ਾਰੀ ਦੀ ਸ਼ਲਾਘਾ ਹੋ ਰਹੀ ਹੈ। 

ਵਿਧਾਇਕ ਡਾ: ਹਰਜੋਤ ਕਮਲ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਆਖਿਆ ਕਿ ਕਰਫਿਊ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਦੀ ਦੂਰਅੰਦੇਸ਼ੀ ਸਦਕਾ ਮੋਗਾ ਜ਼ਿਲ੍ਹੇ ਦੇ ਲੋੜਵੰਦ ਪਰਿਵਾਰਾਂ ਦੀਆਂ ਮੁੱਢਲੀਆਂ ਸਹੂਲਤਾਂ ‘ਚ ਕੋਈ ਘਾਟ ਨਹੀਂ ਆਈ ਅਤੇ ਉਹਨਾਂ ਤੱਕ ਸੱੁਕਾ ਰਾਸ਼ਨ ਅਤੇ ਲੰਗਰ ਜ਼ਰੂਰਤ ਅਨੁਸਾਰ ਪਹੁੰਚਾਇਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਮਪਾਲ ਧਵਨ ਦੀ ਯੋਗ ਅਗਵਾਈ ਹੇਠ ਮਾਰਕੀਟ ਕਮੇਟੀ ਨੇ ਕਰਫਿਊ ਦੌਰਾਨ ਵੀ ਲੋਕਾਂ ਨੂੰ ਉਹਨਾਂ ਦੇ ਬੂਹੇ ’ਤੇ ਸਬਜ਼ੀਆਂ ਅਤੇ ਫਲਾਂ ਦੀ ਸਹੀ ਤਰੀਕੇ ਨਾਲ ਪਹੁੰਚ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਹਾਈਕਮਾਂਡ ਵੱਲੋਂ ਸ਼੍ਰੀ ਰਾਮਪਾਲ ਧਵਨ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਥਾਪਣ ਦਾ ਫੈਸਲਾ ਬਿਲਕੁੱਲ ਦਰੁੱਸਤ ਹੈ।