ਭਾਰਤ ਸਰਕਾਰ ਦੇ ਸਭਿਆਚਾਰ ਮੰਤਰਾਲਾ ਅਤੇ ਇੰਦਰਾ ਗਾਂਧੀ ਰਾਸ਼ਟਰੀ ਸੈਂਟਰ ਆਫ਼ ਆਰਟਸ ਦੇ ਸਹਿਯੋਗ ਨਾਲ ਸੁਖਾਨੰਦ ਵਿਖੇ ਜਗਤ ਗੁਰੂ ਬਾਬਾ ਨਾਨਕ ਤੇ ਵਿਸ਼ੇਸ਼ ਲੈਕਚਰ ਲੜੀ

ਸੁਖਾਨੰਦ,2 ਮਾਰਚ (ਜਸ਼ਨ): ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲਾ ਅਤੇ ਇੰਦਰਾ ਗਾਂਧੀ ਰਾਸ਼ਟਰੀ ਸੈਂਟਰ ਆਫ਼ ਆਰਟਸ ਦੇ ਵਿਸ਼ੇਸ਼ ਸਹਿਯੋਗ ਨਾਲ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ,ਸੁਖਾਨੰਦ, ਮੋਗਾ ਵਿਖੇ ਵਿਸ਼ੇਸ਼ ਲੈਕਚਰ ਲੜੀ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਸਾਹਿਤ, ਸਿੱਖਿਆ ਅਤੇ ਧਾਰਮਿਕ ਖੇਤਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ  ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਆਗਾਜ਼ ਸ਼ਬਦ ਗਾਇਨ ਨਾਲ ਕੀਤਾ ਗਿਆ। ਸ਼ਮ੍ਹਾਂ ਰੌਸ਼ਨ ਕਰਨ ਉਪਰੰਤ ਪੰਜਾਬ ਯੂਨੀਵਰਸਿਟੀ ਧੁਨੀ ਨਾਲ ਪ੍ਰੋਗਰਾਮ ਦੀ ਅਰੰਭਤਾ ਕੀਤੀ ਗਈ। ਕਾਲਜ ਪਿ੍ਰੰਸੀਪਲ ਡਾ. ਸੁਖਵਿੰਦਰ ਕੌਰ ਨੇ ਸਾਰੇ ਮਹਿਮਹਨਾਂ ਨੂੰ ਜੀ-ਆਇਆਂ ਕਿਹਾ।ਉਹਨਾਂ ਇਸ ਗੱਲ ਤੇ ਖ਼ੁਸ਼ੀ ਅਤੇ ਮਾਣ ਜ਼ਾਹਿਰ ਕੀਤਾ ਕਿ ਭਾਰਤ ਸਰਕਾਰ ਨੇ ਸੁਖਾਨੰਦ ਕਾਲਜ ਨੂੰ ਇਸ ਵਿਸ਼ੇਸ਼ ਕਾਰਜ ਲਈ ਪਹਿਲ ਦੇ  ਆਧਾਰ ਤੇ ਚੁਣਿਆ। ਮੰਚ ਸੰਚਾਲਨ ਕਰਦੇ ਹੋਏ ਉੱਪ ਪਿੰਸੀਪਲ ਮੈਡਮ ਗੁਰਜੀਤ ਕੌਰ ਨੇ ਸਾਰੇ ਮਹਿਮਾਨਾਂ ਨੂੰ ਵਿਦਿਆਰਥਣਾਂ ਦੇ ਰੂ-ਬ-ਰੂ ਕਰਵਾਇਆ।ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਰਵੀ ਰਵਿੰਦਰ, ਐਸੋਸਿਏਟ ਪ੍ਰੋਫ਼ੈਸਰ ਦਿੱਲੀ ਯੂਨੀਵਰਸਿਟੀ,ਦਿੱਲੀ ਨੇ ਕੀਤੀ।