ਵਿਧਾਇਕ ਡਾ: ਹਰਜੋਤ ਕਮਲ ਨੇ ਕਰੋਨਾ ਵਾਇਰਸ ਤੋਂ ਬਚਾਅ ਲਈ ‘COVID ’ ਐਪ ਡਾਊਨਲੋਡ ਕਰਨ ਦੀ ਅਪੀਲ ਕਰਦਿਆਂ ਆਖਿਆ ‘‘ਲੋਕ ਹਰ ਤਰਾਂ ਦੇ ਵੱਡੇ ਸਮਾਗਮਾਂ ਨੂੰ ਕੁਝ ਦਿਨਾਂ ਲਈ ਅੱਗੇ ਪਾਉਣ ਬਾਰੇ ਸੋਚਣ’’

ਮੋਗਾ,13 ਮਾਰਚ():ਕਰੋਨਾ ਵਾਇਰਸ ਦੇ ਕਹਿਰ ਨੂੰ ਲੈ ਕੇ ਅੱਜ ਹਲਕਾ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਮੋਗਾ ਹਲਕੇ ਦੇ ਲੋਕਾਂ ਲਈ ਵਿਸ਼ੇਸ਼ ਅਪੀਲ ਜਾਰੀ ਕੀਤੀ। ਡਾ: ਹਰਜੋਤ ਕਮਲ ਨੇ ਆਖਿਆ ਕਿ ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਲੋਕਾਂ ਦੀ ਸਿਹਤ ਪ੍ਰਤੀ ਪੂਰੀ ਤਰਾਂ ਗੰਭੀਰ ਹੈ ਅਤੇ ਕਰੋਨਾ ਵਾਇਰਸ ਤੋਂ ਸੂਬੇ ਦੇ ਹਰ ਵਿਅਕਤੀ ਨੂੰ ਸੁਰੱਖਿਅਤ ਰੱਖਣ ਲਈ ਸਰਕਾਰ ਵੱਲੋਂ ਵਿਸ਼ੇਸ਼ ਮੋਬਾਈਲ ਐਪ ‘COVID’ ਲਾਂਚ ਕੀਤਾ ਗਿਆ ਹੈ ਜੋ ਲੋਕਾਂ ਨੂੰ ਸਫ਼ਰ ਦੌਰਾਨ ਕਰੋਨਾ ਵਿਸ਼ਾਣੂੰਆਂ ਦੇ ਫੈਲਣ ਅਤੇ ਇਸ ਸਬੰਧੀ ਕੀਤੇ ਜਾਣ ਵਾਲੇ ਪਰਹੇਜ਼ ਜਾਂ ਸਾਵਧਾਨੀਆਂ ਬਾਰੇ ਨਿਰੰਤਰ ਜਾਣੰੂ ਕਰਵਾ ਰਿਹਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਵਾਇਰਸ ਤੋਂ ਡਰਨ ਦੀ ਬਜਾਏ ਵੱਧ ਤੋਂ ਵੱਧ ‘31’ ਐਪ ਨੂੰ ਆਪਣੇ ਮੋਬਾਈਲ ਫ਼ੋਨਾਂ ’ਤੇ ਡਾੳੂਨਲੋਡ ਕਰਕੇ ਕਰੋਨਾ ਵਾਇਰਸ ਤੋਂ ਸੁਰੱਖਿਆ ਛਤਰੀ ਹਾਸਲ ਕਰਨ ਜੋ ਕਰੋਨਾ ਦੇ ਲੱਛਣਾਂ ਅਤੇ ਬਚਾਅ ਬਾਰੇ ਜਾਗਰੂਕ ਕਰਦਾ ਹੈ। ਉਹਨਾਂ ਆਖਿਆ ਕਿ ਜਿੱਥੇ ਸਾਡੀ ਨਿੱਜੀ ਸਿਹਤ ਲਈ ਸਫ਼ਾਈ ਦੀ ਲੋੜ ਹੈ ਉੱਥੇ ਸਮੁਦਾਇਕ ਸਿਹਤ ਲਈ ਆਲੇ ਦੁਆਲੇ ਦੀ ਸ਼ਫਾਈ ਵਿਸ਼ੇਸ਼ ਅਹਿਮੀਅਤ ਰੱਖਦੀ ਹੈ। ਉਹਨਾਂ ਆਖਿਆ ਕਿ ਲੋਕ ਇਕ ਦੂਜੇ ਨਾਲ ਹੱਥ ਮਿਲਾਉਣ ਅਤੇ ਗਲੇ ਮਿਲਣਾ ਬਿਲਕੁੱਲ ਬੰਦ ਕਰ ਦੇਣ ਕਿਉਂਕਿ ਵਾਇਰਸ ਹਵਾ ਦੀ ਬਜਾਏ ਇਕ ਦੂਜੇ ਨੂੰ ਛੂਹਣ ਨਾਲ ਵਧੇਰੇ ਫੈਲਦਾ ਹੈ। ਉਹਨਾਂ ਕਿਹਾ ਕਿ ਜੇ ਕੋਈ ਵਿਅਕਤੀ  ਹੱਥ ਮਿਲਾਉਣ ਦੀ ਬਜਾਏ ਨਮਸਤੇ ,ਸਤਿ ਸ਼੍ਰੀ ਅਕਾਲ ਅਤੇ ਸਲਾਮਾਲੇਕਮ ਆਦਿ ਨਾਲ ਤੁਹਾਡਾ ਸਵਾਗਤ ਕਰਦਾ ਹੈ ਤਾਂ ਅਜਿਹੇ ਵਿਅਕਤੀਆਂ ਨੂੰ ਵਿਰਸੇ ਦੀ ਸੰਭਾਲ ਕਰਨ ਵਾਲੇ ਵਾਰਿਸ ਵਜੋਂ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਹੱਥ ਨਾ ਮਿਲਾਉਣ ’ਤੇ ਗੁੱਸਾ ਨਹੀਂ ਕਰਨਾ ਚਾਹੀਦਾ। ਉਹਨਾਂ ਆਖਿਆ ਕਿ ਘਰੋਂ ਬਾਹਰ ਕਿਸੇ ਵੀ ਵਸਤੂ ਨਾਲ ਹੱਥਾਂ ਦਾ ਸੰਪਰਕ ਹੋਣ ’ਤੇ ਹੱਥ ਸਾਬਣ ਨਾਲ ਧੋਤੇ ਜਾਣ ਅਤੇ ਇਹ ਵੀ ਖਿਆਲ ਰਹੇ ਕਿ ਸਾਬਣ ਘੱਟੋ ਘੱਟ 20 ਸੈਕਿੰਡ ਹੱਥਾਂ ਨੂੰ ਲਗਾ ਰਹੇ,ਬਾਰ ਬਾਰ ਸੈਨੇਟਾਈਜ਼ਰ ਦੀ ਵਰਤੋਂ ਕਰੋ ਅਤੇ ਖਾਂਸੀ ਜਾਂ ਛਿੱਕਾਂ ਆਉਣ ’ਤੇ ਮੂੰਹ ਨੂੰ ਢੱਕ ਕੇ ਰੱਖੋ। ਉਹਨਾਂ ਆਖਿਆ ਕਿ ਜਦੋਂ ਵਾਇਰਸ ਸਾਡੇ ਹੱਥਾਂ ’ਤੇ ਆ ਜਾਂਦਾ ਹੈ ਤਾਂ ਉਹ ਸਾਡੇ ਨੱਕ ,ਮੂੰਹ ,ਅੱਖਾਂ ਆਦਿ ਸੂਖਮ ਅੰਗਾਂ ਰਾਹੀਂ ਸਾਡੇ ਸਰੀਰ ਵਿਚ ਪ੍ਰਵੇਸ਼ ਕਰਦਾ ਹੈ ਇਸ ਕਰਕੇ ਮੂੰਹ ਨੂੰ ਹੱਥ ਨਹੀਂ ਲਗਾਉਣਾ ਚਾਹੀਦਾ। ਉਹਨਾਂ ਵਿਸ਼ਵ ਸਿਹਤ ਸੰਸਥਾ ਵੱਲੋਂ ਜਾਰੀ ਅਡਵਾਈਜ਼ਰੀ ਦਾ ਜ਼ਿਕਰ ਕਰਦਿਆਂ ਆਖਿਆ ਕਿ ਇਕੱਠ ਅਤੇ ਭੀੜ ਵਾਲੀਆਂ ਥਾਵਾਂ ‘ਤੇ ਇਸ ਵਾਇਰਸ ਦੇ ਫੈਲਣ ਦਾ ਖਤਰਾ ਜ਼ਿਆਦਾ ਹੁੰਦਾ ਹੈ ਇਸ ਲਈ ਲੋਕ ਅਜਿਹੀਆਂ ਥਾਵਾਂ ’ਤੇ ਜਾਣ ਤੋਂ ਕਿਨਾਰਾ ਕਰਨ। ਉਹਨਾਂ ਇਹ ਵੀ ਅਪੀਲ ਕੀਤੀ ਕਿ ਜੇ ਸੰਭਵ ਹੋ ਸਕੇ ਤਾਂ ਜਿਹਨਾਂ ਪਰਿਵਾਰਾਂ ਵੱਲੋਂ ਕਿਸੇ ਤਰਾਂ ਦੇ ਧਾਰਮਿਕ ਅਤੇ ਸਮਾਜਿਕ ਸਮਾਗਮ ਕਰਵਾਏ ਜਾ ਰਹੇ ਹਨ ਜਿਹਨਾਂ ‘ਚ ਵਿਆਹ ਵੀ ਸ਼ਾਮਲ ਹਨ ਤਾਂ ਉਹ ਇਹਨਾਂ ਸਮਾਗਮਾਂ ਨੂੰ ਕੁਝ ਸਮੇਂ ਲਈ ਅੱਗੇ ਪਾ ਦੇਣ ਤਾਂ ਕਿ ਇਸ ਨਾਮੁਰਾਦ ਵਿਸ਼ਾਣੂ ਦੇ ਹਮਲੇ ਤੋਂ ਬਚਿਆ ਜਾ ਸਕੇ। ਉਹਨਾਂ ਕਿਹਾ ਕਿ ਇਹ ਬੀਮਾਰੀ ਹੁਣ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ ਅਤੇ ਇਸ ਬੀਮਾਰੀ ਦੇ ਲੱਛਣ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ,ਉਹਨਾਂ ਦੀ ਪਤਨੀ ਅਤੇ ਵਿਰੋਧੀ ਧਿਰ ਆਗੂ ਜਗਜੀਤ ਸਿੰਘ ਤੋਂ ਇਲਾਵਾ ਪੰਜਾਬ ਵਿਚ ਵੀ ਕਈ ਅਫਸਰਾਂ ਅੰਦਰ ਪਾਏ ਜਾਣ ’ਤੇ ਡਾਕਟਰਾਂ ਨੇ ਉਹਨਾਂ ਨੂੰ ਅਹਿਤਿਆਤ ਵਜੋਂ ਆਈਸੋਲੇਸ਼ਨ ਵਿਚ ਰਹਿਣ ਦੀ ਸਲਾਹ ਦਿੱਤੀ ਹੈ। ਡਾ: ਹਰਜੋਤ ਨੇ ਅਪੀਲ ਕੀਤੀ ਕਿ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ ਕਿਉਂਕਿ ਘਰ ਵਿਚ ਇਕਾਂਤਵਾਸ ਹੀ ਕਰੋਨਾ ਵਿਸ਼ਾਣੂ ਤੋਂ ਬਚਾਅ ਸਕਦਾ ਹੈ। ਉਹਨਾਂ ਕਰੋਨਾ ਵਾਇਰਸ ਦੇ ਹਮਲੇ ਦੀ ਗੰਭੀਰਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਦਿਆਂ ਆਖਿਆ ਕਿ ਕਰੋਨਾ ਵਾਇਰਸ ਹੁਣ ਤੱਕ 1 ਲੱਖ 37 ਹਜ਼ਾਰ ਦੇ ਕਰੀਬ ਵਿਅਕਤੀਆਂ ਨੂੰ ਆਪਣੀ ਜ਼ਦ ਵਿਚ ਲੈ ਚੁੱਕਾ ਹੈ ਜਿਹਨਾਂ ਵਿਚੋਂ 5 ਹਜ਼ਾਰ ਮੌਤਾਂ ਹੋ ਚੱੁਕੀਆਂ ਹਨ ਇਸ ਕਰਕੇ ਇਸ ਮਹਾਂਮਾਰੀ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਕਿਉਂਕਿ ਜੇ ਅਸੀਂ ਸਾਵਧਾਨ ਨਾ ਹੋਏ ਤਾਂ ਸਾਡੇ ਦੇਸ਼ ਨੂੰ ਵੱਡਾ ਖਮਿਆਜ਼ਾ ਭੁਗਤਣਾ ਪਵੇਗਾ।  ਡਾ: ਹਰਜੋਤ ਕਮਲ ਨੇ ਕਿਹਾ ਸੋਸ਼ਲ ਮੀਡੀਆ ’ਤੇ ਆ ਰਹੇ ਟੋਟਕੇ ਅਤੇ ਟੂਣੇ ਟੱਪਣਿਆਂ ’ਤੇ ਭਰੋਸਾ ਕਰਨ ਦੀ ਬਜਾਏ ਰਤਾ ਕੁ ਵੀ ਸ਼ੱਕ ਪੈਣ ’ਤੇ ਆਪਣੇ ਨਜ਼ਦੀਕੀ ਹਸਪਤਾਲ ਤੋਂ ਚੈੱਕਅੱਪ ਕਰਵਾਉਣ ਦੀ ਲੋੜ ਹੈ ਤਾਂ ਕਿ ਸਮੇਂ ਸਿਰ ਇਲਾਜ ਸ਼ੁਰੂ ਹੋਣ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਣ।