ਵਿਧਾਇਕ ਡਾ. ਹਰਜੋਤ ਕਮਲ ਦੀ ਅਗਵਾਈ ‘ਚ ਗੁਣਾਤਮਕ ਸਿੱਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੰਚਾਇਤਾਂ ਅਤੇ ਮੋਹਤਬਰ ਸੱਜਣਾਂ ਦਾ ਸਮਾਰੋਹ ਕਰਵਾਇਆ
ਮੋਗਾ,7 ਮਾਰਚ(ਜਸ਼ਨ): ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਦੀ ਅਗਵਾਈ ਵਿਚ ਸਰਕਾਰੀ ਸਕੂਲਾਂ ਵਿਚ ਗੁਣਾਤਮਕ ਸਿੱਖਿਆ ਦੇਣ ਅਤੇ ਵਿਧਾਇਕ ਡਾ: ਹਰਜੋਤ ਕਮਲ ਦੇ ਯਤਨਾਂ ਸਦਕਾ ਮੋਗਾ ਹਲਕੇ ਦੇ ਸਕੂਲਾਂ ਲਈ 8 ਕਰੋੜ 49 ਲੱਖ ਰੁਪਏ ਦੀਆਂ ਗਰਾਂਟਾਂ ਨਾਲ ਸਰਕਾਰੀ ਸਕੂਲਾਂ ਦੀ ਨਕਸ਼ ਨੁਹਾਰ ਬਦਲਣ ਵਾਸਤੇ ਅੱਜ ਮੋਗਾ ਡਾਈਟ ਵਿਖੇ ਸਰਪੰਚਾਂ ,ਪੰਚਾਇਤਾਂ ਅਤੇ ਮੋਹਤਬਰ ਸੱਜਣਾਂ ਦਾ ਸਿੱਖਿਆ ਸਮਾਰੋਹ ਕਰਵਾਇਆ ਗਿਆ । ਇਸ ਸਮਾਰੋਹ ਵਿਚ ਐੱਮ ਐੱਲ ਏ ਡਾ: ਹਰਜੋਤ ਕਮਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ । ਸਮਾਰੋਹ ਦੌਰਾਨ ਪ੍ਰਧਾਨਗੀ ਮੰਡਲ ਵਿਚ ਐੱਮ ਐੱਲ ਏ ਡਾ: ਹਰਜੋਤ ਕਮਲ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਪਾਲ ਸਿੰਘ ਔਲਖ ,ਰਾਕੇਸ਼ ਮੱਕੜ ਡਿਪਟੀ ਡੀ ਈ ਓ,ਪ੍ਰਗਟ ਸਿੰਘ ਬਰਾੜ ਡਿਪਟੀ ਡੀ ਈ ਓ ਪ੍ਰਾਇਮਰੀ,ਸੁਖਚੈਨ ਸਿੰਘ ਹੀਰਾ ਪਿ੍ਰੰਸੀਪਲ ਡਾਈਟ,ਅਵਤਾਰ ਸਿੰਘ ਕਰੀਰ ਕੋਆਰਡੀਨੇਟਰ ਸਮਾਰਟ ਸਕੂਲ,ਮਨਜੀਤ ਸਿੰਘ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ,ਮਨਮੀਤ ਸਿੰਘ ਰਾਏ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ,ਕਮਲਜੀਤ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ (ਸ਼ਹਿਰੀ),ਰਵਿੰਦਰ ਬਜਾਜ ਸਕੱਤਰ ਪੰਜਾਬ ਕਾਂਗਰਸ ਅਤੇ ਮੀਡੀਆ ਕੋਆਰਡੀਨੇਟਰ ਹਰਸ਼ ਗੋਇਲ ਸ਼ਾਮਲ ਸਨ। ਇਸ ਮੌਕੇ ਸਰਪੰਚਾਂ ਦੇ ਰੂਬਰੂ ਹੁੰਦਿਆਂ ਡਾ: ਹਰਜੋਤ ਕਮਲ ਨੇ ਆਖਿਆ ਕਿ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਿੱਖਿਆ ਦੇ ਸੁਧਾਰ ਲਈ ਇਤਿਹਾਸਕ ਕਦਮ ਉਠਾਏ ਜਾ ਰਹੇ ਹਨ । ਉਹਨਾਂ ਆਖਿਆ ਕਿ ਆਜ਼ਾਦੀ ਦੇ 7 ਦਹਾਕਿਆਂ ਬਾਅਦ ਪਹਿਲੀ ਵਾਰ ਕਰੋੜਾਂ ਰੁਪਏ ਦੀਆਂ ਗਰਾਂਟਾਂ ਸਰਕਾਰੀ ਸਕੂਲਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਨੇ ਜੋ ਪਿੰਡਾਂ ਦੀਆਂ ਹੀ ਬਣੀਆਂ ਸਕੂਲ ਪ੍ਰਬੰਧਕ ਕਮੇਟੀਆਂ ਰਾਹੀਂ ਸਕੂਲਾਂ ’ਤੇ ਖਰਚ ਹੋ ਰਹੀਆਂ ਨੇ ਜਿਸ ਸਦਕਾ ਪੰਜਾਬ ਦੇ ਸਰਕਾਰੀ ਸਕੂਲ ਹੁਣ ਨਿੱਜੀ ਸਕੂਲਾਂ ਤੋਂ ਇਕ ਕਦਮ ਅੱਗੇ ਵੱਧ ਕੇ ਸਮਾਰਟ ਸਕੂਲ ਬਣ ਚੁੱਕੇ ਹਨ । ਉਹਨਾਂ ਕਿਹਾ ਕਿ 12 ਵੀਂ ਤੱਕ ਮੁੰਡੇ ਕੁੜੀਆਂ ਲਈ ਮੁੱਫਤ ਸਿੱਖਿਆ,ਨਵੀਨਤਮ ਤਕਨਾਲੌਜੀ ਵਾਲੀ ਸਿੱਖਿਆ ਪ੍ਰਣਾਲੀ ਤਹਿਤ ਸਕੂਲਾਂ ਵਿਚ ਈ ਕੰਟੈਂਟ ਰਾਹੀਂ ਹੋ ਰਹੀ ਪੜ੍ਹਾਈ ,ਸੀ ਸੀ ਟੀ ਵੀ ਕੈਮਰੇ ,ਲਾਇਬਰੇਰੀਆਂ ,ਕੰਪੀਊਟਰ ਲੈਬ ,ਖੇਡਾਂ ਦਾ ਸਮਾਨ , ਸਮਾਰਟ ਕਲਾਸਾਂ ਲਈ ਐੱਲ ਈ ਡੀਜ਼,ਅੰਗਰੇਜ਼ੀ ਮਾਧਿਅਮ ‘ਚ ਪੜ੍ਹਾਈ ਅਤੇ ਨਵੀਆਂ ਇਮਾਰਤਾਂ ਦੀ ਉਸਾਰੀ ਸਦਕਾ ਕੈਪਟਨ ਸਰਕਾਰ ਨੇ ਸਿੱਖਿਆ ਦੇ ਖੇਤਰ ਵਿਚ ਨਵੀਂ ਕ੍ਰਾਂਤੀ ਲਿਆਂਦੀ ਹੈ ਅਤੇ ਇਸ ਸੁਧਾਰ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਿੱਖਿਆ ਮੰਤਰੀ ਵਿਜੇ ਕੁਮਾਰ ਸਿੰਗਲਾ ਦੀ ਅਗਵਾਈ ਵਿਚ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੇ ਨਾਲ ਨਾਲ ਸਮੂਹ ਸਿੱਖਿਆ ਅਧਿਕਾਰੀ ਦਿਨ ਰਾਤ ਮਿਹਨਤ ਕਰ ਰਹੇ ਨੇ ਅਤੇ ਉਹਨਾਂ ਦੀ ਮਿਹਨਤ ਸਦਕਾ ਹੀ ਸਰਕਾਰੀ ਸਕੂਲਾਂ ਦੇ ਨਤੀਜੇ ਨਿੱਜੀ ਸਕੂਲਾਂ ਦੇ ਮੁਕਾਬਲੇ ਬਿਹਤਰ ਰਹੇ ਨੇ । ਡਾ: ਹਰਜੋਤ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਸ਼ਤ ਪ੍ਰਤੀਸ਼ਤ ਨਤੀਜਿਆਂ ਦਾ ਟੀਚਾ ਵੀ ਛੇਤੀ ਪੂਰਾ ਕਰ ਲਿਆ ਜਾਵੇਗਾ। ਉਹਨਾਂ ਸਰਪੰਚਾਂ ਨੂੰ ਅਪੀਲ ਕੀਤੀ ਕਿ ਜਦੋਂ ਹੁਣ ਆਪਣੇ ਸਰਕਾਰੀ ਸਕੂਲ ਨਿੱਜੀ ਸਕੂਲਾਂ ਤੋਂ ਹਰ ਪੱਖੋਂ ਬਿਹਤਰ ਕਾਰਗੁਜ਼ਾਰੀ ਦਿਖਾ ਰਹੇ ਹਨ ਤਾਂ ਪੰਚਾਇਤਾਂ ਦਾ ਫਰਜ਼ ਬਣਦਾ ਹੈ ਕਿ ਉਹ ਸਕੂਲੋਂ ਵਿਰਵੇ ਅਤੇ ਹੋਰਨਾਂ ਨਿੱਜੀ ਸਕੂਲਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਲਈ ਉਹਨਾਂ ਦੇ ਮਾਪਿਆਂ ਨੂੰ ਪ੍ਰੇਰਨ । ਉਹਨਾਂ ਸਮਾਰਟ ਸਕੂਲ ਬਣਾਉਣ ਲਈ ਯੋਗਦਾਨ ਪਾਉਣ ਵਾਲੀਆਂ ਪੰਚਾਇਤਾਂ ,ਮੋਹਤਬਰ ਸੱਜਣਾਂ ਅਤੇ ਪ੍ਰਵਾਸੀ ਪੰਜਾਬੀਆਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਪੰਜਾਬ ਨੂੰ ਮੁੜ ਗੁਲਾਬ ਦੇ ਫੁੱਲ ਵਰਗੀ ਮਹਿਕ ਦਾ ਅਹਿਸਾਸ ਕਰਵਾਉਣ ਲਈ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਉਹਨਾਂ ਸਰਪੰਚਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪੋ ਆਪਣੇ ਪਿੰਡ ਦੇ ਸਕੂਲ ਨੂੰ ਉੱਤਮ ਸਕੂਲ ਬਣਾਉਣ ਤਾਂ ਕਿ ਉਹਨਾਂ ਦੀ ਦੇਣ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ । ਡਾ: ਹਰਜੋਤ ਨੇ ਮੋਗਾ ਜ਼ਿਲ੍ਹੇ ਦੇ ਸਿੱਖਿਆ ਵਿਭਾਗ ਦੇ ਅੰਕੜਿਆਂ ਅਤੇ ਗੁਣਾਤਮਿਕਤਾ ’ਤੇ ਤਸੱਲੀ ਪ੍ਰਗਟ ਕਰਦਿਆਂ ਸਿੱਖਿਆ ਅਧਿਕਾਰੀਆਂ ਦੀ ਪਿੱਠ ਥਪਥਪਾਈ ਅਤੇ ਹੋਰ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਆ ਤਾਂ ਕਿ ਮੋਗਾ ਜ਼ਿਲ੍ਹੇ ਨੂੰ ਸਿੱਖਿਆ ਦੇ ਖੇਤਰ ਵਿਚ ਸੂਬੇ ਦਾ ਅੱਵਲ ਜ਼ਿਲ੍ਹਾ ਬਣਾਇਆ ਜਾ ਸਕੇ। ਇਸ ਮੌਕੇ ਸਰਪੰਚਾਂ ਨੇ ਵਿਧਾਇਕ ਡਾ: ਹਰਜੋਤ ਕਮਲ ਦੀ ਰਹਿਨੁਮਾਈ ਕਬੂਲਦਿਆਂ ਵਿਸ਼ਵਾਸ਼ ਦਿਵਾਇਆ ਕਿ ਉਹ ਪੰਜਾਬ ਸਰਕਾਰ ਦੀਆਂ ਸਕੀਮਾਂ ਨੂੰ ਲਾਗੂ ਕਰਵਾਉਣ ਅਤੇ ਗਰਾਂਟਾਂ ਨੂੰ ਸਹੀ ਤਰੀਕੇ ਨਾਲ ਖਰਚ ਕਰਨਾ ਯਕੀਨੀ ਬਣਾ ਕੇ ਨਵੀਂ ਪੀੜ੍ਹੀ ਲਈ ਵਿੱਦਿਆ ਦੇ ਮੰਦਿਰਾਂ ਨੂੰ ਨਵਾਂ ਰੂਪ ਦੇਣਗੇ। ਐੱਮ ਐੱਲ ਏ ਡਾ: ਹਰਜੋਤ ਕਮਲ ਨੇ ਸਮਾਗਮ ਉਪਰੰਤ ਸਿੱਖਿਆ ਸੁਧਾਰ ਲਹਿਰ ਲਈ ਪੰਚਾਂ ਸਰਪੰਚਾਂ ਦੇ ਕਾਫ਼ਲੇ ਨੂੰ ਰਵਾਨਾ ਕੀਤਾ। ਸਮਾਰੋਹ ਨੂੰ ਸਫ਼ਲ ਬਣਾਉਣ ਲਈ BARINDERJIT SINGH, ਸੁਖਜਿੰਦਰ ਸਿੰਘ ਡੀ ਐੱਮ ,ਕੁਲਦੀਪ ਸਿੰਘ ਡੀ ਐੱਮ, ਮਨਦੀਪ ਸਿੰਘ ਡੀ ਐੱਮ ਅਤੇ ਬੀ ਐੱਮ ਸੀ ਨੇ ਭਰਵਾਂ ਯੋਗਦਾਨ ਪਾਇਆ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।