ਉਹਨਾਂ ਦੇ ਨਾਲ  ਸਿੱਖ ਵਿਦਵਾਨ ਅਤੇ ਸਮਾਜ ਸੇਵਕ ਸ. ਜਸਵੀਰ ਸਿੰਘ, ਪ੍ਰਚਾਰਕ ਤੇ ਵਿਦਵਾਨ ਸ. ਗੁਰਬਚਨ ਸਿੰਘ ਵਿਸ਼ੇਸ਼ ਤੌਰ ਤੇ ਕਾਲਜ ਪੁੱਜੇ।ਇਹਨਾਂ ਤੋਂ ਬਿਨਾਂ ਸ. ਤਰਸੇਮ ਸਿੰਘ, ਜ਼ਿਲ੍ਹਾ ਮੈਨੇਜਰ ਅਤੇ  ਪ੍ਰਧਾਨ,ਰਾਸ਼ਟਰੀ ਸਿੱਖ ਸੰਗਤ,ਬਠਿੰਡਾ,  ਸ੍ਰੀ ਜਤਿੰਦਰਪਾਲ, ਜਨਰਲ ਸਕੱਤਰ, ਰਾਸ਼ਟਰੀ ਸਿੱਖ ਸੰਗਤ,ਬਠਿੰਡਾ,  ਸ. ਰਾਜਦੀਪ ਸਿੰਘ,ਮੈਂਬਰ ਇੰਦਰਾ ਗਾਂਧੀ  ਰਾਸ਼ਟਰੀ ਸੈਂਟਰ ਆਫ਼ ਆਰਟਸ, ਦਿੱਲੀ, ਸ. ਪਰਮਿੰਦਰ ਸਿੰਘ ਸਿੱਧੂ, ਸਾਬਕਾ ਸਰਪੰਚ, ਪਿੰਡ ਸੁਖਾਨੰਦ ਅਤੇ ਸ੍ਰੀ ਨਰਿੰਦਰਪਾਲ ਵੀ ਮੌਜੂਦ ਸਨ। ਡਾ. ਰਵੀ ਰਵਿੰਦਰ ਨੇ ਆਪਣੇ ਸੰਬੋਧਨ ਦੌਰਾਨ ਗੁਰੂ ਨਾਨਕ ਬਾਣੀ ਦੇ ਮਨੱੁਖੀ ਜੀਵਨ ਨਾਲ ਸੰਬੰਧਾ ਅਤੇ ਸਾਰਥਕਤਾ ਨੂੰ ਬੜੇ ਹੀ ਸਰਲ ਢੰਗ ਨਾਲ ਪੇਸ਼ ਕੀਤਾ। ਉਹਨਾਂ ਕਿਹਾ ਕਿ ਗੁਰੂ ਨਾਨਕ ਬਾਣੀ ਦੀ ਵਿਲੱਖਣਤਾ ਇਹ  ਸੀ ਕਿ ਉਹ ਸੱਚ ਤੇ ਆਧਾਰਿਤ ਸੀ ਅਤੇ ਜ਼ੁਲਮ ਨੂੰ ਖੁੱਲੀ ਵੰਗਾਰ ਸੀ। ਗੁਰੂ ਨਾਨਕ ਸਾਹਿਬ ਨੇ ਜਿਹਨਾਂ ਸਿੱਧਾਂਤਾਂ ਦਾ  ਪ੍ਰਚਾਰ ਕੀਤਾ ਉਸਦਾ ਪ੍ਰੱਤਖ ਉਦਾਹਰਣ ਉਹ ਖ਼ੁਦ ਸਨ।ਉਹਨਾਂ ਨੇ ਸੰਵਾਦ ਅਤੇ ਸੰਗੀਤ ਵਿੱਚ ਸੁਮੇਲ ਸਥਾਪਿਤ ਕਰਕੇ ਲੋਕਭਾਸ਼ਾ ਦੇ ਮਾਧਿਅਮ ਨਾਲ ਨਾਮ, ਸੇਵਾ, ਕਿਰਤ,ਸਿਮਰਨ ਅਤੇ ਸ਼ੁਕਰਾਨਾ ਦੇ ਫਲਸਫ਼ੇ ਨੂੰ ਜਨ-ਜਨ ਤੱਕ ਪਹੁੰਚਾਇਆ।ਡਾ. ਰਵੀ ਨੇ ਕਿਹਾ ਕਿ ਭਾਰਤ ਨੂੰ  ਆਪਣੀ ਸ਼ਕਤੀ ਦੀ ਹੋਂਦ ਦਾ ਅਹਿਸਾਸ ਕਰਵਾਉਣ ਲਈ ਨਾਨਕ ਬਾਣੀ ਦਾ ਚਿੰਤਨ ਲਾਜ਼ਮੀ ਹੈ।ਉਹਨਾਂ ਕਿਹਾ ਕਿ ਮੂਲ ਮੰਤਰ ਮਾਤਰ ਅਧਿਆਤਮਿਕ ਚਿੰਤਨ ਨਾ ਹੋ ਕੇ  ਭੌਤਿਕ ਪੱਧਰ ਤੇ ਮਨੁੱਖੀ ਜੀਵਨ ਦੇ ਹਰ ਪੱਖ ਨਾਲ ਜੁੜਿਆ ਹੋਇਆ ਹੈ।