ਕੋਟ ਈਸੇ ਖਾਂ ਨਗਰ ਕੌਂਸਲ ਦਾ ਕਾਰਜਕਾਲ ਖ਼ਤਮ ਹੋਣ ‘ਤੇ ਜਥੇਦਾਰ ਤੋਤਾ ਸਿੰਘ ਦੀ ਹਾਜ਼ਰੀ ‘ਚ ਕੌਂਸਲ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ ਨੇ ਕੀਤੀ ਵਿਸ਼ੇਸ਼ ਪ੍ਰੈਸ ਕਾਨਫਰੰਸ,ਕਿਹਾ ਵਿਰੋਧੀਆਂ ਨੇ ਅੜਿੱਕੇ ਡਾਹ ਕੇ ਸ਼ਹਿਰ ਦੇ ਚੱਲਦੇ ਕੰਮ ਕੀਤੇ ਠੱਪ
ਕੋਟ ਈਸੇ ਖਾਂ,9 ਮਾਰਚ(ਜਸ਼ਨ): ਨਗਰ ਪੰਚਾਇਤ ਕੋਟ ਈਸੇ ਖਾਂ ‘ਚ ਅਕਾਲੀ ਭਾਜਪਾ ਬਹੁਮਤ ਵਾਲੇ ਕੌਂਸਲਰਾਂ ਦਾ 9 ਮਾਰਚ ਤੱਕ ਕਾਰਜਕਾਲ ਖ਼ਤਮ ਹੋਣ ‘ਤੇ ਸਥਾਨਕ ਦਾਤੇਵਾਲਾ ਰੋਡ ‘ਤੇ ਕੌਂਸਲਰ ਸੰਤੋਖ ਸਿੰਘ ਭੁੱਲਰ ਦੇ ਗ੍ਰਹਿ ਵਿਖੇ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਅਗਵਾਈ ‘ਚ ਨਗਰ ਪੰਚਾਇਤ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ ਤੇ ਸਾਥੀ ਕੌਂਸਲਰਾਂ ਵੱਲੋਂ ਵਿਸ਼ੇਸ਼ ਪੈ੍ਰਸ ਕਾਨਫਰੰਸ ਕੀਤੀ ਗਈ।
ਇਸ ਮੌਕੇ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਅਸੀਂ ਕੋਟ ਈਸੇ ਖਾਂ ਨੂੰ ਸਬ ਤਹਿਸੀਲ ਤੇ ਨਗਰ ਪੰਚਾਇਤ ਬਣਾਉਣ ‘ਚ ਪਹਿਲ ਕਦਮੀ ਤੋਂ ਲੈ ਕੇ ਕਰੋੜਾਂ ਰੁਪਏ ਦੇ ਫੰਡਾਂ ਨਾਲ ਸ਼ਹਿਰ ਦੀ ਨਕਸ਼ ਨੁਹਾਰ ਬਦਲੀ ਪਰ ਉਹਨਾਂ ਨੂੰ ਅਫ਼ਸੋਸ ਹੈ ਕਿ ਲੋਕਾਂ ਨਾਲ ਵੱਡੇ ਵੱਡੇ ਝੂਠੇ ਵਾਅਦੇ ਕਰਕੇ ਸੱਤਾ ‘ਚ ਆਈ ਕਾਂਗਰਸ ਸਰਕਾਰ ਨੇ ਅਕਾਲੀ ਸਰਕਾਰ ਸਮੇਂ ਪਾਸ ਹੋਏ ਸ਼ਹਿਰ ਦੇ ਬੱਸ ਅੱਡੇ ਦੇ ਫੰਡ ਵਾਪਸ ਕਰਵਾ ਲਏ। ਇਸ ਤੋਂ ਇਲਾਵਾ ਖੇਡ ਸਟੇਡੀਅਮ,ਪਾਰਕਾਂ ਦੇ ਰੁਕੇ ਕੰਮ ਵੀ ਸਭ ਦੇ ਸਾਹਮਣੇ ਹਨ।
