ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਦੇਖ ਰੇਖ ‘ਚ ਪਿੰਡਾਂ ‘ਚ ਕਰਵਾਈ ਜਾ ਰਹੀ ਸਪਰੇਅ ਅਤੇ ਲੋੜਵੰਦਾਂ ਨੂੰ ਵੰਡਿਆ ਜਾ ਰਿਹੈ ਰਾਸ਼ਨ


ਨਿਹਾਲ ਸਿੰਘ ਵਾਲਾ,5 ਅਪਰੈਲ (ਜਸ਼ਨ): ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕਾ ਇੰਚਾਰਜ ਦੇ ਸੁਹਿਰਦ ਯਤਨਾ ਰਾਹੀਂ ਕਰੋਨਾ ਵਾਇਰਸ ਤੋਂ ਬਚਾਅ ਲਈ ਕਾਂਗਰਸ ਦੇ ਜੁਝਾਰੂ ਵਰਕਰਾਂ ਵੱਲੋਂ ਹਰੇਕ ਪਿੰਡ ਦੇ ਘਰ ਘਰ ਜਾ ਕੇ ਸਪਰੇਅ ਕਰਨ ਦੀ ਪਰਕਿਰਿਆ ਆਰੰਭ ਕੀਤੀ ਗਈ ਹੈ ਤਾਂ ਜੋ ਲੋਕ ਇਸ ਭਿਆਨਕ ਬੀਮਾਰੀ ਦੇ ਪ੍ਰਕੋਪ ਤੋਂ ਬਚੇ ਰਹਿਣ। ਹਲਕੇ ਦੇ ਪਿੰਡਾਂ ਵਿਚ ਕਰਵਾਈ ਜਾ ਰਹੀ ਕੀਟਾਣੂੰਨਾਸ਼ਕ ਸਪਰੇਅ ਦੇ ਨਾਲ ਨਾਲ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਨਿਗਰਾਨੀ ਹੇਠ ਪਿੰਡਾਂ ਦੇ ਲੋੜਵੰਦਾਂ ਨੂੰ ਰਾਸ਼ਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ । ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਰੋਨਾ ਤੋਂ ਬਚਾਅ ਲਈ ਜਿੱਥੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਡੇ ਪੱਧਰ ’ਤੇ ਯੋਜਨਾਬੰਦੀ ਕਰਕੇ ਚੱਲ ਰਹੇ ਹਨ ਉੱਥੇ ਉਹਨਾਂ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਬੀਬੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਵੱਲੋਂ ਵੀ ਹਰ ਲੋੜਵੰਦ ਪਰਿਵਾਰ ਨੂੰ ਰਸਦ ਮਿਲਣੀ ਯਕੀਨੀ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ । ਉਹਨਾਂ ਕਿਹਾ ਕਿ ਨਿਹਾਲ ਸਿੰਘ ਵਾਲਾ ਹਲਕੇ ਦੇ ਸਮਾਜ ਸੇਵੀਆਂ ਅਤੇ ਕਾਂਗਰਸ ਦੇ ਜੁਝਾਰੂ ਵਰਕਰਾਂ ਵੱਲੋਂ ਦਿਲ ਖੋਲ੍ਹ ਕੇ ਰਾਸ਼ਨ ਵੰਡਿਆ ਜਾ ਰਿਹਾ ਹੈ। ਉਹਨਾਂ ਨਿਊਜ਼ ਪੋਰਟਲ ਦੇ ਜ਼ਰੀਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਤੋਂ ਬਚਾਅ ਲਈ ਸਰਕਾਰ ਦਾ ਸਹਿਯੋਗ ਕਰਨ ਅਤੇ ਘਰਾਂ ਦੇ ਅੰਦਰ ਹੀ ਰਹਿਣ।
ਸਿਆਸੀ ਸਕੱਤਰ ਬੀਬੀ ਭਾਗੀਕੇ ਸ: ਰੁਪਿੰਦਰ ਸਿੰਘ ਦੀਨਾ ਨੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਦੇ ਮੱਦੇਨਜਰ ਚੱਲ ਰਹੇ ਕਰਫਿਊ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਪਹੁੰਚਾਉਣ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਬਾਰੇ ਵੀ ਬੀਬੀ ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਵੱਲੋਂ ਐੱਸ ਡੀ ਐੱਮ ਨਿਹਾਲ ਸਿੰਘ ਵਾਲਾ ਰਾਮ ਸਿੰਘ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਚੈਅਰਮੈਨ ਜਸਵਿੰਦਰ ਸਿੰਘ ਕੁੱਸਾ, ਅਜਮੇਰ ਸਿੰਘ ਭਾਗੀਕੇ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਬੀਬੀ ਭਾਗੀਕੇ ਵੱਲੋਂ ਕਰੋਨਾ ਕਰਫਿਊ ਉਪਰੰਤ ਸਾਰੇ ਸਰਪੰਚਾਂ ,ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ,ਬਲਾਕ ਸੰਮਤੀ ਮੈਂਬਰਾਂ ਨੂੰ ਸਖਤ ਹਦਾਇਤਾਂ ਵੀ ਕੀਤੀਆਂ ਗਈਆਂ ਹਨ ਉਹ ਆਪਣੇ ਆਪਣੇ ਅਧਿਕਾਰਤ ਖੇਤਰ ਵਿਚ ਆਉਂਦੇ ਇਲਾਕੇ ਦੇ ਹਰ ਲੋੜਵੰਦ ਪਰਿਵਾਰਾਂ ਤੱਕ ਪਹੁੰਚ ਕਰਨ ਤਾਂ ਕਿ ਇਸ ਮੁਸ਼ਕਿਲ ਸਮੇਂ ਵਿਚ ਉਹਨਾਂ ਨੂੰ ਰਸਦ ਦੀ ਕਿਸੇ ਕਿਸਮ ਦੀ ਘਾਟ ਨਾ ਆਵੇ।


