ਸ਼ਹਿਰ ਦੇ 25 ਡਾਕਟਰ ਦੇਣਗੇ ਲੋਕਾਂ ਨੂੰ ਆਨਲਾਈਨ ਮੁਫਤ ਡਾਕਟਰੀ ਸੇਵਾ, ਵਿਧਾਇਕ ਡਾ: ਹਰਜੋਤ ਨੇ ਕਾਰਪੋਰੇਸ਼ਨ ਮੋਗਾ ਵਲੋਂ ਘਰੋ ਘਰੀਂ ਮੁੱਫਤ ਦਵਾਈਆਂ ਦੇਣ ਦੀ ਸੇਵਾ ਕਰਵਾਈ ਆਰੰਭ
ਮੋਗਾ,1 ਅਪਰੈਲ (ਜਸ਼ਨ):ਮੋਗਾ ਦੇ ਲੋਕਾਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਸਿੰਘ ਦੀ ਪ੍ਰੇਰਨਾ ਨਾਲ ਸ਼ਹਿਰ ਦੇ 25 ਡਾਕਟਰਾਂ ਨੇ ਲੋਕਾਂ ਨੂੰ ਆਨਲਾਈਨ ਮਸ਼ਵਰਾ (ਕੰਨਸਲਟੇਸ਼ਨ ) ਦੇਣ ਦਾ ਐਲਾਨ ਕੀਤਾ ਜਿਸ ਨਾਲ ਬੀਮਾਰ ਲੋਕਾਂ ਨੂੰ ਜਿੱਥੇ ਘਰ ਬੈਠੇ ਮੁੱਫਤ ਡਾਕਟਰੀ ਸਹਾਇਤਾ ਮਿਲੇਗੀ ਉੱਥੇ ਉਹਨਾਂ ਨੂੰ ਡਾਕਟਰ ਵੱਲੋਂ ਤਜਵੀਜ਼ ਕੀਤੀਆਂ ਦਵਾਈਆਂ ਵੀ ਮੁੱਫਤ ਦਿੱਤੀਆਂ ਜਾਣਗੀਆਂ ਅਤੇ ਇਹ ਦਵਾਈਆਂ ਮਰੀਜ਼ਾਂ ਦੇ ਘਰੇ ਨਿਗਮ ਦੇ ਕਰਮਚਾਰੀ ਪਹੁੰਚਦੀਆਂ ਕਰਨਗੇ। ਡਾ: ਹਰਜੋਤ ਨੇ ਕਰੋਨਾ ਕਰਫਿਊ ਦੇ ਚੱਲਦਿਆਂ ਗਰੀਬੀ ਰੇਖਾ ਤੋਂ ਹੇਠਾ ਰਹਿ ਰਹੇ ਲੋਕਾਂ ਵਾਸਤੇ ਪੰਜਾਬ ਸਰਕਾਰ ਦੇ ਆਦੇਸ਼ਾਂ ’ਤੇ ਕਾਰਪੋਰੇਸ਼ਨ ਅਧੀਨ ਪੈਂਦੇ ਲੋੜਵੰਦਾਂ ਨੂੰ ਰੋਜ਼ਾਨਾ 50 ਹਜ਼ਾਰ ਰੁਪਏ ਤਕ ਦਾ ਰਾਸ਼ਨ , ਦਵਾਈਆਂ ਅਤੇ ਹੋਰ ਸਹੂਲਤਾਂ ਦੀ ਪਰਕਿਰਿਆ ਨੂੰ ਰਸਮੀਂ ਤੌਰ ’ਤੇ ਆਰੰਭ ਕਰਵਾਇਆ।ਇਸ ਮੌਕੇ ਏ ਡੀ ਸੀ ਜਨਰਲ ਕਮ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਹਾਜ਼ਰ ਸਨ । ਇਸ ਯੋਜਨਾ ਤਹਿਤ ਅੱਜ ਤੋਂ ਹੀ ਨਗਰ ਨਿਗਮ ਵੱਲੋਂ ਰੋਜ਼ਾਨਾ 100 ਵਿਅਕਤੀਆਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ ਜੋ ਕਿ ਇਕ ਪਰਿਵਾਰ ਲਈ 10 ਦਿਨ ਵਾਸਤੇ ਕਾਫ਼ੀ ਹੋਵੇਗਾ। ਡਾ: ਹਰਜੋਤ ਨੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਫੀਲਡ ਵਿਚ ਕੰਮ ਕਰ ਰਹੇ ਕਰਮਚਾਰੀਆਂ ਦੀ ਕਰੋਨਾ ਵਾਇਰਸ ਤੋਂ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੱਜ ਤੋਂ ਹੋਰ ਸੈਨੇਟਾਈਜ਼ਰ ,ਦਸਤਾਨੇ ਅਤੇ ਮਾਸਕ ਵੀ ਉਨ੍ਹਾਂ ਨੂੰ ਵੰਡੇ ਜਾ ਰਹੇ ਹਨ। ਇਸ ਮੌਕੇ ਜਗਸੀਰ ਸਿੰਘ ਸੀਰਾ ਚਕਰ,ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ: ਸੰਜੀਵ ਮਿੱਤਲ, ਜਤਿੰਦਰ ਬਹਿਲ ਸਾਬਕਾ ਪ੍ਰਧਾਨ ਮੈਡੀਕਲ ਰੀਪਰਸੈਨਟੇਟਿਵ ਐਸੋਸੀਏਸ਼ਨ,ਗੁਰਚਰਨ ਸਿੰਘ ਮਸਤਾਨਾ ਪੀ ਏ ਅਤੇ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। ਵਿਧਾਇਕ ਡਾ: ਹਰਜੋਤ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਆਪਣੀਆਂ ਸੇਵਾਵਾਂ ਦੇਣ ਲਈ ਧੰਨਵਾਦ ਵੀ ਕੀਤਾ। ਵਿਧਾਇਕ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਰੋਨਾ ਕਾਰਨ ਵਿਸ਼ਵ ਵੱਡੀ ਮੰਦਹਾਲੀ ਵੱਲ ਵੱਧ ਰਿਹਾ ਹੈ ਅਤੇ ਹੁਣ ਆਮ ਲੋਕਾਂ ਨੂੰ ਵੀ ਮਹਿੰਗਾਈ ਨਾਲ ਜੂਝਣਾ ਪਵੇਗਾ ,ਇਸ ਕਰਕੇ ਸ਼ਹਿਰ ਵਿਚ ਪੰਜ ਮੁਨਿਆਦੀ ਵਾਲੀਆਂ ਗੱਡੀਆਂ ਕੱਲ ਸਵੇਰ ਤੋਂ ਭੇਜੀਆਂ ਜਾਣਗੀਆਂ ਜੋ ਲੋਕਾਂ ਵੱਲੋਂ ਆਪਣੇ ਘਰਾਂ ਵਿਚ ਪਏ ਫਾਲਤੂ ਪਰ ਵਰਤੋਂਯੋਗ ਸਮਾਨ, ਕਪੜੇ ਅਤੇ ਰਾਸਨ ਨੂੰ ਦਾਨ ਵਜੋਂ ਦਿੱਤੇ ਜਾਣ ਉਪਰੰਤ ਨਗਰ ਨਿਗਮ ਕੋਲ ਜਮ੍ਹਾ ਕਰਵਾਉਣਗੀਆਂ ਤਾਂ ਕਿ ਇਹ ਵਰਤੋਂਯੋਗ ਸਮਾਨ ਲੋੜਵੰਦ ਲੋਕਾਂ ਨੂੰ ਮੁਹੱਈਆ ਕਰਵਾਇਆ ਜਾ ਸਕੇ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਸ਼ੈਲਰ ਮਾਲਿਕਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਯਥਾ ਸੰਭਵ ਚੌਲ ਜਾਂ ਹੋਰ ਰਾਸ਼ਨ ਨਗਰ ਨਿਗਮ ਕੋਲ ਜਮ੍ਹਾ ਕਰਵਾਉਣ ਤਾਂ ਕਿ ਪੰਜਾਬ ਸਰਕਾਰ ਵੱਲੋਂ ਭੇਜੇ ਰਾਸ਼ਨ ਅਤੇ ਸਮਾਜ ਸੇਵੀਆਂ ਵੱਲੋਂ ਭੇਜੇ ਰਾਸ਼ਨ ਨੂੰ ਸੰਯੁਕਤ ਰੁੂਪ ਵਿਚ ਹਰ ਲੋੜਵੰਦ ਤੱਕ ਪਹੁੰਚਾਇਆ ਜਾ ਸਕੇ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