ਸੀਵਰੇਜ ਸਬੰਧੀ ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਕੇਂਦਰ ਤੋਂ ਕਰੀਬ 26 ਕਰੋੜ ਦੀ ਲਾਗਤ ਨਾਲ ਸੀਵਰੇਜ ਪ੍ਰੋਜੈਕਟ ਲਈ ਵੀ ਉੱਦਮ ਕੀਤਾ ਪਰ ਮੌਜੂਦਾ ਸੂਬਾ ਸਰਕਾਰ ਦੇ ਲੀਡਰਾਂ ਨੇ ਬੇਰੁਖੀ ਦਿਖਾਉਂਦਿਆਂ ਪੈਰਵਾਈ ਨਾ ਕੀਤੀ ਤੇ ਇਹ ਕੰਮ ਵੀ ਠੰਢੇ ਬਸਤੇ ‘ਚ ਪੈ ਗਿਆ, ਜਿਸ ਕਰਕੇ ਅੱਜ ਸ਼ਹਿਰ ਨਿਵਾਸੀਆਂ ਨੂੰ ਦਾਤੇਵਾਲ ਰੋਡ ਵਾਂਗ ਥਾਂ-ਥਾਂ ‘ਤੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਧੱਕੇਸ਼ਾਹੀਆਂ ਕਰਦਿਆਂ ਹੇਠਲੀਆਂ ਹਰ ਚੋਣਾਂ ਵਿੱਚ ਅਕਾਲੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਏ ਜਦ ਕਿ ਸਾਡੇ ਸਮੇਂ ਦੌਰਾਨ ਨਗਰ ਪੰਚਾਇਤ ਚੋਣਾਂ ਵਿੱਚ ਕਿਸੇ ਵੀ ਕਾਂਗਰਸੀ ਆਗੂ ਦੇ ਕਾਗਜ਼ ਰੱਦ ਨਾ ਕਰਵਾ ਕੇ ਲੋਕਾਂ ਦੀ ਕਚਹਿਰੀ ‘ਚ ਫਤਵਾ ਹਾਸਲ ਕੀਤਾ ਸੀ। ਨਗਰ ਪੰਚਾਇਤ ਰਾਹੀਂ ਸ਼ਹਿਰ ਦੇ ਹੋਏ ਕੰਮਾਂ ਦਾ ਲੇਖਾ ਜੋਖਾ ਕਰਦਿਆਂ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ ਨੇ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਜਥੇਦਾਰ ਤੋਤਾ ਸਿੰਘ ਦੇ ਉੱਦਮ ਨਾਲ ਨਗਰ ਪੰਚਾਇਤ ਬਣਨ ਤੇ ਪਹਿਲੇ ਦੋ ਸਾਲ ਕਰੀਬ 6 ਕਰੋੜ ਦੀ ਲਾਗਤ ਨਾਲ ਕੰਮ ਹੋਏ ਅਤੇ ਅਕਾਲੀ ਭਾਜਪਾ ਕੌਂਸਲਰਾਂ ਦਾ ਕਾਰਜਕਾਲ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕਰੀਬ ਸਾਢੇ ਅੱਠ ਕਰੋੜ ਦੀ ਲਾਗਤ ਨਾਲ ਕੰਮ ਸਿਰੇ ਚੜ੍ਹੇ। ਪਿੰਟੂ ਨੇ ਕਿਹਾ ਕਿ ਸੂਬੇ ਚ ਸੱਤਾ ਪਰਿਵਰਤਨ ਤੋਂ ਬਾਅਦ ਨਗਰ ਪੰਚਾਇਤ ਦੀ ਕੁਰਸੀ ਹਥਿਆਉਣ ਲਈ ਸ਼ਹਿਰ ਦੇ ਕੁਝ ਕਾਂਗਰਸੀ ਆਗੂਆਂ ਦੇ ਇਸ਼ਾਰੇ ਤੇ ਉਹਨਾਂ ‘ਤੇ 307 ਦਾ ਝੂਠਾ ਮੁਕੱਦਮਾ ਦਰਜ ਕਰਵਾਉਣ ਤੋਂ ਇਲਾਵਾ ਵਿਕਾਸ ਕਾਰਜਾਂ ‘ਚ ਅੜਿੱਕੇ ਡਾਹ ਕੇ ਸ਼ਹਿਰ ਦਾ ਵੱਡਾ ਨੁਕਸਾਨ ਕੀਤਾ। ਉਹਨਾਂ ਕਿਹਾ ਕਿ ਸਿੱਟਾ ਇਹ ਨਿਕਲਿਆ ਕਿ ਨਗਰ ਪੰਚਾਇਤ ਕੋਲ ਅਜੇ ਵੀ ਸਾਢੇ ਪੰਜ ਕਰੋੜ ਰੁਪਏ ਦੇ ਫੰਡ ਐੱਫ.