ਡਿਪਟੀ ਕਮਿਸ਼ਨਰ ਅਤੇ ਸੀਨੀਅਰ ਕਪਤਾਨ ਪੁਲਿਸ ਨੇ ਮੋਗਾ ਵਾਸੀਆਂ ਨੂੰ ਘਰ ਰਹੋ, ਸੁਰੱਖਿਅਤ ਰਹੋ, ਦੀ ਕੀਤੀ ਅਪੀਲ

ਮੋਗਾ, 20 ਮਾਰਚ(ਜਸ਼ਨ):ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਅੱਜ ਪ੍ਰੈਸ ਕਾਨਫਰੰਸ ਜਰੀਏ ਮੋਗਾ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਦੇ ਫੈਲਣ ਤੋ ਰੋਕਣ ਬਾਰੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ ਦੇ ਮੱਦੇਨਜ਼ਰ ਘਰ ਤੋਂ ਬਾਹਰ ਨਾ ਜਾਣ ਅਤੇ ਆਪਣੇ ਘਰ ਵਿੱਚ ਰਹਿ ਕੇ ਸੁਰੱਖਿਅਤ ਰਹਿਣ।  ਉਹਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਉੱਤੇ ਕੋਰੋਨਾ ਵਾਇਰਸ ਸਬੰਧੀ ਫ਼ੈਲ ਰਹੀਆਂ ਅਫਵਾਹਾਂ ਤੋਂ ਘਬਰਾਉਣ ਨਾ। ਉਹਨਾਂ ਕਿਹਾ ਕਿ ਲੋਕ ਘਰ ਤੋਂ ਬਾਹਰ ਨਾ ਨਿਕਲਣ ਅਤੇ ਘਰ ਚ ਰਹਿ ਕੇ ਸੁਰੱਖਿਅਤ ਰਹਿਣ । ਉਨ੍ਹਾਂ ਕਿਹਾ ਕਿ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਇਸ ਸਥਿਤੀ ਵਿੱਚ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਪੁਲਿਸ ਅਧਿਕਾਰੀ ਮਿਲ ਕੇ ਘਰ-ਘਰ ਸਰਵੇਖਣ ਕਰ ਰਹੇ ਹਨ ਜਿਸ ਵਿੱਚ ਲੋਕਾਂ ਨੂੰ ਘਰ ਦੇ ਅੰਦਰ ਹੀ ਰਹਿਣ, ਚੰਗੀ ਤਰ੍ਹਾਂ ਵਾਰ ਵਾਰ ਹੱਥ ਧੋਣ ਅਤੇ ਭੀੜ ਵਿੱਚ ਜਾਣ ਤੋਂ ਬਚਣ ਲਈ ਪ੍ਰੇਰਿਆ ਜਾ ਰਿਹਾ ਹੈ। ਨਾਲ ਹੀ ਵਾਇਰਸ ਸਬੰਧੀ ਲੱਛਣਾਂ ਦੀ ਪਛਾਣ ਵੀ ਕੀਤੀ ਜਾ ਰਹੀ ਹੈ ਅਤੇ ਹਰ ਇਕ ਵਿਅਕਤੀ ਦਾ ਇਸ ਸਬੰਧੀ ਸਿਹਤ ਵੇਰਵਾ ਦਰਜ਼ ਕੀਤਾ ਜਾ ਰਿਹਾ ਹੈ. ਉਨ੍ਹਾਂ ਕਿਹਾ ਕਿ ਸਾਰੇ ਉਪ ਮੰਡਲ ਮੈਜਿਸਟ੍ਰੇਟ ਨੂੰ ਮਾਸਕ ਅਤੇ ਹੈਡ ਸੈਨੇਟਾਈਜ਼ਰਾਂ ਦੀ ਜਮ੍ਹਾਂਖੋਰੀ ਅਤੇ ਬਿਨ੍ਹਾਂ ਗੁਣਵੱਤਾ ਤੋ ਸਮਾਨ ਵੇਚਣ ਦੀਆਂ ਗਤੀਵਿਧੀਆਂ ਨੂੰ ਚੈਕ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਕਤ ਜਰੂਰੀ ਵਸਤਾਂ ਦੀ ਜਮ੍ਹਾਂਖੋਰੀ ਅਤੇ ਮੁਨਾਫਾਖੋਰੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਲਜ਼, ਅਜਾਇਬ ਘਰ, ਹਫ਼ਤਾਵਰੀ ਕਿਸਾਨ ਮੰਡੀਆਂ ਆਦਿ ਨੂੰ 31 ਮਾਰਚ ਤੱਕ ਬੰਦ ਕਰਨ ਬਾਰੇ ਵੀ ਕਿਹਾ ਗਿਆ ਹੈ। ਇਸੇ ਤਰ੍ਹਾਂ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਗਾਮੀ ਦਿਨਾਂ ਵਿੱਚ ਹੋੇਣ ਵਾਲੇ ਸਾਰੇ ਧਾਰਮਿਕ ਸਮਾਗਮਾਂ ਨੂੰ ਅੱਗੇ ਪਾ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਿਆਹ ਆਦਿ ਸਮਾਗਮਾਂ ਤੇ ਲੋਕਾਂ ਦੀ ਗਿਣਤੀ 50 ਤੱਕ ਨਿਯਮ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸੇ ਤਰ੍ਹਾਂ: ਕਿਸਾਨ ਮੰਡੀਆਂ ਬੰਦ ਕਰਨ ਦੇ ਨਾਲ ਨਾਲ ਲੋਕਾਂ ਦੀ ਸਹੂਲਤ ਲਈ ਰੇਹੜੀ ਵਾਲਿਆਂ ਨੂੰ ਗਲੀਆਂ ਵਿੱਚ ਸਬਜੀ ਵੇਚਣ ਦੀ ਆਗਿਆ ਦਿੱਤੀ ਗਈ ਹੈ। ਐਸਐਸਪੀ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 20 ਤੋਂ 25 ਦਿਨਾਂ ਵਿੱਚ, ਉਹ ਸਾਰੇ ਲੋਕ ਜਿਹੜੇ ਵਿਦੇਸ਼ਾਂ ਤੋਂ ਵਾਪਸ ਪਰਤ ਆਏ ਹਨ, ਨੂੰ ਆਮ ਲੋਕਾਂ ਤੋਂ ਅਲੱਗ ਰਹਿਣ ਤਾਂ ਜੋ ਵਾਈਰਸ ਦੇ ਫੇੈਲਾਅ ਨੂੰ ਘਟਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਪੁਲਿਸ ਕੋਲ ਅਜਿਹੇ ਸਾਰੇ ਲੋਕਾਂ ਦੀ ਸੂਚੀ ਹੈ ਅਤੇ ਪੁਲਿਸ ਵੱਲੋ ਉਨ੍ਹਾਂ ਨੂੰ ਘੱਟੋ ਘੱਟ 15 ਦਿਨ ਘਰ ਰਹਿਣ ਲਈ ਪ੍ਰੇਰਿਤ ਜਾ ਰਿਹਾ ਹੈ। ਇਨ੍ਹਾਂ ਸਾਰੇ ਵਿਅਕੀਆਂ ਨੂੰ ਪੁਲਿਸ ਵੱਲੋ ਫੋਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਦੇ ਮੋਬਾਈਲ ਫੋਨ ਤੇ ਟਰੇਸਿੰਗ ਸਿਸਟਮ ਨਾਲ ਨਿਗਰਾਨੀ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਆਪਣੇ ਘਰਾਂ ਤੋਂ ਬਾਹਰ ਚਲੇ ਗਏ ਤਾਂ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੀਤਾ ਦਰਸ਼ੀ, ਉਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ, ਉਪ ਮੰਡਲ ਮੈਜਿਸਟ੍ਰੇਟ ਬਾਘਾਪੁਰਾਣਾ ਸ੍ਰੀਮਤੀ ਸਵਰਨਜੀਤ ਕੌਰ, ਉਪ ਮੰਡਲ ਮੈਜਿਸਟ੍ਰੇਟ ਨਿਹਾਲ ਸਿੰਘ ਵਾਲਾ ਸ੍ਰੀ ਰਾਮ ਸਿੰਘ ਵੀ ਹਾਜ਼ਰ ਸਨ।