ਡੀ ਸੀ ਨੇ ਵਿਭਾਗਾਂ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਫਤਰਾਂ ਵਿਚ ਹਾਜ਼ਰ ਹੋਣ ਦੇ ਕੀਤੇ ਹੁਕਮ,ਕਰਮਚਾਰੀਆਂ ਨੇ ਕਰਫਿਊ ਪਾਸ ਨਾ ਹੋਣ ਕਾਰਨ ਜਤਾਈ ਅਸਮਰੱਥਤਾ,ਐੱਸ ਐੱਸ ਪੀ ਮੁਤਾਬਕ ਆਈ ਡੀ ਕਾਰਡ ਹੀ ਕਰਫਿਊ ਪਾਸ ਸਮਝੇ ਜਾਣਗੇ

ਮੋਗਾ,30 ਮਾਰਚ (ਜਸ਼ਨ) : ਡਿਪਟੀ ਕਮਿਸ਼ਨਰ ਮੋਗਾ ਨੇ ਅੱਜ ਮੋਗਾ ਜ਼ਿਲ੍ਹੇ ਦੇ 46 ਵਿਭਾਗਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰਦਿਆਂ ਹਦਾਇਤ ਕੀਤੀ ਹੈ ਕਿ ਇਹਨਾਂ ਵਿਭਾਗਾਂ ਦੇ ਸਾਰੇ ਕਰਮਚਾਰੀ ਦਫਤਰਾਂ ਵਿਚ ਹਾਜ਼ਰ ਰਹਿਣਗੇ । ਇਹ ਹੁਕਮ ਕਰੋਨਾ ਸੰਕਟ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਹਨ । ਹੁਕਮਾਂ ਮੁਤਾਬਕ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਸਟੇਸ਼ਨ ਨਾ ਛੱਡਿਆ ਜਾਵੇ । ਹੁਕਮਾਂ ਵਿਚ ਇਹ ਵੀ ਆਖਿਆ ਗਿਆ ਹੈ ਕਿ ਜੇ ਕੋਈ ਅਧਿਕਾਰੀ ਜਾਂ ਕਰਮਚਾਰੀ ਡਿਊਟੀ ਤੋਂ ਗੈਰਹਾਜ਼ਰ ਪਾਇਆ ਗਿਆ ਤਾਂ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ । ਇਹ ਹੁਕਮ ਜਾਰੀ ਹੰੁਦਿਆਂ ਹੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਚ ਹਫੜਾ ਦਫੜੀ ਮੱਚ ਗਈ ਕਿਉਂਕਿ ਕਈ ਕਰਮਚਾਰੀ ਮੋਗਾ ਤੋਂ ਬਾਹਰਲੇ ਸ਼ਹਿਰਾਂ ਜਾਂ ਪਿਡਾਂ ਤੋਂ ਆਉਂਦੇ ਹਨ ਅਤੇ ਕਰਫਿਊ ਲੱਗਣ ਤੋਂ ਬਾਅਦ ਉਹਨਾਂ ‘ਚੋਂ ਕਈ ਡਿਊਟੀ ’ਤੇ ਨਹੀਂ ਆ ਰਹੇ ਸਨ ਪਰ ਹੁਣ ਉਹਨਾਂ ਦਾ ਆਖਣਾ ਹੈ ਕਿ ਜਦੋਂ ਉਹ ਘਰੋਂ ਨਿਕਲਦੇ ਹਨ ਤਾਂ ਕਰਫਿਊ ਪਾਸ ਨਾ ਹੋਣ ਕਾਰਨ ਪੁਲਿਸ ਉਹਨਾਂ ਨੂੰ ਵਾਪਸ ਭੇਜ ਦਿੰਦੀ ਹੈ। ਕੁਝ ਕਰਮਚਾਰੀਆਂ ਦਾ ਆਖਣਾ ਹੈ ਕਿ ਇਕ ਪਾਸੇ ਸਰਕਾਰ ਸੋਸ਼ਲ ਡਿਸਟੈਂਸ ਰੱਖਣ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ ਪਰ ਦੂਜੇ ਪਾਸੇ ਦਫਤਰਾਂ ਵਿਚ ਸਮਾਜਿਕ ਦੂਰੀ ਕਿਵੇਂ ਕਾਇਮ ਰਹੇਗੀ । ਕੁਝ ਕਰਮਚਾਰੀ ਪਬਲਿਕ ਟਰਾਂਸਪੋਰਟ ’ਤੇ ਆਪਣੀਆਂ ਨੌਕਰੀਆਂ ’ਤੇ ਅਪੜਦੇ ਹਨ ਉਹਨਾਂ ਵਾਸਤੇ ਦਫਤਰ ਹਾਜ਼ਰ ਹੋਣਾ ਇਕ ਚੁਣੌਤੀ ਹੋਵੇਗਾ। ਅਜਿਹੇ ਕਰਮਚਾਰੀ ਵਾਪਸ ਆਪਣੇ ਘਰੀਂ ਕਿਵੇਂ ਜਾਣਗੇ ਅਤੇ ਸਟੇਸ਼ਨ ਨਾ ਛੱਡਣ ਦੀ ਸ਼ਰਤ ਕਾਰਨ ਉਹਨਾਂ ਦੀ ਰਿਹਾਇਸ਼ ਦਾ ਕੀ ਪ੍ਰਬੰਧ ਹੋਵੇਗਾ ਇਹ ਵੀ ਵਿਚਾਰਨ ਦਾ ਵਿਸ਼ਾ ਹੈ। 
ਇਸ ਸਬੰਧੀ ਜਦੋਂ ਮੋਗਾ ਜ਼ਿਲ੍ਹੇ ਦੇ ਐੱਸ ਐੱਸ ਪੀ ਹਰਮਨਬੀਰ ਸਿੰਘ ਗਿੱਲ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਕਿ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਆਈ ਡੀ ਕਾਰਡ ਹੀ ਕਰਫਿਊ ਪਾਸ ਸਮਝੇ ਜਾਣਗੇ ਅਤੇ ਉਹਨਾਂ ਨੂੰ ਆਪਣੇ ਦਫਤਰ ਆਉਣ ਅਤੇ ਵਾਪਸ ਜਾਣ ਵਿਚ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।