ਮੋਗਾ ‘ਚ ਲੱਗੇ ਕਰਫਿਊ ਦੌਰਾਨ ਪ੍ਰਸ਼ਾਸਨ ਵੱਲੋਂ ਕੀਤੇ ਯਤਨਾਂ ਨਾਲ ਮੋਗਾ ਪੂਰੀ ਤਰਾਂ ਬੰਦ ,ਸਮਾਜਿਕ ਦੂਰੀ ਬਣਾਈ ਰੱਖਣ ਲਈ ਪ੍ਰਸ਼ਾਸਨ ਪੂਰੀ ਤਰਾਂ ਚੌਕਸ

ਮੋਗਾ,24 ਮਾਰਚ (ਜਸ਼ਨ): ਕਰੋਨਾ ਵਾਇਰਸ ਦੇ ਪ੍ਰਭਾਵ ਤੋਂ ਛੁਟਕਾਰਾ ਪਾਉਣ ਲਈ ਸਮਾਜਿਕ ਦੂਰੀ ਦੇ ਸਿਧਾਂਤ ਨੂੰ ਸਫ਼ਲ ਕਰਨ ਲਈ ਡਿਪਟੀ ਕਮਿਸ਼ਨਰ ਮੋਗਾ ਵੱਲੋਂ ਜਾਰੀ ਹੁਕਮਾਂ ਮੁਤਾਬਕ ਮੋਗਾ  ਜ਼ਿਲ੍ਹੇ ਵਿਚ ਅਗਲੇ ਹੁਕਮਾਂ ਤੱਕ ਲਗਾਏ ਕਰਫਿਊ ਦੌਰਾਨ ਮੋਗਾ ਸੰਪੂਰਨ ਤੌਰ ’ਤੇ ਬੰਦ ਹੈ।

ਅੱਜ ਐੱਸ ਐੱਸ ਪੀ ਮੋਗਾ ਹਰਮਨਬੀਰ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਆਖਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਲੋਕਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਮੋਗਾ ‘ਚ ਮੁਕੰਮਲ ਬੰਦ ਰੱਖਿਆ ਜਾ ਰਿਹੈ। ਉਹਨਾਂ ਦੱਸਿਆ ਕਿ ਕਰਫਿਊ ਦੀ ਉਲੰਘਣਾ ਕਰਨ ਵਾਲੇ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹਨਾਂ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਅਫਵਾਹਾਂ ’ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਸ਼ਾਮ ਪੰਜ ਵਜੇ ਤੋਂ ਸੱਤ ਵਜੇ ਤੱਕ ਸਿਰਫ਼ ਦੋਧੀਆਂ ਨੂੰ ਘਰੋ ਘਰੀ ਦੁੱਧ ਪਹੁੰਚਾਉਣ ਦੀ ਛੋਟ ਦਿੱਤੀ ਗਈ ਹੈ। ਮੋਗਾ ਤੋਂ ਪ੍ਰਸਾਰ ਭਾਰਤੀ ਦੀ ਪ੍ਰਤੀਨਿੱਧ ਜਸ਼ਨ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦਿਆਂ ਦੱਸਿਆ ਕਿ ਭਿੰਡਰਕਲਾਂ,ਜਲਾਲਾਬਾਦ ,ਲੰਢੇਕੇ ਅਤੇ ਧੱਲੇਕੇ ਆਦਿ ਵਿਚ ਸੰਪੂਰਨ ਬੰਦ ਹੈ ਅਤੇ ਕੋਈ ਵੀ ਵਿਅਕਤੀ ਸੜਕਾਂ ’ਤੇ ਨਹੀਂ ਘੁੰਮ ਰਿਹਾ । ਰੁੱਕ ਰੁੱਕ ਕੇ ਪੈ ਰਹੇ ਮੀਂਹ ਕਾਰਨ ਵੀ ਲੋਕ ਘਰਾਂ ਵਿਚ ਬੈਠੇ ਹੋਏ ਹਨ।

