ਕਰੋਨਾ ਦਾ ਇਲਾਜ ਸਿਰਫ਼ ਸਾਵਧਾਨੀ ਹੀ ਹੈ,ਬਾਹਰ ਤੋਂ ਆਈਆਂ ਫਲ ਸਬਜ਼ੀਆਂ ਤੋਂ ਵੀ ਕਰੋਨਾ ਵਾਇਰਸ ਫੈਲਣ ਦਾ ਖਤਰਾ : ਐਸੋਸੀਏਸ਼ਨ ਆਫ਼ ਕੰਸਲਟੈਂਟਸ ਫਾਰ ਓਵਰਸੀਜ਼ ਦੇ ਮੋਗਾ ਜ਼ੋਨ

ਮੋਗਾ,4 ਅਪਰੈਲ(ਜਸ਼ਨ): ਐਸੋਸੀਏਸ਼ਨ ਆਫ਼ ਕੰਸਲਟੈਂਟਸ ਫਾਰ ਓਵਰਸੀਜ਼ ਦੇ ਮੋਗਾ ਜ਼ੋਨ ਦੇ ਹੈੱਡ ਅਤੇ ਐਕਜ਼ਕਿਊਟਿਵ ਦੇਵ ਪਿ੍ਰਆ ਤਿਆਗੀ ਦਾ ਆਖਣਾ ਹੈ ਕਿ ਜਿਵੇਂ ਕਿ ਆਪਾ ਸਾਰੇ ਜਾਣਦੇ ਹਾਂ ਕਿ ਵਿਸ਼ਵ ਸਿਹਤ ਸੰਗਠਨ ਅਤੇ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਦੇ ਕੀਟਾਣੂੰਆਂ ਨੂੰ ਫੈਲਣ ਤੋਂ ਰੋਕਣ ਲਈ ਕਈ ਐਡਵਾਈਜ਼ਰੀ ਜਾਰੀ ਕਰਦਿਆਂ ਸਾਨੂੰ ਅਹਿਤਿਆਤ ਵਰਤਣ ਦੀ ਸਲਾਹ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ ਅਤੇ ਸਿਹਤ ਵਿਭਾਗ ਦੀ ਸਲਾਹ ਮੁਤਾਬਕ ਵਾਰ ਵਾਰ ਹੱਥ ਧੋਣੇ ,ਮਾਸਕ ਪਹਿਣਨਾ,ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣਾ ਹੀ ਇਸ ਵਾਇਰਸ ਤੋਂ ਬਚਾਅ ਦਾ ਤਰੀਕਾ ਹੈ। ਤਿਆਗੀ ਨੇ ਆਖਿਆ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਮਹਾਂਮਾਰੀ ਨਾਲ ਨਿਪਟਣ ਲਈ ਆਮ ਲੋਕਾਂ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਸਾਡਾ ਦੇਸ਼ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਇੱਥੇ ਦੁੱਖ ਦੀ ਘੜੀ ਵਿਚ ਲੋਕ ਜੀਅ ਜਾਨ ਨਾਲ ਮਦਦ ਕਰਦੇ ਹਨ।
ਐਸੋਸੀਏਸ਼ਨ ਆਫ਼ ਕੰਸਲਟੈਂਟਸ ਫਾਰ ਓਵਰਸੀਜ਼ ਦੇ ਕੋਆਰਡੀਨੇਟਰ ਨਵਦੀਪ ਗੁਪਤਾ ਨੇ ਸਲਾਹ ਦਿੰਦਿਆਂ ਆਖਿਆ ਕਿ ਸਾਨੂੰ ਅਨਜਾਨ ਵਸਤੂ ਨੂੰ ਹੱਥ ਨਹੀਂ ਲਾਉਣਾ ਚਾਹੀਦਾ ਅਤੇ ਜੇਕਰ ਤੁਹਾਡੇ ਹੱਥ ਲੱਗ ਵੀ ਜਾਣ ਤਾਂ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਮਾਜ ਸੇਵੀਆਂ ਨੂੰ ਅੰਨ ਰਾਸ਼ਨ ਵੰਡਣ ਤੋਂ ਬਾਅਦ ਘਰ ਜਾ ਕੇ ਇਸ਼ਨਾਨ ਕਰਨਾ ਚਾਹੀਦਾ ਤਾਂ ਕਿ ਤੁਹਾਡੇ ਘਰ ਵਾਇਰਸ ਨਾ ਆਵੇ। ਉਹਨਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਲੋਕ ਵੀ ਰਾਸ਼ਨ ਨੂੰ ਪ੍ਰਾਪਤ ਕਰਨ ਉਪਰੰਤ ਘਰ ਦੇ ਵਿਹੜੇ ਵਿਚ ਧੁੱਪ ਵਿਚ ਜ਼ਰੂਰ ਰੱਖਣ ਅਤੇ ਬਾਹਰੇ ਲਿਫਾਫਿਆਂ ਨੂੰ ਡਿਸਪੋਜ਼ ਆਫ ਕਰਨ ਤਾਂ ਕਿ ਵਾਇਰਸ ਫੈਲਣ ਦੀ ਕੋਈ ਗੁੰਜਾਇਸ਼ ਨਾ ਰਹੇ। ਉਹਨਾਂ ਕਿਹਾ ਕਿ ਕਰੋਨਾ ਛੂਤ ਦੀ ਬੀਮਾਰੀ ਹੈ ਅਤੇ ਇਸ ਦਾ ਇਲਾਜ ਸਿਰਫ਼ ਸਾਵਧਾਨੀ ਹੀ ਹੈ।


