ਮੋਗਾ ਪੁਲਿਸ ਨੇ 4 ਕਿਲੋ 290 ਗ੍ਰਾਮ ਹੈਰੋਇਨ ਅਤੇ ਇਕ ਪਿਸਟਲ ਕੀਤੀ ਬਰਾਮਦ,ਫੜ੍ਹੇ ਗਏ ਸਮੱਗਲਰ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਗਹਿਰੇ ਸਬੰਧ : ਐੱਸ ਐੱਸ ਪੀ ਹਰਮਨਬੀਰ ਸਿੰਘ ਗਿੱਲ

ਮੋਗਾ,24 ਮਾਰਚ (ਜਸ਼ਨ) :ਅੱਜ ਮੋਗਾ ਦੇ ਐੱਸ ਐੱਸ ਪੀ ਹਰਮਨਬੀਰ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੋਗਾ ਦੇ ਸੀ ਆਈ ਏ ਸਟਾਫ਼ ਵੱਲੋਂ ਬਗੀਚਾ ਸਿੰਘ ਨਾਮ ਦੇ ਵਿਅਕਤੀ ਕੋਲੋਂ ਚਾਰ ਕਿਲੋ 290 ਗ੍ਰਾਮ ਹੈਰੋਇਨ ਅਤੇ ਇਕ ਪਿਸਟਲ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਗਿ੍ਰਫਤਾਰ ਕੀਤਾ ਵਿਅਕਤੀ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਨਾਗਰ ਕੇ ਚੁੱਘੇ ਦਾ ਵਾਸੀ ਹੈ। ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਦੱਸਿਆ ਕਿ ਸੀ ਆਈ ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਨੇ ਬਗੀਚਾ ਸਿੰਘ ਨਾਮ ਦੇ ਵਿਅਕਤੀ ਨੂੰ ਮੋਗਾ ਦੇ ਕਸਬੇ ਧਰਮਕੋਟ ਨੇੜਿਓਂ ਗਿ੍ਰਫਤਾਰ ਕਰਕੇ ਉਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ ਪਰ ਰਿਮਾਂਡ ਦੌਰਾਨ ਬਗੀਚਾ ਸਿੰਘ ਨੇ ਇਕਸ਼ਾਫ ਕੀਤਾ ਕਿ ਉਸ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹਨ । ਉਸ ਨੇ ਮੰਨਿਆ ਕਿ ਉਸ ਨੇ ਸਮੱਗਲਰਾਂ ਨਾਲ ਇੰਟਰਨੈਂਟ ਰਾਹੀਂ ਗੱਲ ਕਰਕੇ ਭਾਰਤ ਪਾਕਿ ਸਰਹੱਦ ‘ਤੇ ਭਾਰਤ ਵਾਲੀ ਸਾਈਡ ’ਤੇ ਬਾਰੇਕੇ ਕੋਲ ਤਾਰਾਂ ਤੋਂ ਪਾਰ ਆਪਣੀ ਜ਼ਮੀਨ ਵਿਚ ਚਾਰ ਬੋਤਲਾਂ ਵਿਚ ਹੈਰੋਇਨ ਅਤੇ ਪਿਸਤੌਲ ਮੰਗਵਾ ਕੇ ਰੱਖਵਾਇਆ ਹੋਇਆ ਹੈ । ਐੱਸ ਐੱਸ ਪੀ ਨੇ ਦੱਸਿਆ ਕਿ ਇਸ ’ਤੇ ਕਾਰਵਾਈ ਕਰਦਿਆਂ ਜੰਗਜੀਤ ਸਿੰਘ ਡੀ ਐੱਸ ਪੀ ਮੋਗਾ ਅਤੇ ਇੰਸਪੈਕਟਰ ਕਿੱਕਰ ਸਿੰਘ ਨੇ ਬੀ ਐੱਸ ਐੱਫ ਦੇ ਅਧਿਕਾਰੀਆਂ ਦੀ ਮਦਦ ਨਾਲ ਬਗੀਚਾ ਸਿੰਘ ਦੀ ਨਿਸ਼ਾਨਦੇਹੀ ’ਤੇ ਕੰਡਿਆਲੀ ਤਾਰ ਤੋਂ ਪਾਰ ਬਗੀਚਾ ਸਿੰਘ ਅਤੇ ਉਸ ਦੇ ਭਰਾਵਾਂ ਦੀ ਸਾਂਝੀ ਜ਼ਮੀਨ ਵਿਚੋਂ ਚਾਰ ਬੋਤਲਾਂ ਵਿਚ ਰੱਖੀ ਹੋਈ ਚਾਰ ਕਿਲੋ 290 ਗ੍ਰਾਮ ਹੈਰੋਇਨ ਅਤੇ ਇਕ ਪਿਸਟਲ ਬਰਾਮਦ ਕਰ ਲਿਆ ਹੈ। ਐੱਸ ਐੱਸ ਪੀ ਨੇ ਦੱਸਿਆ ਕਿ ਬਗੀਚਾ ਸਿੰਘ ਦਾ ਭਰਾ ਅਮਰੀਕ ਸਿੰਘ ਵੀ ਹੈਰੋਇਨ ਦੇ ਕੇਸ ਵਿਚ ਅੰਮਿ੍ਰਤਸਰ ਜੇਲ੍ਹ ਵਿਚ ਬੰਦ ਹੈ । ਉਹਨਾਂ ਆਖਿਆ ਕਿ ਪੁਲਿਸ ਬਗੀਚਾ ਸਿੰਘ ਤੋਂ ਹੋਰ ਡੰੂਘਾਈ ਨਾਲ ਪੁੱਛਗਿੱਛ ਕਰ ਰਹੀ ਹੈ ਕਿਉਂਕ ਬਗੀਚਾ ਸਿੰਘ ਖਿਲਾਫ਼ ਪਹਿਲਾਂ ਵੀ ਇਕ ਕਿਲੋ 100 ਗ੍ਰਾਮ ਹੈਰੋਇਨ ਬਰਾਮਦ ਹੋਣ ਦੇ ਮਾਮਲੇ ਤਹਿਤ ਥਾਣਾ ਸ਼ਾਹਕੋਟ ਵਿਖੇ ਕੇਸ ਦਰਜ ਹੈ।


