ਮਨੁੱਖਤਾ ਲਈ ਇਸ ਪ੍ਰੀਖਿਆ ਦੀ ਘੜੀ ‘ਚ ਪੰਜਾਬੀ ਆਪਣੇ ਹਮਸਾਇਆਂ ਦੀ ਸਹਾਇਤਾ ਕਰਕੇ ਫਰਾਖ਼ ਦਿਲੀ ਦਾ ਸਬੂਤ ਦੇ ਰਹੇ ਨੇ: ਦਵਿੰਦਰ ਸਿੰਘ ਰਣੀਆ

ਮੋਗਾ,5 ਅਪਰੈਲ (ਜਸ਼ਨ) :ਬੇਸ਼ੱਕ ਮਨੁੱਖਤਾ ਲਈ ਇਹ ਪ੍ਰੀਖਿਆ ਦੀ ਘੜੀ ਹੈ ਪਰ ਪੰਜਾਬੀ ਨਾ ਸਿਰਫ਼ ਕਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੂਝਣ ਵਾਸਤੇ ਦਿ੍ਰੜ ਸੰਕਲਪ ਹਨ ਬਲਕਿ ਉਹ ਆਪਣੇ ਹਮਸਾਇਆਂ ਲਈ ਲੰਗਰ ,ਰਾਸ਼ਨ ,ਸੈਨੇਟਾਈਜੇਸ਼ਨ ਅਤੇ ਹੋਰ ਅਨੇਕਾਂ ਤਰਾਂ ਦੀਆਂ ਸੇਵਾਵਾਂ ਨਿਭਾਅ ਕੇ ਆਪਣੀ ਫਰਾਖ਼ ਦਿਲੀ ਦਾ ਸਬੂਤ ਦੇ ਰਹੇ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਨ ਆਰ ਆਈ ਅਤੇ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ ਨੇ ਲੋੜਵੰਦਾਂ ਲਈ ਨਿੱਜੀ ਤੌਰ ’ਤੇ ਰਾਸ਼ਨ ਵੰਡਣ ਦੌਰਾਨ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਆਖਿਆ ਕਿ ਉਹ ਰੋਜ਼ਾਨਾ ਲੋੜਵੰਦਾਂ ਨੂੰ ਆਪਣੀ ਜੇਬ ਵਿਚੋਂ ਸੰਭਵ ਮਦਦ ਵਜੋਂ ਰਾਸ਼ਨ ਮੁਹੱਈਆ ਕਰਵਾ ਰਹੇ ਹਨ। ਉਹਨਾਂ ਆਖਿਆ ਕਿ ਪੰਜਾਬੀਆਂ ਨੂੰ ਮਾਣ ਹੈ ਕਿ ਉਹਨਾਂ ਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਹਨ ਜੋ ਕਿ ਇਕ ਫੌਜੀ ਵਜੋਂ ਸਰਹੱਦਾਂ ’ਤੇ ਆਪਣੀਆਂ ਸੇਵਾਵਾਂ ਦੇਣ ਉਪਰੰਤ ਹੁਣ ਇਸ ਛੁਪੇ ਹੋਏ ਦੁਸ਼ਮਣ ਨਾਲ ਲੋਹਾ ਲੈ ਰਹੇ ਹਨ । ਉਹਨਾਂ ਆਖਿਆ ਕਿ ਪੰਜਾਬੀਆਂ ਨੂੰ ਪੂਰਨ ਭਰੋਸਾ ਹੈ ਕਿ ਕੈਪਟਨ ਪੰਜਾਬ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਵਿਚ ਸਫ਼ਲ ਹੋਣਗੇ । ਰਣੀਆ ਨੇ ਲੋਕਾਂ ਨੂੰ ਸਰਕਾਰ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।


