ਕਰੋਨਾ ਕਹਿਰ : ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਪਦਮਸ਼੍ਰੀ ਨਿਰਮਲ ਸਿੰਘ ਦੀ ਕਰੋਨਾ ਕਾਰਨ ਮੌਤ
ਅਮਿ੍ਰਤਸਰ,2 ਅਪਰੈਲ (ਜਸ਼ਨ): ਕਰੋਨਾ ਕਹਿਰ ਨੇ ਅੱਜ ਸਿੱਖ ਪੰਥ ਤੋਂ ਇਕ ਅਨਮੋਲ ਹੀਰਾ ਖੋਹ ਲਿਆ ਜਦੋਂ ਤੜਕਸਾਰ ਪਦਮ ਸ਼੍ਰੀ ਨਿਰਮਲ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਕਾਲ ਚਲਾਣਾ ਕਰ ਗਏ। 62 ਸਾਲਾ ਗਿਆਨੀ ਨਿਰਮਲ ਸਿੰਘ ਨੂੰ ਸੋਮਵਾਰ ਸ਼ਾਮ ਨੂੰ ਸਾਹ ਲੈਣ ਵਿਚ ਸਮੱਸਿਆ ਆਉਣ ’ਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਚ ਦਾਖਲ ਕਰਵਾਇਆ ਗਿਆ ਸੀ ਅਤੇ ਉਹਨਾਂ ਦੇ ਟੈਸਟ ਹੋਣ ਉਪਰੰਤ ਉਹ ਕਰੋਨਾ ਤੋਂ ਪਾਜ਼ੀਟਿਵ ਪਾਏ ਗਏ ਸਨ। ਆਪਣੀ ਸਿਹਤ ਦੀ ਨਾਸਜ਼ਗੀ ,ਸਾਹ ਦੀ ਤਕਲੀਫ ਅਤੇ ਬੁਖਾਰ ਦੇ ਚਲਦਿਆਂ ਨਿਰਮਲ ਸਿੰਘ ਖਾਲਸਾ ਨੇ ਖੁਦ ਫੋਨ ਕਰਕੇ ਡਾਕਟਰਾਂ ਨੂੰ ਦੱਸਿਆ ਸੀ ਪਰ ਇਸ ਦੇ ਬਾਵਜੂਦ ਹਸਪਤਾਲ ਵਿਚ ਜ਼ੇਰੇ ਇਲਾਜ ਗਿਆਨੀ ਨਿਰਮਲ ਸਿੰਘ ਨੂੰ ਬਚਾਇਆ ਨਹੀਂ ਜਾ ਸਕਿਆ ।‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨੂੰ ਪ੍ਰਾਪਤ ਜਾਣਕਾਰੀ ਮੁਤਾਬਕ ਗਿਆਨੀ ਨਿਰਮਲ ਸਿੰਘ ਦੇ ਜੱਥੇ ਦੇ ਦੇ ਮੈਂਬਰਾਂ ਅਤੇ ਗਿਆਨੀ ਜੀ ਦੇ 5 ਪਰਿਵਾਰਕ ਮੈਂਬਰਾਂ ਨੂੰ ਵੀ ਹਸਪਤਾਲ ਵਿਚ ਆਈਸੋਲੇਸ਼ਨ ਵਾਰਡ ਚ ਰੱਖ ਕੇ ਕਰੋਨਾ ਟੈਸਟ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਗਿਆਨੀ ਜੀ ਅਤੇ ਉਹਨਾਂ ਦਾ ਜੱਥਾ ਪਿਛਲੇ ਦਿਨੀਂ ਇੰਗਲੈਂਡ ਵਿਚ ਧਾਰਮਿਕ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਉਪਰੰਤ ਭਾਰਤ ਪਰਤਿਆ ਸੀ । ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਗਿਆਨੀ ਨਿਰਮਲ ਸਿੰਘ ਨੂੰ 2009 ਵਿਚ ਦੇਸ਼ ਦਾ ਵਕਾਰੀ ਸਨਮਾਨ ਪਦਮਸ਼੍ਰੀ ਦੇ ਕੇ ਨਿਵਾਜਿਆ ਗਿਆ ਸੀ। ********* ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -