24 ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਹੋਇਆ ਆਯੋਜਿਤ,300 ਤੋਂ ਵਧੇਰੇ ਟੀਮਾਂ ਨੂੰ ਕੀਤਾ ਸਨਮਾਨਿਤ

ਮੋਗਾ 28 ਫਰਵਰੀ:(ਜਸ਼ਨ): 2019-20 ਵਿੱਦਿਅਕ ਵਰ੍ਹੇ ਲਈ ਆਯੋਜਿਤ ਹੋਈਆਂ ਜਿਲ੍ਹਾ ਖੇਡਾਂ ਦਾ ਸਨਮਾਨ ਸਮਾਰੋਹ ਮੋਗਾ ਦੇ ਭੁਪਿੰਦਰਾ ਖਾਲਸਾ ਸੈਕੰਡਰੀ ਸਕੂਲ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਸਿੰਘ ਔਲਖ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਕੇਸ਼ ਮੱਕੜ ਅਤੇ ਸਹਾਇਕ ਜ਼ਿਲ੍ਹਾ ਸਿੱਖਿਆ ਅਫਸਰ ਖੇਡਾਂ ਇੰਦਰਪਾਲ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿਚ ਮੋਗਾ ਜ਼ਿਲ੍ਹੇ ਦੇ 600 ਤੋਂ ਵਧੇਰੇ ਖਿਡਾਰੀਆਂ ਅਤੇ 300 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ ਇਸ ਮੌਕੇ ਮੋਗਾ ਦੇ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ ਖੇਡ ਮੁਖੀ ਅਧਿਆਪਕਾਂ ਤੋਂ ਇਲਾਵਾ ਪਿ੍ਰੰਸੀਪਲ ਹੈੱਡਮਾਸਟਰ ਅਤੇ ਇੰਚਾਰਜ ਸਾਹਿਬਾਨ ਵੀ ਹਾਜ਼ਰ ਸਨ। ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਸਿੰਘ ਔਲਖ ਨੇ ਆਪਣੇ ਸੰਬੋਧਨ ਜਰੀਏ ਕਿਹਾ ਕਿ ਪੰਜਾਬ ਸ਼ੁਰੂ ਤੋਂ ਹੀ ਖੇਡਾਂ ਦੇ ਮਾਮਲੇ ਵਿੱਚ ਮੋਹਰੀ ਸੂਬਾ ਰਿਹਾ ਹੈ ਅਤੇ ਮੋਗਾ ਜ਼ਿਲ੍ਹਾ ਹਮੇਸ਼ਾ ਹਰ ਪੱਧਰ ਤੇ ਆਯੋਜਿਤ ਹੋਣ ਵਾਲੀਆਂ ਖੇਡਾਂ ਵਿੱਚ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਦਾ ਰਿਹਾ ਹੈ ਜਿੱਥੇ ਮੋਗਾ ਜ਼ਿਲ੍ਹੇ ਦੇ ਅਨੇਕ ਖਿਡਾਰੀ ਸਰਕਾਰੀ ਸਕੂਲਾਂ ਵਿੱਚੋਂ ਪੜ੍ਹਦੇ ਅੱਜ ਵਿਸ਼ਵ ਪੱਧਰ ਤੇ ਆਪਣਾ ਨਾਮ ਸਥਾਪਿਤ ਕਰਨ ਵਿੱਚ ਕਾਮਯਾਬ ਰਹੇ ਹਨ ਉੱਥੇ ਮੋਗਾ ਜ਼ਿਲ੍ਹਾ ਵਿਦਿਆਰਥੀਆਂ ਨੂੰ ਚੰਗੀ ਸਿਹਤ ਅਤੇ ਚੰਗੇ ਨਾਗਰਿਕ ਬਣਨ ਲਈ ਵੀ ਪ੍ਰੇਰਿਤ ਕਰਦਾ ਰਿਹਾ ਹੈ ਅੱਜ ਇੰਨੇ ਵੱਡੇ ਗਿਣਤੀ ਵਿੱਚ ਆਯੋਜਿਤ ਇਸ ਸਨਮਾਨ ਸਮਾਰੋਹ ਵਿੱਚ ਵਿਦਿਆਰਥੀਆਂ ਦੇ ਚਿਹਰੇ ਤੇ ਦੇਖ ਕੇ ਹੀ ਲੱਗਦਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਮੋਗਾ ਜ਼ਿਲ੍ਹਾ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਜਾ ਰਿਹਾ ਹੈ ਜਿਸ ਦੀ ਅਗਵਾਹੀ ਰਾਸ਼ਟਰੀ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਇਨ੍ਹਾਂ ਵਿਦਿਆਰਥੀਆਂ ਦੁਆਰਾ ਸਥਾਪਿਤ ਕੀਤੇ ਗਏ ਮਾਪਦੰਡ ਅਤੇ ਰਿਕਾਰਡ ਗਵਾਹੀ ਦੇ ਰਹੇ ਹਨ। ਉਨ੍ਹਾਂ ਬੱਚਿਆਂ ਨੂੰ ਪੂਰੀ ਤਰ੍ਹਾਂ ਤਨਦੇਹੀ ਨਾਲ ਜਿੱਥੇ ਪੜ੍ਹਾਈ ਦੇ ਖੇਤਰ ਵਿਚ ਅੱਗੇ ਆਉਣ ਲਈ ਕਿਹਾ ਉੱਥੇ ਨਾਲੋਂ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਆਪਣੀ ਬਣਦੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ।  ਇਸ ਮੌਕੇ ਆਪਣੇ ਸੰਬੋਧਨ ਵਿੱਚ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦਰਪਾਲ ਸਿੰਘ ਨੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਸਾਲ ਦੇ ਸ਼ੁਰੂ ਵਿੱਚ ਹੀ ਅਬਦੀ ਤਿਆਰੀਆਂ ਸ਼ੁਰੂ ਕਰ ਦਿੰਦੇ ਹਾਂ ਅਤੇ ਅਜਿਹੇ ਵਿਦਿਆਰਥੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਜਿਨ੍ਹਾਂ ਵਿੱਚ ਰਾਸ਼ਟਰੀ ਪੱਧਰ ਜਾਂ ਰਾਜ ਪੱਧਰ ਤੱਕ ਜਾਣ ਦੀ ਸੰਭਾਵਨਾਵਾਂ ਹੁੰਦੀਆਂ ਹਨ ਨਾਲੋ ਨਾਲ ਪ੍ਰਾਇਮਰੀ ਪੱਧਰ ਤੋਂ ਹੀ ਖਿਡਾਰੀਆਂ ਦੀ ਪਹਿਚਾਣ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ ਜਿਸ ਦੇ ਸਿੱਟੇ ਹਮੇਸ਼ਾ ਸਾਰਥਕ ਰਹੇ ਹਨ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਕੇਸ਼ ਮੱਕੜ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਉਤਸ਼ਾਹਿਤ ਕਰਦਿਆਂ ਨਿਰੰਤਰ ਖੇਡਾਂ ਦੇ ਖੇਤਰ ਵਿੱਚ ਇੱਕ ਘੰਟਾ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਿ੍ਰੰਸੀਪਲ ਹਰਿੰਦਰਜੀਤ ਸਿੰਘ ਸੁਨੀਤ ਇੰਦਰ ਸਿੰਘ ਦਿਲਬਾਗ ਸਿੰਘ ਬਰਾੜ ਜਗਜੀਤ ਸਿੰਘ ਸੋਸ਼ਲ ਮੀਡੀਆ ਕੁਆਰਡੀਨੇਟਰ ਹਰਸ਼ ਕੁਮਾਰ ਗੋਇਲ  ਮਨਜੀਤ ਕੌਰ ਸ੍ਰੀਮਤੀ ਸੁਰਿੰਦਰ ਕੌਰ  ਪਲਵਿੰਦਰ ਸਿੰਘ ਗੁਰਪਿਆਰ ਸਿੰਘ ਹਰਪ੍ਰਤਾਪ ਸਿੰਘ ਨਵਦੀਪ ਸਿੰਘ ਕਰਮਜੀਤ ਸਿੰਘ ਨਛੱਤਰ ਸਿੰਘ ਬਲਵਿੰਦਰ ਸਿੰਘ ਹਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜਸਵਿੰਦਰ ਜੀਤ ਕੌਰ ਸਮੇਤ ਸਮੂਹ ਮੋਗਾ ਜ਼ਿਲ੍ਹੇ ਦੇ ਸਰੀਰਕ ਸਿੱਖਿਆ ਅਧਿਆਪਕ ਅਤੇ ਪੀਟੀਆਈ ਅਧਿਆਪਕ ਹਾਜ਼ਰ ਸਨ।