‘‘ਕਿੱਥੇ ਰੱਖ ਲਾਂ ਲੁਕੋ ਕੇ ਤੈਨੂੰ ਪੁੱਤਾਂ ਵਾਂਗੂ ਪਾਲੀ ਕਣਕੇ’’ ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਜਾਨ ਲਿਆਂਦੀ ਮੁੱਠੀ ‘ਚ,ਖੇਤੀਬੜੀ ਅਫ਼ਸਰ ਕੁਲਦੀਪ ਸਿੰਘ ਬੁੱਟਰ ਮੁਤਾਬਕ ਲਗਾਤਾਰ ਪੈ ਰਿਹਾ ਮੀਂਹ ਕਣਕਾਂ ਲਈ ਹੋ ਸਕਦੈ ਨੁਕਸਾਨਦੇਹ
ਮੋਗਾ,11 ਮਾਰਚ (ਤੇਜਿੰਦਰ ਸਿੰਘ ਜਸ਼ਨ): ਪੰਜਾਬ ਵਿਚ ਕਈ ਥਾਂਈ ਰੁੱਕ ਰੁੱਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਰੱਖੇ ਨੇ। ਸੱਪਾਂ ਦੀਆਂ ਸਿਰੀਆਂ ਮਿੱਧ ਮਿੱਧ ਕੇ,ਜਾਨ ਹੀਲਦਿਆਂ ਰਾਤ ਬਰਾਤੇ ਖੇਤੀਂ ਗੇੜਾ ਮਾਰਦਿਆਂ,ਪਾਣੀ ਦੇ ਨੱਕੇ ਮੋੜਦਿਆਂ ਜਦ ਤੜਕ ਸਵੇਰਾ ਹੋ ਜਾਂਦੈ ਤਾਂ ਕਿਸਾਨ ਖੇਤਾਂ ‘ਚ ਜਵਾਨ ਹੋ ਰਹੀ ਕਣਕ ਨੂੰ ਦੇਖ ਕੇ ਰਾਤ ਵਾਲੀ ਥਕਾਵਟ ਭੁੱਲ ਜਾਦੈ ਪਰ ਜਦ ਕੁਦਰਤ ਮਿਹਰਬਾਨ ਨਾ ਰਹੇ ਤਾਂ ਫੇਰ ਰੱਬ ਦੀ ਕਰੋਪੀ ਅੱਗੇ ਨਿੱਸਲ ਹੋਇਆ ਕਿਸਾਨ ਏਹੀ ਆਖਦੈ ‘‘ਕਿੱਥੇ ਰੱਖ ਲਾਂ ਲੁਕੋ ਤੈਨੂੰ ਕਣਕੇ ਨੀਂ ਰੁੱਤ ਬੇਈਮਾਨ ਹੋ ਗਈ’’ । ਪੈ ਰਹੇ ਇਸ ਮੀਂਹ ਸਬੰਧੀ ਖੇਤੀਬਾੜੀ ਅਫ਼ਸਰ ਡਾ.ਕੁਲਦੀਪ ਸਿੰਘ ਬੁੱਟਰ ਆਖਦੇ ਨੇ ਕਿ ਬੇਸ਼ੱਕ ਇਹ ਮੀਂਹ ਰੁੱਕ ਰੁੱਕ ਕੇ ਪੈ ਰਿਹੈ ਪਰ ਜਿੱਥੇ ਵੀ ਪਾਣੀ ਖੜੇਗਾ ਜਾਂ ਹਵਾ ਵਗੇਗੀ ਤਾਂ ਕਣਕ ਡਿੱਗਣ ਨਾਲ ਨੁਕਸਾਨ ਪਹੁੰਚਣਾ ਯਕੀਨੀ ਹੈ । ਉਹਨਾਂ ਕਿਹਾ ਕਿ ਪਿਛਲੇ ਦਿਨੀਂ ਮੌਸਮ ਵਿਚ ਆਈ ਅਣਕਿਆਸੀ ਗਰਮੀ ਕਾਰਨ ਕਈ ਕਿਸਾਨਾਂ ਨੇ ਕਣਕ ਨੂੰ ਪਾਣੀ ਦਿੱਤਾ ਸੀ ਪਰ ਹੁਣ ਇਸ ਮੀਂਹ ਕਾਰਨ ਉਹਨਾਂ ਕਣਕਾਂ ਨੂੰ ਵਧੇਰੇ ਖਤਰਾ ਹੈ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਤਕਰੀਬਨ 27 ਮਿਲੀਮੀਟਰ ਵਰਖਾ ਹੋਈ ਸੀ ਜਿਸ ਨਾਲ ਕਣਕਾਂ ਜੜਾਂ ਤੱਕ ਗਿਲੀਆਂ ਹੋ ਗਈਆਂ ਸਨ ਪਰ ਜੇ ਅੱਜ ਰਾਤ ਲਗਾਤਾਰ ਮੀਂਹ ਪੈਂਦਾ ਹੈ ਅਤੇ ਹਲਕੀ ਜਿਹੀ ਹਵਾ ਵਗਦੀ ਹੈ ਤਾਂ ਕਣਕਾਂ ਵਿੱਛ ਜਾਣ ਦਾ ਖਤਰਾ ਹੈ । ਉਹਨਾਂ ਇਹ ਵੀ ਦੱਸਿਆ ਕਿ ਪਿਛਲੇ ਦਿਨਾਂ ਦੇ ਮੀਂਹ ਦੌਰਾਨ ਦੋ ਪ੍ਰਤੀਸ਼ਤ ਦੇ ਕਰੀਬ ਕਣਕਾਂ ਡਿੱਗਣ ਦਾ ਅਨੁਮਾਨ ਸੀ ਪਰ ਹੁਣ ਪੈ ਰਿਹਾ ਮੀਂਹ ਵਧੇਰੇ ਚਿੰਤਾ ਪੈਦਾ ਕਰਨ ਵਾਲਾ ਹੈ। ਡਾ. ਬੁੱਟਰ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈਟਰੌਲੋਜੀਕਲ ਵਿਭਾਗ ਦੇ ਮੁਤਾਬਕ 12 ਤੋਂ 13 ਮਾਰਚ ਦਰਮਿਆਨ ਮੀਂਹ ਪੂਰੇ ਜੋਬਨ ’ਤੇ ਰਹੇਗਾ ਅਤੇ 40 ਮਿਲੀਮੀਟਰ ਵਰਖਾ ਦੇ ਨਾਲ ਨਾਲ ਗੜੇ ਪੂਰੇ ਪੰਜਾਬ ਨੂੰ ਪ੍ਰਭਾਵਿਤ ਕਰ ਸਕਦੇ ਹਨ ।
****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