ਹਾਈਡਰੋਪੌਨਿਕ ਤਕਨੀਕ ਦੇਖਣ ਲਈ ਸੁਧਾਰ ਬਲਾਕ ਦੇ ਕਿਸਾਨ ਪਹੁੰਚੇ ਪਿੰਡ ਕੈਲਾ,ਪਾਣੀ ਬਚਾਉਣ ਦੀ ਸਭ ਤੋਂ ਵਧੀਆ ਤਕਨੀਕ : ਜਸਵਿੰਦਰ ਸਿੰਘ ਬਰਾੜ

ਮੋਗਾ, 9 ਮਾਰਚ (ਪੱਤਰ ਪ੍ਰੇਰਕ)-ਜ਼ਿਲਾ ਮੋਗਾ ਦੇ ਪਿੰਡ ਕੈਲਾ ਦੇ ਅਗਾਂਹਵਧੂ ਕਿਸਾਨ ਗੁਰਕ੍ਰਿਪਾਲ ਸਿੰਘ ਵਲੋਂ ਆਪਣੇ ਖੇਤ 'ਚ ਹਾਈਡਰੋਪੌਨਿਕ ਤਕਨੀਕ ਨਾਲ ਉਗਾਈਆਂ ਜਾ ਰਹੀਆਂ ਜ਼ਹਿਰ ਰਹਿਤ ਸਬਜ਼ੀਆਂ ਦੇ ਦਵਾਈਆਂ ਵਿੱਚ ਵਰਤੀ ਜਾਣ ਵਾਲੀ ਬ੍ਰਹਮੀ ਨੂੰ ਦੇਖਣ ਲਈ ਅੱਜ ਜ਼ਿਲਾ ਲੁਧਿਆਣਾ ਦੇ ਬਲਾਕ ਸੁਧਾਰ ਤੋਂ ਅਗਾਂਹਵਧੂ ਕਿਸਾਨਾਂ ਦਾ ਇੱਕ ਜਥਾ ਪਿੰਡ ਕੈਲਾ ਪੁੱਜਿਆ। ਇਸ ਮੌਕੇ ਸਟੇਟ ਐਵਾਰਡ ਜੇਤੂ ਜਸਵਿੰਦਰ ਸਿੰਘ ਬਰਾੜ ਨੇ ਇਨਾਂ ਕਿਸਾਨਾਂ ਨੂੰ ਇਸ ਤਕਨੀਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਦੂਜੇ ਪਾਸੇ ਕਿਸਾਨ ਗੁਰਕ੍ਰਿਪਾਲ ਸਿੰਘ ਨੇ ਆਪਣਾ ਤਜ਼ਰਬਾ ਕਿਸਾਨਾਂ ਨਾਲ ਸਾਂਝਾ ਕਰਦਿਆਂ ਕਿਹਾ ਹੈ ਕਿ ਧਰਤੀ ਹੇਠਲ ਪਾਣੀ ਨੂੰ ਬਚਾਉਣ ਅਤੇ ਚੰਗਾ ਮੁਨਾਫ਼ਾ ਹਾਸਲ ਕਰਨ ਲਈ ਕਿਸਾਨਾਂ ਨੂੰ ਹਾਈਡਰੋਪੌਨਿਕ ਤਕਨੀਕ ਅਪਨਾਉਣੀ ਚਾਹੀਦੀ ਹੈ। ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਗੁਰਕ੍ਰਿਪਾਲ ਸਿੰਘ ਇਸ ਖੇਤੀ ਪ੍ਰਾਜੈਕਟ ਤੋਂ ਪ੍ਰਭਾਵਿਤ ਹੋ ਕੇ ਜਿਲੇ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਖੇਤੀਬਾੜੀ ਵਿਭਾਗ ਨੂੰ ਇੱਕ ਏਕੜ ਜ਼ਮੀਨ ਵਿੱਚ ਅਜਿਹਾ ਹੀ ਇੱਕ ਪ੍ਰਾਜੈਕਟ ਲਾਉਣ ਦਾ ਖਾਕਾ ਤਿਆਰ ਕਰਨ ਲਈ ਕਿਹਾ ਹੈ ਤੇ ਇਸ ਤਹਿਤ ਉਨਾਂ ਨੇ ਬਾਕਾਇਦਾ ਤੌਰ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਡਾ. ਬਰਾੜ ਨੇ ਦੱਸਿਆ ਕਿ ਹਾਈਡਰੋਪੌਨਿਕ ਤਕਨੀਕ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਮਿੱਟੀ ਤੋਂ ਬਗੈਰ ਬਹੁਤ ਹੀ ਘੱਟ ਪਾਣੀ ਨਾਲ ਸਬਜ਼ੀਆਂ ਤੇ ਆਯੁਰਵੈਦਿਕ ਦਵਾਈਆਂ ਵਿੱਚ ਵਰਤੀਆਂ ਜਾਣ ਵਾਲੀਆਂ ਬੂਟੀਆਂ ਉਗਾਈਆਂ ਜਾ ਸਕਦੀਆਂ ਹਨ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਕਿਸਾਨ ਰਿਵਾਇਤੀ ਫ਼ਸਲਾਂ ਦਾ ਤਿਆਗ ਕਰਕੇ ਅਜਿਹੀਆ ਤਕਨੀਕਾਂ ਦੀ ਵਰਤੋਂ ਕਰਦੇ ਹਾਂ ਤਾਂ ਜਿੱਥੇ ਪਾਣੀ ਦੀ ਬੱਚਤ ਹੋਵੇਗੀ ਉੱਥੇ ਵਾਤਾਵਰਣ ਨੂੰ ਸਾਫ਼ ਰੱਖ ਕੇ ਕਿਸਾਨ ਚੋਖੀ ਕਮਾਈ ਵੀ ਕਰ ਸਕਦੇ ਹਨ। ਇਸ ਮੌਕੇ ਜ਼ਿਲਾ ਟਰੇਨਿੰਗ ਅਫ਼ਸਰ ਡਾ. ਹਰਦੇਵ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਸੁਖਵਿੰਦਰ ਕੌਰ, ਡਾ. ਗੁਰਜੀਤ ਕੌਰ, ਡਾ. ਰਵਿੰਦਰ ਸਿੰਘ ਵੀ ਹਾਜ਼ਰ ਸਨ।