ਧੱਲੇਕੇ ਪ੍ਰਾਇਮਰੀ ਸਕੂਲ ਦੀ ਕਾਇਆ ਕਲਪ ਕਰਵਾਉਣ ਵਾਲੀ ਪੰਚਾਇਤ ਦਾ ਹੋਇਆ ਸਨਮਾਨ

ਮੋਗਾ ,20 ਮਾਰਚ (ਜਸ਼ਨ): ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਯਤਨਾਂ ਨੂੰ ਹੁਣ ਬੂਰ ਪੈਣ ਲੱਗਾ ਹੈ ਅਤੇ ਪਿੰਡਾਂ ਦੇ ਸਕੂਲ ਵੀ ਨਿੱਜੀ ਸਕੂਲਾਂ ਵਾਂਗ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਿਚ ਸਫਲ ਹੋ ਰਹੇ ਹਨ । ਪਿੰਡ ਧੱਲੇਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਵੀ ਸਮਾਰਟ ਸਕੂਲ ਕਹਾਉਣ ਦਾ ਰੁਤਬਾ ਉਸ ਸਮੇਂ ਹਾਸਲ ਹੋ ਗਿਆ ਜਦੋਂ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਹਲਕੇ ਦੇ ਸਕੂਲਾਂ ਲਈ ਲਿਆਂਦੀਆਂ ਗਰਾਂਟਾਂ ਵਿਚੋਂ ਧੱਲੇਕੇ ਸਕੂਲ ਨੂੰ ਦਿੱਤੀ ਗਰਾਂਟ ਅਤੇ ਪੰਚਾਇਤ ਦੇ ਸਹਿਯੋਗ ਨਾਲ ਸਕੂਲ ਦੀ ਕਾਇਆ ਕਲਪ ਹੋ ਗਈ । ਸਕੂਲ ਦੀ ਚਾਰਦੀਵਾਰੀ ਅਤੇ ਹੋਰ ਉਸਾਰੀ ਦੇ ਕੰਮਾਂ ਦੇ ਨਾਲ ਨਾਲ ਰੰਗ ਰੋਗਣ ਹੋਣ ਨਾਲ ਹੁਣ ਨਿਕੜੇ ਬਾਲ ਖੁਸ਼ੀ ਖੁਸ਼ੀ ਚਾਅ ਨਾਲ ਸਕੂਲ ਆਉਣ ਲੱਗੇ ਹਨ , ਤੇ ਇੰਜ ਸਕੂਲ ਵਿਚ ਦਾਖਲਾ ਵੀ ਪਿਛਲੇ ਸਾਲ ਨਾਲੋਂ ਵਧਿਆ ਹੈ। ਸਕੂਲ ਮੁਖੀ ਬਿਮਲਾ ਕੁਮਾਰੀ ਅਤੇ ਪ੍ਰਾਇਮਰੀ ਸਕੂਲ ਦੇ ਸਮੂਹ ਸਟਾਫ਼ ਵੱਲੋਂ ਸਰਪੰਚ ਹਰਦੇਵ ਸਿੰਘ ਜੌਹਲ , ਸਾਧੂ ਸਿੰਘ ,ਇੰਦਰਜੀਤ ਸਿੰਘ ਵਿੱਕੀ ਅਤੇ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਧੱਲੇਕੇ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਕੂਲ ਮੁਖੀ ਬਿਮਲਾ ਕੁਮਾਰੀ ਨੇ ਆਖਿਆ ਕਿ ਸਰਕਾਰ ਦੇ ਨਾਲ ਨਾਲ ਪੰਚਾਇਤਾਂ ਅਤੇ ਪ੍ਰਵਾਸੀ ਪੰਜਾਬੀ ਵੀ ਸਕੂਲਾਂ ਦੀ ਨਕਸ਼ ਨੁਹਾਰ ਬਦਲਣ ਲਈ ਯਤਨ ਕਰ ਰਹੇ ਹਨ ,ਇਸ ਕਰਕੇ ਪੰਚਾਇਤਾਂ ਦਾ ਸਨਮਾਨ ਜਰੂਰੀ ਹੈ।