ਡੀ ਅਤੇ ਬੱਚਤ ਖਾਤਿਆਂ ਦੇ ਰੂਪ ‘ਚ ਹੋਣ ਦੇ ਬਾਵਜੂਦ ਸ਼ਹਿਰ ਨਿਵਾਸੀ ਅਜੇ ਵੀ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ। ਇਸ ਮੌਕੇ ਜਥੇਦਾਰ ਤੋਤਾ ਸਿੰਘ ਹੁਰਾਂ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਅਧੀਨ ਬਣਨ ਵਾਲੀਆਂ ਸੜਕਾਂ ਸਬੰਧੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਸੱਤਾਧਾਰੀ ਧਿਰ ਨਾਲ ਸਬੰਧਤ ਆਗੂ ਫੋਕੀ ਬਿਆਨਬਾਜ਼ੀ ਤੱਕ ਸੀਮਤ ਹਨ, ਜਦ ਕਿ ਆਉਣ ਵਾਲੇ ਦਸੰਬਰ ਮਹੀਨੇ ਤੱਕ ਇਨ੍ਹਾਂ ਸੜਕਾਂ ਦਾ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਹੈ। ਅੰਤ ‘ਚ ਸ਼ਹਿਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਹਲਕੇ ਦੇ ਵਿਕਾਸ ਕਾਰਜਾਂ ਤੇ ਲੋਕਾਂ ਦੇ ਸੁੱਖ-ਦੁੱਖ ਲਈ ਉਹ ਅਤੇ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ ਅਤੇ ਸਮੂਹ ਕੌਂਸਲਰ ਹਰ ਸਮੇਂ ਹਾਜ਼ਰ ਰਹਿਣਗੇ।
ਇਸ ਮੌਕੇ ਕੌਂਸਲਰਾਂ ਤੋਂ ਇਲਾਵਾ ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਦਾਤੇਵਾਲ, ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਰਣਜੀਤ ਸਿੰਘ ਰਾਣਾ,ਸਰਕਲ ਪ੍ਰਧਾਨ ਸੁਰਜੀਤ ਸਿੰਘ ਰਾਮਗੜ੍ਹ,ਜਗਜੀਵਨ ਲੁਹਾਰਾ ਸਰਪੰਚ, ਭਾਈ ਕਿ੍ਰਸ਼ਨ ਸਿੰਘ ਖਾਲਸਾ,ਯੂਥ ਆਗੂ ਗੁਰਪ੍ਰੀਤ ਭੁੱਲਰ, ਪਰਮਪਾਲ ਸਿੰਘ ਚੁੱਘਾ, ਯੂਥ ਅਕਾਲੀ ਆਗੂ ਅਮਨ ਗਾਬਾ, ਪਾਲੀ ਛਾਬੜਾ, ਯੂਥ ਆਗੂ ਲੱਕੀ ਟੱਕਰ, ਜਸਵੀਰ ਐੱਮ ਸੀ,ਸਾਬਕਾ ਸਰਪੰਚ ਰਣਬੀਰ ਸਿੰਘ ਗੁਲਾਟੀ,ਲੱਡੂ ਐੱਮ ਸੀ,ਪਿਆਰਾ ਸਿੰਘ, ਜਸਬੀਰ ਸਿੰਘ ਰਾਜਪੂਤ ਅਤੇ ਹੋਰ ਅਕਾਲੀ ਆਗੂ ਹਾਜ਼ਰ ਸਨ।