ਡੀ ਐੱਸ ਪੀ ਸਿਟੀ ਪਰਮਜੀਤ ਸਿੰਘ ਸੰਧੂ ਨੇ ਅੱਜ ਮੋਗਾ ਦੇ ਮੇਨ ਬਜ਼ਾਰ  ਅਤੇ ਮੁੱਖ ਸੜਕਾਂ ’ਤੇ ਗੱਡੀਆਂ ਦੇ ਸ਼ਹਿਰ ਦੇ ਹੋਰਨਾਂ ਖੇਤਰਾਂ ਵਿਚ ਕਰਫਿਊ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਗਸ਼ਤ ਕਰ ਰਹੇ ਹਨ ।ਕਰਫਿਊ ਨੂੰ ਸਫ਼ਲ ਕਰਨ ਲਈ ਪ੍ਰਸ਼ਾਸਨ ਵੱਲੋਂ ਜਿੱਥੇ ਲੋਕਾਂ ਨੂੰ ਸੁਚੇਤ ਕਰਨ ਲਈ ਮੁਨਿਆਦੀ ਕਰਵਾਈ ਜਾ ਰਹੀ ਹੈ ਉੱਥੇ ਗੁਰਦੁਆਰਾ ਸਾਹਿਬਾਨ ਤੋਂ ਸਮੇਂ ਸਮੇਂ ’ਤੇ ਹੋਕਾ ਦਿਵਾਇਆ ਜਾ ਰਿਹਾ ਕਿ ਕਰੋਨਾ ਵਾਇਰਸ ਤੋਂ ਬਚਾਅ ਲਈ ਸਮਾਜਿਕ ਦੂਰੀ ਨੂੰ ਬਣਾਈ ਰੱਖਣ ਵਿਚ ਹੀ ਸਭਨਾਂ ਦੀ ਭਲਾਈ ਹੈ। ਸਿਹਤ ਵਿਭਾਗ ਵੱਲੋਂ ਕਰੋਨਾ ਤੋਂ ਬਚਾਅ ਲਈ ਸੈਨੇਟਾਈਜੇਸ਼ਨ ਮੁਹਿੰਮ ਤਹਿਤ ਸਾਰੀਆਂ ਐਂਬੂਲੈਂਸਾਂ ਨੂੰ ਕੀਟਾਣੂੰ ਰਹਿਤ ਕਰਨ ਲਈ ਸੋਡੀਅਮ ਹਾਈਪੋਕਲੋਰਾਈਟ ਦੀ ਸਪਰੇਅ ਕੀਤੀ ਜਾ ਰਹੀ ਹੈ। ਹਾਲ ਦੀ ਘੜੀ ਸਿਵਲ ਹਸਪਤਾਲ ਵਿਚ ਬਣੇ ਆਈਸੋਲੇਸ਼ਨ ਵਾਰਡ ਵਿਚ ਜ਼ਿਲ੍ਹੇ ਦੇ ਤਿੰਨ ਸ਼ੱਕੀ ਮਰੀਜ਼ਾਂ ਨੂੰ ਰੱਖਿਆ ਗਿਆ ਹੈ ਜਿਹਨਾਂ ਵਿਚ ਕਰੋਨਾਂ ਦੇ ਲੱਛਣ ਪਾਏ ਗਏ ਸਨ । ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਹੁਣ ਤੱਕ ਕੋਈ ਵੀ ਵਿਅਕਤੀ ਕਰੋਨਾ ਤੋਂ ਪੀੜਤ ਨਹੀਂ ਪਾਇਆ ਗਿਆ। ਕਰਫਿਊ ਦੌਰਾਨ ਸੜਕਾਂ ’ਤੇ ਕੇਵਲ ਪੁਲਿਸ ਬਲ ਹੀ ਨਜ਼ਰ ਆ ਰਹੇ ਹਨ ਜੋ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਪੁੱਛਗਿੱਛ ਦੌਰਾਨ ਸੰਤੁਸ਼ਟ ਜਵਾਬ ਮਿਲਣ ’ਤੇ ਹੀ ਆਪਣੀ ਮੰਜ਼ਿਲ ਵੱਲ ਵਧਣ ਦੀ ਆਗਿਆ ਦੇ ਰਹੇ ਹਨ।  ਪੁਲਿਸ ਵੱਲੋਂ ਸਿਰਫ਼ ਸਿਹਤ ਕਾਮਿਆਂ ਨੂੰ ਹੀ ਸਰਗਰਮੀ ਲਈ ਆਗਿਆ ਦਿੱਤੀ ਜਾ ਰਹੀ ਹੈ।