ਬਾਬਾ ਗੁਰਦੀਪ ਸਿੰਘ ਨੂੰ ਸਨਮਾਨਿਤ ਕਰਦਿਆਂ ਸਿੰਘ ਸਾਹਿਬ ਗਿ:ਗੁਰਬਚਨ ਸਿੰਘ ਨੇ ਆਖਿਆ ‘‘ ਸੰਤ ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲਿਆਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜ ਸ਼ਲਾਘਾਯੋਗ ’’

ਬਾਘਾਪੁਰਾਣਾ,21 ਮਾਰਚ (ਜਸ਼ਨ) : ਸਮਾਜ ਭਲਾਈ ਕੰਮਾਂ ਪ੍ਰਤੀ ਅਤੇ ਧਰਮ ਪ੍ਰਚਾਰ ਕਾਰਨ ਦੇਸ਼ ਵਿਦੇਸ਼ ਵਿਚ ਪ੍ਰਸਿੱਧ ਹੋਇਆ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਅਤੇ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ (ਮੋਗਾ) ਜਿੱਥੇ ਹਮੇਸ਼ਾ ਲੋਕਾਂ ਦੀ ਭਲਾਈ ਲਈ ਅਨੇਕਾ ਕਾਰਜ ਮੱਖ ਸੇਵਦਾਰ ਸਮਾਜਸੇਵੀ ਸੰਤ ਬਾਬਾ ਗੁਰਦੀਪ ਸਿੰਘ ਕਰ ਰਹੇ ਹਨ ਉਹ ਸ਼ਲਾਘਾਯੋਗ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲਿਆਂ ਨੂੰ ਸਨਮਾਨਿਤ ਕਰਨ ਮੌਕੇ ਕੀਤਾ। ਸਿੰਘ ਸਾਹਿਬ ਨੇ ਆਖਿਆ ਕਿ ਇਸ ਪਵਿੱਤਰ ਸਥਾਨ ’ਤੇ ਮਾਲਵੇ ਦਾ ਸਭ ਤੋਂ ਵੱਡਾ ਬਿਰਧ ਆਸ਼ਰਮ ਚਲਾਉਣਾ ,ਗਰੀਬ ਲੜਕੀਆਂ ਦੇ ਵਿਆਹ ਕਰਨੇ ,ਹਰ ਸਾਲ ਵੱਡੇ ਪੱਧਰ ’ਤੇ ਅੰਗਹੀਣਾ ਨੂੰ ਟਰਾਈ ਸਾਈਕਲ ਵੰਡਣੇ ,ਭਰੂਣ ਹੱਤਿਆ ਰੋਕਣ ਲਈ ਸਮਾਗਮ ਕਰਵਾ ਕੇ ਮਾਈਆਂ ਬੀਬੀਆਂ ਨੂੰ ਕੇਸਰੀ ਦੁਪੱਟੇ ਵੰਡਣੇ ,ਪੂਰਨਮਾਸ਼ੀ ਮੌਕੇ ਅਮਿ੍ਰਤ ਸੰਚਾਰ ਕਰਵਾਉਣਾ ,ਪੌਦੇ ਵੰਡਣੇ ਅਤੇ ਗਰੀਬ ਪਰਿਵਾਰਾਂ ਨੂੰ ਮਕਾਨ ਬਣਾ ਕੇ ਦੇਣ ਵਰਗੇ ਅਨੇਕਾ ਸਮਾਜ ਭਲਾਈ ਦੇ ਕਾਰਜ ਸੰਤ ਬਾਬਾ ਨਛੱਤਰ ਸਿੰਘ ਚੰਦਪੁਰਾਣੇ ਵਾਲਿਆਂ ਨੇ ਆਰੰਭੇ ਸਨ ਅਤੇ ਉਹਨਾਂ ਦੇ ਭਰਾਤਾ ਬਾਬਾ ਗੁਰਦੀਪ ਸਿੰਘ ਉਸੇ ਰਵਾਇਤ ਨੂੰ ਅੱਗੇ ਵਧਾ ਰਹੇ ਹਨ ,ਇਸ ਲਈ ਅਜਿਹੇ ਮਹਾਪੁਰਖਾਂ ਦਾ ਸਨਮਾਨ ਕਰਨਾ ਜ਼ਰੂਰੀ ਹੈ ਤਾਂ ਕਿ ਲੋਕ ਭਲਾਈ ਦੇ ਕਾਰਜਾਂ ਲਈ ਸੰਤਾਂ ਦਾ ਉਤਸ਼ਾਹ ਬਣਿਆ ਰਹੇ । ਸਿੰਘ ਸਾਹਿਬ ਨੇ ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲਿਆਂ ਨੂੰ ਸੰਗਤਾਂ ਦੀ ਮੌਜੂਦਗੀ ਵਿਚ ਗੁਰੂਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।