ਚੰਦਪੁਰਾਣੇ ਦੇ ਸਾਲਾਨਾ ਜੋੜ ਮੇਲੇ ਦਾ ਪੋਸਟਰ ਰੀਲੀਜ਼,15 ਮਾਰਚ ਐਤਵਾਰ ਨੂੰ ਸਜਣਗੇ ਭਾਰੀ ਦੀਵਾਨ
ਬਾਘਾਪੁਰਾਣਾ,12 ਮਾਰਚ (ਜਸ਼ਨ): ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਮੋਗਾ ਵਿਖੇ ਹਰ ਸਾਲ ਦੀ ਤਰਾਂ ਮਨਾਏ ਜਾ ਰਹੇ ਸਾਲਾਨਾ ਸ਼ਹੀਦੀ ਜੋੜ ਮੇਲੇ ਦਾ ਪੋਸਟਰ ਅੱਜ ਗੁਰਦੁਆਰਾ ਸਾਹਿਬ ਵਿਖੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲਿਆਂ ਅਤੇ ਮੁੱਖ ਸੇਵਦਾਰ ਸੰਤ ਬਾਬਾ ਗੁਰਦੀਪ ਸਿੰਘ ਨੇ ਰੀਲੀਜ਼ ਕੀਤਾ। ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋ ਰਹੇ ਇਹਨਾਂ ਸਮਾਗਮ ਪ੍ਰਤੀ ਸਗੰਤਾਂ ਵਿਚ ਭਾਰੀ ਉਤਸ਼ਾਹ ਹੈ ਕਿਉਂਕਿ ਸੰਗਤਾਂ ਦੀ ਇਸ ਅਸਥਾਨ ਪ੍ਰਤੀ ਸ਼ਰਧਾ ਹੈ । ਇਸ ਮੌਕੇ ਬਾਬਾ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਮਾਰਚ ਨੂੰ ਕਰਵਾਏ ਜਾ ਰਹੇ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ ਅਤੇ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਥਾਂ ਥਾਂ ਚਾਹ ਪਕੌੜੇ ਦੇ ਲੰਗਰ , ਛਬੀਲਾਂ,ਜਲੇਬੀਆਂ ਦੇ ਲੰਗਰ ਵੀ ਲਗਾਏ ਜਾ ਰਹੇ ਹਨ । ਉਹਨਾਂ ਦੱਸਿਆ ਕਿ ਸਮਾਗਮਾਂ ਵਿਚ ਸੰਤਾਂ,ਮਹਾਪੁਰਖਾਂ,ਪੰਥ ਪ੍ਰਸਿਧ ਕਥਾਵਾਚਕ ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲੇ,ਪ੍ਰਸਿੱਧ ਢਾਡੀ ਤਰਸੇਮ ਸਿੰਘ ਮੋਰਾਂਵਾਲੀਆ,ਬੀਬੀ ਅਮਨਦੀਪ ਕੌਰ ਖਾਲਸਾ ਨਕੋਦਰ ਵਾਲੀਆਂ ਬੀਬੀਆਂ ,ਭਾਈ ਇਕਬਾਲ ਸਿੰਘ ਨੰਗੇਆਣਾ,ਅਤੇ ਭਾਈ ਜਸਵਿੰਦਰ ਸਿੰਘ ਲੁਧਿਆਣੇ ਵਾਲੇ ਸੰਗਤਾਂ ਨੂੰ ਗੁਰਇਤਿਹਾਸ ਸੁਣਾ ਕੇ ਨਿਹਾਲ ਕਰਨਗੇ । ਉਹਨਾਂ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿਚ ਪਹੰੁਚਣ ਦੀ ਅਪੀਲ ਕੀਤੀ। ਇਸ ਮੌਕੇ ਭਾਈ ਗੁਰਦੀਪ ਸਿੰਘ ਟਾਂਡਾ,ਸੁੱਖਾ ਸਿੰਘ ਮੋਗਾ,ਚਮਕੌਰ ਸਿੰਘ ਚੰਦਪੁਰਾਣਾ ਸਮੇਤ ਵੱਡੀ ਗਿਣਤੀ ਵਿਚ ਸੇਵਾਦਾਰ ਹਾਜ਼ਰ ਸਨ।