ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਨਿਯੁਕਤੀ ’ਤੇ ਇਤਰਾਜ਼ ਕਰਕੇ ਬਰਜਿੰਦਰ ਬਰਾੜ ਨੇ ਹਿੰਦੂ ਭਾਈਚਾਰੇ ਨੂੰ ਪਹੁੰਚਾਈ ਠੇਸ :ਵਿਨੋਦ ਬਾਂਸਲ ਚੇਅਰਮੈਨ ਇੰਪਰੂਵਮੈਂਟ ਟਰੱਸਟ

ਮੋਗਾ,20 ਮਾਰਚ (ਜਸ਼ਨ): ਕਾਂਗਰਸ ਹਾਈ ਕਮਾਂਡ ਵੱਲੋਂ ਮੋਗਾ ਮਾਰਕੀਟ ਕਮੇਟੀ ਦੇ ਚੇਅਰਮੈਨ ਟਕਸਾਲੀ ਕਾਂਗਰਸੀ ਰਾਮਪਾਲ ਧਵਨ ਨੂੰ ਨਿਯੁਕਤ ਕਰਨ ’ਤੇ ਸਾਬਕਾ ਚੇਅਰਮੈਨ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਪਿ੍ਰੰਟ ਮੀਡੀਆ ਜ਼ਰੀਏ ਪ੍ਰਗਟਾਏ ਪ੍ਰਤੀਕਰਮ ਨਾਲ ਮੋਗੇ ਦੀ ਸਿਆਸਤ ਗਰਮਾ ਗਈ ਹੈ। ਅੱਜ ਅਖਬਾਰਾਂ ਵਿਚ ਬਰਜਿੰਦਰ ਸਿੰਘ ਬਰਾੜ ਵੱਲੋਂ ਦਿੱਤੇ ਬਿਆਨ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਇਕ ਹਿੰਦੂ ਵਰਗ ਨਾਲ ਸਬੰਧਤ ਵਿਅਕਤੀ ਨੂੰ ਬਣਾਇਆ ਗਿਆ ਹੈ ਜਿਸ ਦਾ ਸਬੰਧ ਕਿਸਾਨੀ ਨਾਲ ਨਹੀਂ ਹੈ ’ਤੇ ਪਲਟਵਾਰ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਮੋਗਾ ਇੰਪਰੂਵਮੈਂਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਆਖਿਆ ਕਿ ਅੱਜ ਬਰਜਿੰਦਰ ਸਿੰਘ ਬਰਾੜ ਵੱਲੋਂ ਦਿੱਤੇ ਹਿੰਦੂ ਵਿਰੋਧੀ ਬਿਆਨ ਨਾਲ ਬਿੱਲੀ ਥੈਲੇ ਵਿਚੋਂ ਬਾਹਰ ਆ ਗਈ ਹੈ ਤੇ ਸਪੱਸ਼ਟ ਹੋ ਗਿਆ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਧਰਮ ਦੇ ਨਾਮ ’ਤੇ ਲੋਕਾਂ ਨੂੰ ਵੰਡ ਕੇ ਸੱਤਾ ਵਿਚ ਕਾਬਜ਼ ਹੋਣ ਦੀ ਰਾਜਨੀਤੀ ਕਰਦਾ ਹੈ। ਸ਼੍ਰੀ ਬਾਂਸਲ ਨੇ ਕਿਹਾ ਕਿ ਹਿੰਦੂ ਵਰਗ ਨੂੰ ਠੇਸ ਪਹੰੁਚਾਉਣ ਵਾਲੇ ਬਰਜਿੰਦਰ ਸਿੰਘ ਬਰਾੜ ਇਕ ਪੜ੍ਹੇ ਲਿਖੇ ਆਗੂ ਤੋਂ ਅਜਿਹੇ ਬਿਆਨ ਦੀ ਤਵੱਕੋਂ ਨਹੀਂ ਕੀਤੀ ਜਾ ਸਕਦੀ ਸੀ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਮਾਰਕੀਟ ਕਮੇਟੀ ਮਹਿਜ਼ ਕਿਸਾਨੀ ਮਸਲਿਆਂ ਨਾਲ ਨਹੀਂ ਸਗੋਂ ਵਪਾਰੀ ਵਰਗ ਦੇ ਨਾਲ ਨਾਲ ਆੜਤੀਏ ਅਤੇ ਸ਼ੈਲਰ ਮਾਲਕ ਵੀ ਜੁੜੇ ਹੋਏ ਹਨ, ਅਤੇ ਹਿੰਦੂ ਹੋਣ ਦਾ ਮਤਲਬ ਇਹ ਨਹੀਂ ਕਿ ਕਿਸੇ ਨੂੰ ਕਿਰਸਾਨੀ ਦੀ ਸਮਝ ਨਾ ਹੋਵੇ। ਉਹਨਾਂ ਕਿਹਾ ਕਿ ਚੇਅਰਮੈਨ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਕਿਰਸਾਨੀ ਕਰਨੀ ਆਉਂਦੀ ਹੋਵੇ ਸਗੋਂ ਉਸ ਦਾ ਫਰਜ਼ ਕਿਸਾਨ ਦੀ ਉਪਜ ਨੂੰ ਸਮੇਂ ਸਿਰ ਅਤੇ ਉੱਚਿਤ ਢੰਗ ਨਾਲ ਮੰਡੀਕਰਨ ਕਰਨਾ ਹੁੰਦਾ ਹੈ। ਉਹਨਾਂ ਕਿਹਾ ਕਿ ਚੇਅਰਮੈਨ ਧਵਨ ਹਿੰਦੂ ਵਰਗ ਦਾ ਜ਼ਰੂਰ ਹੈ ਪਰ ਸ਼ਾਇਦ ਬਰਜਿੰਦਰ ਬਰਾੜ ਨੇ ਬਾਕੀ ਦੇ ਕਮੇਟੀ ਮੈਂਬਰਾਂ ਦੇ ਨਾਮ ਪੜ੍ਹਨ ਦੀ ਜ਼ਹਿਮਤ ਨਹੀਂ ਉਠਾਈ ਵਰਨਾ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਪਾਣੀਆਂ ਦੇ ਰਾਖੇ ਅਤੇ ਹਮੇਸ਼ਾ ਕਿਸਾਨਾਂ ਨੂੰ ਮੰਡੀਆਂ ‘ਚ ਰੁਲਣ ਤੋਂ ਬਚਾਉਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਮੇਟੀ ਵਿਚ ਤਕਰੀਬਨ ਸਾਰੇ ਮੈਂਬਰ ਪਿੰਡਾਂ ਅਤੇ ਕਿਰਸਾਨੀ ਪਿੱਠ ਭੂਮੀ ਵਾਲੇ ਲਏ ਹਨ। ਸ਼੍ਰੀ ਬਾਂਸਲ ਨੇ ਆਖਿਆ ਕਿ ਬਰਜਿੰਦਰ ਸਿੰਘ ਬਰਾੜ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਨਗਰ ਨਿਗਮ ਤੋਂ ਪਹਿਲਾਂ ਨਗਰ ਕੌਂਸਲ ਦੇ ਗਠਨ ਮੌਕੇ ਲੋਕਾਂ ਅਤੇ ਸਮੂਹ ਕੌਂਸਲਰਾਂ ਦੀ ਆਵਾਜ਼ ਨੂੰ ਦਬਾਅ ਕੇ ਇਕ ਹਿੰਦੂ ਭਾਈਚਾਰੇ ਨਾਲ ਸਬੰਧਤ ਲੋਕਾਂ ਦੀ ਅਗਵਾਈ ਕਰਨ ਵਾਲੇ ਪਰੇਮ ਚੱਕੀਵਾਲਾ ਦੇ ਬਣਦੇ ਹੱਕਾਂ ’ਤੇ ਡਾਕਾ ਮਾਰ ਕੇ ਖੁਦ ਨਗਰ ਕੌਂਸਲ ਦੇ ਪ੍ਰਧਾਨ ਬਣੇ ਸਨ । ਉਹਨਾਂ ਕਿਹਾ ਕਿ ਕਾਂਗਰਸ ਨੇ 40 ਸਾਲ ਸੇਵਾ ਕਰਨ ਵਾਲੇ ਸਧਾਰਨ ਟਕਸਾਲੀ ਵਰਕਰ ਰਾਮਪਾਲ ਧਵਨ ਨੂੰ ਵੱਡਾ ਮਾਣ ਦੇ ਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਮਾਣ ਦਿੱਤਾ ਹੈ ਜਦਕਿ ਇਤਿਹਾਸ ਗਵਾਹ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਅਜਿਹੇ ਆਗੂ ਸਾਰੇ ਅਹੁਦੇ ਆਪਣੇ ਘਰੀਂ ਜਾਂ ਆਪਣੇ ਨੇੜਲਿਆਂ ਨੂੰ ਦੇਣ ਵਿਚ ਵਿਸ਼ਵਾਸ਼ ਰੱਖਦੇ ਹਨ । ਉਹਨਾਂ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਲੋਕਾਂ ਵਿਚ ਆਪਣੀ ਸ਼ਾਖ ਪੂਰੀ ਤਰਾਂ ਗਵਾ ਚੁੱਕਾ ਹੈ ਅਤੇ ਫੋਕੀ ਬਿਆਨਬਾਜ਼ੀ ਕਰਕੇ ਅਜਿਹੇ ਆਗੂ ਸਿਆਸੀ ਜ਼ਮੀਨ ਤਲਾਸ਼ਣ ਦੇ ਅਸਫ਼ਲ ਯਤਨ ਕਰ ਰਹੇ ਹਨ ।