ਆਪਣੇ ਵਿਚਾਰਾਂ ਨੂੰ ਸਮੇਟਦਿਆਂ ਉਹਨਾਂ ਕਿਹਾ ਕਿ ਸਿਮਰਨ ਤੋਂ ਲੈ ਕੇ ਸੋਧਣ ਤੱਕ ਦੀ ਯਾਤਰਾ ਨਾਨਕ ਬਾਣੀ ਦੀ ਵਿਲੱਖਣਤਾ ਹੈ ਤੇ ਜਦੋਂ ਹਰ ਕੋਈ ਇਸਨੂੰ ਅਪਣਾਵੇਗਾ ਤਾਂ ਇਹ ਮੁਕਤੀ ਦਾ ਮੰਤਰ ਬਣ ਜਾਵੇਗਾ।ਸ. ਜਸਵੀਰ ਸਿੰਘ ਨੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕਣ ਦੇ ਸੰਦੇਸ਼ ਨੂੰ ਜਨਮਸਾਖੀਆਂ ਅਤੇ  ਇਤਿਹਾਸ ਦੇ ਉਦਾਹਰਣ ਦੇ ਕੇ ਸਮਝਾਇਆ ਨਾਲ ਹੀ ਆਧੁਨਿਕ ਯੁੱਗ ਵਿੱਚ ਗੁਰੂ ਨਾਨਕ ਦੇ ਸੰਦੇਸ਼ ਦੇ ਪ੍ਰਭਾਵਾਂ ਉੱਪਰ ਚਾਨਣਾ ਪਾਇਆ।ਉਹਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ  ਨੇ ਪਵਨ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਕਹਿ ਕੇ ਸਤਿਕਾਰਿਆ ਸੀ ਪਰ ਇਸ ਸੰਦੇਸ਼ ਨੂੰ ਭੁਲਾ ਕੇ ਅਸੀਂ ਇਹਨਾ ਨੂੰ ਦੂਸ਼ਿਤ ਕਰ ਕਰਕੇ ਮੰਦੇ ਪ੍ਰਭਾਵ ਭੁਗਤ ਰਹੇ ਹਾਂ।ਜੇਕਰ ਅੱਜ ਰਾਜਨੀਤੀ ਦੂਸ਼ਿਤ ਹੈ,ਭਿ੍ਰਸ਼ਟਾਚਾਰ ਦਾ ਬੋਲਬਾਲਾ ਹੈ ਅਤੇ ਜ਼ੁਲਮਾਂ ਦਾ ਦੌਰ  ਹੈ ਤਾਂ ਇਸਦਾ ਕਾਰਨ ਨਾਨਕ ਬਾਣੀ ਤੋਂ ਦੂਰ ਹੋਣਾ ਹੈ। ਵੰਡ ਛਕਣ ਦੇ ਸੰਕਲਪ ‘ਤੇ ਚਾਨਣਾ ਪਾਉਂਦਿਆਂ  ਉਹਨਾਂ ਕਿਹਾ ਕਿ ਇਸਦਾ ਅਰਥ ਗਿਆਨ,ਬੱੁਧੀ ,ਦੁੱਖ ਅਤੇ ਸੁੱਖ ਨੂੰ ਸਾਂਝਾ ਕਰਨਾ ਵੀ ਹੈ।ਸ੍ਰ. ਗੁਰਬਚਨ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਇਸ ਸਿ੍ਰਸ਼ਟੀ ਦੀ ਰਚਨਾ ਕਿਵੇਂ ਹੇਈ, ਇਸ ਦਾ ਜ਼ਿਕਰ ਗੁਰੂ ਨਾਨਕ ਸਾਹਿਬ 500 ਸਾਲ ਪਹਿਲਾਂ ਹੀ ਕਰ ਗਏ ਸਨ। ਉਹਨਾਂ ਦੁੱਖ ਪ੍ਰਗਟ ਕੀਤਾ ਕਿ ਅਸੀਂ ਬਾਣੀ ਪੜ੍ਹ ਤਾਂ ਰਹੇ ਹਾਂ ਪਰ ਵਿਚਾਰਦੇ ਨਹੀਂ । ਉਹਨਾਂ ਕਿਹਾ ਕਿ ਅਸੀਂ ਵਰਤ, ਨੇਮ, ਪੂਜਾ ਜਿਹੇ ਬਾਹਰੀ ਕਰਮ ਤਾਂ ਕਰਦੇ ਹਾਂ ਪਰ ਫਿਰ ਵੀ ਤਿ੍ਰਸ਼ਨਾ ਦੇ ਜਾਲ ਵਿੱਚ ਫਸੇ ਰਹਿੰਦੇ ਹਾਂ, ਇਸ ਲਈ ਬਾਣੀ ਨੂੰ ਰਟਣ ਦੀ ਥਾਂ ਤੇ ਜੇਕਰ ਅਸੀਂ ਇੱਕ ਓਅੰਕਾਰ ਨੂੰ ਹੀ ਸਹੀ ਢੰਗ ਨਾਲ ਖੋਜ ਲਈਏ ਤਾਂ ਜੀਵਨ ਸਹਿਜ ਅਵਸਥਾ ਵਿੱਚ ਟਿਕ ਜਾਵੇਗਾ । ਸੋ ਬਾਣੀ ਨੂੰ ਪੜ੍ਹਨ, ਵਿਚਾਰਨ, ਅਮੀਰ ਗ਼ਰੀਬ ਦਾ ਭੇਦ ਮਿਟਾ ਕੇ ਹਰ ਇੱਕ ਮਨੁੱਖ ਵਿੱਚ ਉਸ ਈਸ਼ਵਰ ਦੀ ਜੋਤ ਨੂੰ ਮਹਿਸੂਸ ਕਰਨ ਵਾਲਾ ਹੀ ਉੱਤਮ ਮਨੁੱਖ ਜਾਂ ਗੁਰਮੱੁਖ ਹੈ । ਲੈਕਚਰਾਂ ਦੀ ਸਮਾਪਤੀ ਉਪਰੰਤ ਕਾਲਜ ਦੇ ਸੰਗੀਤ ਵਿਭਾਗ ਦੇ ਮੈਡਮ ਗੁਰਮੀਤ ਕੌਰ ਨੇ ਗੁਰੂ ਨਾਨਕ ਸਾਹਿਬ ਤੇ ਆਪਣੀ ਕਵਿਤਾ ਦੀ ਪੇਸ਼ਕਾਰੀ  ਕੀਤੀ । ਸਾਰੇ ਹੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਅਮੁੱਲ ਜਾਣਕਾਰੀ ਦਾ ਲਾਭ ਪ੍ਰਾਪਤ ਕੀਤਾ। ਕਾਲਜ ਵੱਲੋਂ, ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਸਨਮਾਨ ਚਿੰਨ੍ਹ ਭੇਟ ਕਰਕੇ ਕੀਤਾ ਗਿਆ। ਇੰਦਰਾ ਗਾਂਧੀ ਰਾਸ਼ਟਰੀ ਸੈਂਟਰ ਆਫ਼ ਆਰਟਸ ਵੱਲੋਂ ਸੁਖਾਨੰਦ ਸੰਸਥਾਵਾਂ ਦੇ ਜਨਰਲ ਸਕੱਤਰ ਸ. ਸੁਖਮੰਦਰ ਸਿੰਘ ਢਿੱਲੋਂ, ਡਾਇਰੈਕਟਰ ਸ. ਜਗਤਾਰ ਸਿੰਘ, ਕਾਲਜ ਪਿ੍ਰੰਸੀਪਲ ਡਾ. ਸੁਖਵਿੰਦਰ ਕੌਰ, ਐਜੂਕਸ਼ਨ ਕਾਲਜ ਦੇ ਪਿ੍ਰੰਸੀਪਲ ਸ਼ਮਿੰਦਰ ਕੌਰ, ਪਬਲਿਕ ਸਕੂਲ ਦੇ ਪਿ੍ਰੰਸੀਪਲ ਸਤਿਨਾਮ ਕੌਰ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ਰੰਸੀਪਲ ਗੁਰਜੀਤ ਕੌਰ ਨੂ ਸਨਮਾਨਿਤ ਕੀਤਾ ਗਿਆ। ਪਿ੍ਰੰਸੀਪਲ ਡਾ. ਸੁਖਵਿੰਦਰ ਕੌਰ ਨੇ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲਾ ਅਤੇ ਇੰਦਰਾ ਗਾਂਧੀ ਰਾਸ਼ਟਰੀ ਸੈਂਟਰ ਆਫ਼ ਆਰਟਸ ਦਾ ਇਸ ਸੁਯੋਗ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਰਾਸ਼ਟਰੀ ਗਾਨ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।