ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਰਮੇ/ਕਪਾਹ ਦੀ ਫਸਲ ਲਾਹੇਵੰਦ-ਡਿਪਟੀ ਕਮਿਸ਼ਨਰ

ਮੋਗਾ 26 ਫਰਵਰੀ (ਜਸ਼ਨ):ਸਕੱਤਰ ਖੇਤੀਬਾੜੀ ਕਾਹਨ ਸਿੰਘ ਪੰਨੂ ਅਤੇ ਡਾ: ਸੁਤੰਤਰ ਕੁਮਾਰ ਐਰੀ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਦੇ ਉਪਰਾਲਿਆਂ ਅਧੀਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਮੱਕੀ ਅਤੇ ਨਰਮੇ ਦੀ ਫਸਲ ਬੀਜਣ ਲਈ ਜਾਗ੍ਰਿਤ ਕੀਤਾ ਜਾ ਰਿਹਾ ਹੈ। ਇਸੇ ਕੜ੍ਹੀ ਅਧੀਨ  ਡਿਪਟੀ ਕਮਿਸ਼ਨਰ, ਮੋਗਾ ਸ੍ਰੀ ਸੰਦੀਪ ਹੰਸ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਦੀ ਮੀਟਿੰਗ ਬੁਲਾਈ ਗਈ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਆਦੇਸ਼ ਦਿੱਤਾ ਕਿ ਆਪਣੇ ਆਪਣੇ ਅਧਿਕਾਰ ਖੇਤਰ ਵਿਚ ਨਦੀਨਾਂ ਜਿਵੇਂ ਕਿ ਕੰਗੀ ਬੂਟੀ, ਪੀਲੀ ਕੁੰਗੀ, ਗਾਜਰ ਘਾਹ, ਧਤੂਰਾ, ਭੰਗ, ਗੁੱਤ ਪੁੱਟਣਾ, ਭੱਖੜਾ, ਇਟਸਿਟ ਅਤੇ ਤਾਂਦਲਾ ਆਦਿ ਦਾ ਮੁੰਕਮਲ ਖਾਤਮਾ ਕੀਤਾ ਜਾਵੇ। ਇਸ ਸਬੰਧੀ ਉਨ੍ਹਾਂ ਕਿਹਾ ਕਿ ਨਦੀਨਾਂ ਦਾ ਖਾਤਮਾ ਕਰਨ ਲਈ ਮਨਰੇਗਾ ਸਕੀਮ ਅਧੀਨ ਕਾਮਿਆਂ  ਦੀ ਸਹਾਇਤਾ ਲਈ ਜਾਵੇ।ਮੁੱਖ ਖੇਤੀਬਾੜੀ ਅਫਸਰ, ਮੋਗਾ ਡਾ: ਬਲਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 3.92 ਲੱਖ ਹੈਕਟੇਅਰ ਰਕਬੇ ਵਿਚ ਨਰਮੇ/ਕਪਾਹ ਦੀ ਫਸਲ ਦੀ ਕਾਸ਼ਤ ਕੀਤੀ ਗਈ ਸੀ ਅਤੇ 18.59 ਲੱਖ ਗੰਢਾਂ ਦੀ ਪੈਦਾਵਾਰ ਕੀਤੀ ਗਈ ਸੀ। ਇਸੇ ਤਰ੍ਹਾਂ ਮੱਕੀ 1.60 ਲੱਖ ਹੈਕਟੇਅਰ ਵਿਚ ਬੀਜੀ ਗਈ ਸੀ ਜਿਸ ਨਾਲ 37.45 ਕਿਲੋ/ਹੈਕਟੇਅਰ ਝਾੜ  ਪ੍ਰਾਪਤ ਹੋਇਆ ਸੀ। ਨਰਮੇ ਦੀ ਫਸਲ ਦੇ ਝਾੜ ਨੂੰ ਵੇਖਦੇ ਹੋਏ ਅਤੇ ਪਾਣੀ ਦੀ ਬੱਚਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿਸਾਨਾਂ ਵੱਲੋਂ ਇਸ ਸਾਲ ਨਰਮੇ ਦੀ ਫਸਲ ਬੀਜਣ ਲਈ ਉਤਸੁਕਤਾ ਵਿਖਾਈ ਜਾ ਰਹੀ ਹੈ ਕਿਉਂਕਿ ਵਧੀਆ ਭਾਅ ਕਾਰਨ ਕਿਸਾਨਾਂ ਦਾ ਆਰਥਿਕ ਤੌਰ ਤੇ ਫਾਇਦਾ ਹੋਇਆ ਹੈ। ਜ਼ਿਲ੍ਹੇ ਵਿਚ ਬਲਾਕ ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਵਿਚ ਕਾਫੀ ਰਕਬੇ ਵਿਚ ਨਰਮੇ ਦੀ ਫਸਲ ਦੀ ਕਾਸ਼ਤ ਪਿਛਲੇ ਸਾਲਾਂ ਦੌਰਾਨ ਕੀਤੀ ਜਾਂਦੀ ਰਹੀ ਹੈ। ਨਰਮੇ ਕਪਾਹ ਦੀ ਫਸਲ ਨੂੰ ਇਨ੍ਹਾਂ ਬਲਾਕਾਂ ਵਿਚ ਮੁੜ ਸੁਰਜੀਤ ਕਰਨ ਲਈ ਵਿਭਾਗ ਵੱਲੋਂ ਕਿਸਾਨ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ ਅਤੇ ਨਰਮੇ ਦੇ ਉਚ ਮਿਆਰ ਦੇ ਬੀਜ ਮੁਹੱਈਆ ਕਰਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।