ਗੁ: ਗੁਰੂ ਕੇ ਮਹਿਲ ਡਰੋਲੀ ਭਾਈ ਵਿਖੇ ਹੋਇਆ ਮਹਾਨ ਗੁਰਮਤਿ ਸਮਾਗਮ
ਮੋਗਾ,2 ਮਾਰਚ (ਜਸ਼ਨ): ਜ਼ਿਲ੍ਹੇ ਦੇ ਇਤਿਹਾਸਕ ਨਗਰ ਡਰੋਲੀ ਭਾਈ ਦੇ ਗੁਰਦੁਆਰਾ ਗੁਰੂ ਕੇ ਮਹਿਲ ਪਾਤਸਾਹੀ ਛੇਵੀਂ, ਸੱਤਵੀਂ, ਨੌਵੀਂ ਵਿਖੇ ਮਾਸਿਕ ਗੁਰਮਤਿ ਸਮਾਗਮ ਹੋਇਆ। ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਅਤੇ ਕਾਰ ਸੇਵਾ ਸੰਸਥਾ ਬੀੜ ਸਾਹਿਬ ਸ੍ਰੀਮਾਨ ਸੰਤ ਬਾਬਾ ਖੜਕ ਸਿੰਘ ਜੀ - ਵੀਹਵੀਂ ਸਦੀ ਦੇ ਮਹਾਨ ਸਹੀਦ ਸ੍ਰੀਮਾਨ ਸੰਤ ਬਾਬਾ ਚਰਨ ਸਿੰਘ ਜੀ ਦੇ ਉੱਤ੍ਰਾਧਿਕਾਰੀ ਡਾ. ਸੰਤ ਬਾਬਾ ਗੁਰਨਾਮ ਸਿੰਘ ਜੀ ਡਰੋਲੀ ਭਾਈ ਕਾਰ ਸੇਵਾ ਵਾਲੇ ਤੇ ਸੇਵਾਦਾਰਾਂ ਦੀ ਦੇਖ ਰੇਖ ਹੇਠ ਹੋਏ ਇਸ ਮਹਾਨ ਗੁਰਮਤਿ ਸਮਾਗਮ ‘ਚ ਭਾਈ ਪਿਆਰਾ ਸਿੰਘ, ਭਾਈ ਜਗਰੂਪ ਸਿੰਘ, ਭਾਈ ਮੇਹਰ ਸਿੰਘ ਆਦਿ ਦੇ ਜਥਿਆਂ ਵੱਲੋਂ ਰਾਗ ਅਧਾਰਤ ਗੁਰਸਬਦ ਕੀਰਤਨ ਕੀਤਾ ਗਿਆ। ਉਪਰੰਤ ਪੰਥ ਪ੍ਰਸਿੱਧ ਵਿਦਵਾਨਾਂ ਗਿਆਨੀ ਹਰਪਾਲ ਸਿੰਘ ਢੰਡ ਦੇ ਢਾਡੀ ਜਥੇ, ਗਿਆਨੀ ਗੁਰਨਾਮ ਸਿੰਘ ਮੱਲ੍ਹੀਆਂ ਦੇ ਕਵੀਸਰੀ ਜਥੇ ਵੱਲੋਂ ਗੁਰ ਇਤਿਹਾਸ, ਗੁਰਮਤਿ ਵਿਚਾਰਾਂ, ਢਾਡੀ ਤੇ ਕਵੀਸਰੀ ਵਾਰਾਂ ਸ੍ਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸੇ ਦੌਰਾਨ ਲਗਾਏ ਗਏ ਤਿੰਨ ਰੋਜਾ ਮੁਫਤ ਡਾਕਟਰੀ ਕੈਂਪ ‘ਚ ਨਿਪੁੰਨ ਡਾਕਟਰੀ ਟੀਮਾਂ ਵੱਲੋਂ 3200 ਤੋਂ ਵੱਧ ਮਰੀਜਾਂ ਦਾ ਨਿਰੀਖਣ ਕਰਕੇ ਮੁਫਤ ਦਵਾਈਆਂ ਦੀ ਸੇਵਾ ਕੀਤੀ ਗਈ। ਅਖੀਰ ‘ਚ ਡਾ. ਸੰਤ ਬਾਬਾ ਗੁਰਨਾਮ ਸਿੰਘ ਜੀ ਵੱਲੋਂ ਉਕਤ ਵਿਦਵਾਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।