ਵਿਧਾਇਕ ਡਾ: ਹਰਜੋਤ ਕਮਲ ਸਿੰਘ ਨੇ ਮੋਗਾ ਮੇਨ ਬਾਜ਼ਾਰ ‘ਚ ਐੱਲ ਈ ਡੀ ਲਾਈਟਾਂ ਲਗਾਉਣ ਦੇ ਪ੍ਰੌਜੈਕਟ ਦਾ ਕੀਤਾ ਉਦਘਾਟਨ
ਮੋਗਾ,7 ਮਾਰਚ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਦੀਆਂ ਨਿਰੰਤਰ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਵੱਲੋਂ ਮੋਗਾ ਲਈ ਦਿੱਤੇ ਐੱਲ ਈ ਡੀ ਪੌ੍ਰਜੈਕਟ ਦੇ ਆਰੰਭ ਹੋਣ ਨਾਲ ਮੋਗਾ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਇਸੇ ਸਬੰਧ ਵਿਚ ਅੱਜ ਮੋਗਾ ਮੇਨ ਬਾਜ਼ਾਰ ‘ਚ ਐੱਲ ਈ ਡੀ ਪ੍ਰੌਜੈਕਟ ਦਾ ਉਦਘਾਟਨ ਵਿਧਾਇਕ ਡਾ: ਹਰਜੋਤ ਕਮਲ ਸਿੰਘ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਉਹਨਾਂ ਨਾਲ ਨਗਰ ਨਿਗਮ ਦੇ ਕਮਿਸ਼ਨਰ ਅਨੀਤਾ ਦਰਸ਼ੀ , ਗੁਰਚਰਨ ਸਿੰਘ ਮਸਤਾਨਾ ਪੀ ਏ,ਗਰੇਟ ਪੰਜਾਬ ਪਿ੍ਰੰਟਰਜ਼ ਦੇ ਐਮ ਡੀ ਨਵੀਨ ਸਿੰਗਲਾ ,ਸੁਰਿੰਦਰ ਕੁਮਾਰ ਡੱਬੂ ਸਕੱਤਰ ਰਾਇਸ ਬਰਾਨ ਡੀਲਰ ਐਸੋਸੀਏਸ਼ਨ ਅਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ । ਇਸ ਮੌਕੇ ਡਾ: ਹਰਜੋਤ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਜਗਮਗਾਉਣ ਲਈ 12,000 ਐੱਲ ਈ ਡੀ ਲਾਈਟਾਂ ਲਗਾਈਆਂ ਜਾ ਰਹੀਆਂ ਹਨ ਜਦਕਿ ਇਕੱਲੀ ਮੇਨ ਬਾਜ਼ਾਰ ਵਿਚਲੀ ਸੜਕ ’ਤੇ 250 ਐੱਲ ਈ ਡੀ ਲਾਈਟਾਂ ਲਗਾਈਆਂ ਜਾ ਰਹੀਆਂ ਹਨ । ਉਹਨਾਂ ਕਿਹਾ ਕਿ ਵਾਰਡਾਂ ਅਤੇ ਇਸ ਮੇਨ ਰੋਡ ’ਤੇ ਲਾਈਟਾਂ ਲਗਾਉਣ ਦੇ ਇਸ ਪ੍ਰੌਜੈਕਟ ਨੂੰ ਹਰ ਹਾਲ ਵਿਚ ਡੇਢ ਮਹੀਨੇ ‘ਚ ਪੂਰਾ ਕਰ ਲਿਆ ਜਾਵੇਗਾ। ਉਹਨਾਂ ਆਖਿਆ ਕਿ ਵਾਰਡਾਂ ਵਿਚ ਲੱਗਣ ਵਾਲੀਆਂ ਲਾਈਟਾਂ ਮਹਿਜ਼ 18 ਵਾਟ ਦੀਆਂ ਹਨ ਜਦਕਿ ਵੱਡੀਆਂ ਲਾਈਟਾਂ 60 ਵਾਟ ਦੀਆਂ ਹਨ ਤੇ ਇੰਜ ਪੁਰਾਣੀਆਂ ਲਾਈਟਾਂ ਦੀ ਬਜਾਏ ਐੱਲ ਈ ਡੀ ਲਗਾਉਣ ਨਾਲ ਬਿਜਲੀ ਦੀ ਬੱਚਤ ਹੋਵੇਗੀ ਜਿਸ ਨਾਲ ਨਾ ਸਿਰਫ਼ ਨਗਰ ਨਿਗਮ ਨੂੰ ਆਰਥਿਕ ਲਾਭ ਹੋਵੇਗਾ ਬਲਕਿ ਇਹੀ ਬਿਜਲੀ ਪੰਜਾਬ ਦੇ ਹੋਰਨਾਂ ਪ੍ਰੋਜੈਕਟਾਂ ਲਈ ਇਸਤੇਮਾਲ ਕੀਤੀ ਜਾ ਸਕੇਗੀ। ਉਹਨਾਂ ਆਖਿਆ ਕਿ ਮੌਸਮ ਸਾਜ਼ਗਾਰ ਹੁੰਦਿਆਂ ਹੀ ਸ਼ਹਿਰ ਦੀ ਮੇਨ ਸੜਕ ਦੀ ਪੁਨਰ ਉਸਾਰੀ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ ਦੀਆਂ ਛੋਟੀਆਂ ਸੜਕਾਂ ,ਗਲੀਆਂ ਅਤੇ ਪੀਣ ਵਾਲੇ ਪਾਣੀ ਆਦਿ ਦੇ ਕਾਰਜ ਵੀ ਨੇਪਰੇ ਚਾੜੇ ਜਾਣਗੇ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।