ਸਰਪੰਚ ਲਖਵੰਤ ਸਿੰਘ ਵੱਲੋਂ ਪਿੰਡ ਸਾਫੂਵਾਲਾ ਦੇ ਲੋੜਵੰਦਾਂ ਦੇ ਘਰ ਘਰ ਪਹੁੰਚਾਇਆ ਜਾ ਰਿਹੈ ਰਾਸ਼ਨ

Tags: 

ਮੋਗਾ,3 ਅਪਰੈਲ(ਜਸ਼ਨ) : ਕਰੋਨਾ ਕਹਿਰ ਤੋਂ ਬਚਾਅ ਲਈ ਪਿੰਡਾਂ ਦੇ ਸਰਪੰਚ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਅ ਰਹੇ ਹਨ ਤਾਂ ਕਿ ਸਮਾਜਿਕ ਦੂਰੀ ਬਣਾਈ ਰੱਖਣ ਲਈ ਲੋਕਾਂ ਦਾ ਘਰਾਂ ਵਿਚ ਰਹਿਣਾ ਯਕੀਨੀ ਬਣਾਇਆ ਜਾ ਸਕੇ। ਇਸੇ ਤਰਾਂ ਦੀ ਕੋਸ਼ਿਸ਼ ਪਿੰਡ ਸਾਫੂਵਾਲਾ ਦੇ ਸਰਪੰਚ ਲਖਵੰਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਅਤੇ ਉਹ ਖਾਧ ਪਦਾਰਥਾਂ ਦੀ ਵੱਡੀ ਸਮੱਗਰੀ ਨੂੰ ਝੁੱਘੀ ਝੌਪੜੀਆਂ ਵਾਲਿਆਂ ਦੇ ਘਰਾਂ ਤੱਕ ਪਹੰੁਚਦਾ ਕਰਨ ਲਈ ਪਿੰਡ ਦੇ ਮੋਹਤਬਰਾਂ ਅਤੇ ਨੌਜਵਾਨਾਂ ਨਾਲ ਮਿਲ ਕੇ ਸਿਰ ਤੋੜ ਯਤਨ ਕਰ ਰਹੇ ਹਨ । ਸਰਪੰਚ ਲਖਵੰਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਧਾਇਕ ਡਾ: ਹਰਜੋਤ ਕਮਲ ਦੀ ਪ੍ਰੇਰਨਾ ਨਾਲ ਉਹ ਪਿੰਡ ਵਿਚ ਰਹਿ ਰਹੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡ ਰਹੇ ਹਨ ਤਾਂ ਕਿ ਕੋਈ ਵੀ ਪਰਿਵਾਰ ਅਤੇ ਉਹਨਾਂ ਦੇ ਬੱਚੇ ਹਰ ਹਾਲ ਵਿਚ ਭਰ ਪੇਟ ਖਾਣਾ ਖਾਣ। ਉਹਨਾਂ ਕਿਹਾ ਕਿ ਉਹਨਾਂ ਦੀ ਕੋਸ਼ਿਸ ਹੈ ਕਿ ਉਹ 14 ਅਪਰੈਲ ਨੂੰ ਕਰਫਿਊ ਖਤਮ ਹੋਣ ਤੱਕ ਲੋੜਵੰਦਾਂ ਦੀ ਮਦਦ ਜਾਰੀ ਰੱਖਣਗੇ। ਉਹਨਾਂ ਕਿਹਾ ਕਿ ਉਹ ਪਰਮਾਤਮਾ ਅੱਗੇ ਅਰਦਾਸ ਵੀ ਕਰਦੇ ਹਨ ਕਿ ਕਰੋਨਾ ਦਾ ਇਹ ਕਹਿਰ ਛੇਤੀ ਦੂਰ ਹੋਵੇ ਤਾਂ ਕਿ ਮਿਹਨਤਕਸ਼ ਪੰਜਾਬੀ ਫਿਰ ਆਪਣੇ ਆਪਣੇ ਕੰਮੀ ਲੱਗ ਜਾਣ ।