ਸੈਕਰਡ ਹਾਰਟ ਸਕੂਲ ਦੇ ਪ੍ਰਾਇਮਰੀ ਵਿੰਗ ਦੀ ਨਵੀਂ ਬਣੀ ਇਮਾਰਤ ਦੇ ਰਸਮੀ ਉਦਘਾਟਨ ਮੌਕੇ ਹੋਇਆ ਵਿਸ਼ੇਸ਼ ਸਮਾਗਮ, ਸਮਾਗਮ ਦੌਰਾਨ ਸੰਸਥਾ ਨਾਲ ਜੁੜੀਆਂ ਰਹੀਆਂ ਸ਼ਖਸੀਅਤਾਂ ਨੇ ਆਪਣੇ ਤਜ਼ਰਬੇ ਕੀਤੇ ਸਾਂਝੇ

ਮੋਗਾ,23 ਫਰਵਰੀ (ਜਸ਼ਨ) : ਮੋਗਾ ਇਲਾਕੇ ਦੀ ਮੰਨੀ ਪ੍ਰਮੰਨੀ ਸੰਸਥਾ ਸੈਕਰਡ ਹਾਰਟ ਸਕੂਲ ਪਿਛਲੇ ਲੰਬੇ ਸਮੇਂ ਤੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਉਹਨਾਂ ਦੀ ਬਹੁਪੱਖੀ ਸ਼ਖਸੀਅਤ ਦੇ ਨਿਰਮਾਣ ਵਿਚ ਅਹਿਮ ਯੋਗਦਾਨ ਪਾ ਰਹੀ ਹੈ। ਇਸੇ ਸਾਕਾਰਤਮਕ ਸੋਚ ਨੂੰ ਲੈ ਕੇ ਸਕੂਲ ਮੈਨੇਜਮੈਂਟ ਵੱਲੋਂ ਪ੍ਰਾਇਮਰੀ ਵਿੰਗ ਲਈ ਨਵੀਂ ਬਿਲਡਿੰਗ ਦੀ ਉਸਾਰੀ ਕਰਵਾਈ ਗਈ ਜਿਸ ਨੂੰ ਆਧੁਨਿਕ ਸਹੂਲਤਾਂ ਨਾਲ ਲੈੱਸ ਕੀਤਾ ਗਿਆ ਹੈ ਤਾਂ ਕਿ ਨਿੱਕੇ ਬਾਲ ਖੇਡ ਖੇਡ ਵਿਚ ਆਪਣੇ ਆਲੇ ਦੁਆਲੇ ਦੇ ਖੂਬਸੂਰਤ ਮਾਹੌਲ ਵਿਚ ਆਪਣੇ ਬਚਪਨ ਦੇ ਪਲਾਂ ਨੂੰ ਮਾਣਦਿਆਂ ਸਿੱਖਿਆ ਹਾਸਲ ਕਰ ਸਕਣ।
22 ਫਰਵਰੀ ਨੂੰ ਪਿ੍ਰੰਸੀਪਲ ਸ਼੍ਰੀਮਤੀ ਜੇਬਾ ਕੁਮਾਰ ਅਤੇ ਸਕੂਲ ਚੇਅਰਮੈਨ ਚਾਰਲਸ ਜੇਬਾ ਕੁਮਾਰ ਦੀ ਕੁਸ਼ਲ ਅਗਵਾਈ ਵਿਚ ਪ੍ਰਾਇਮਰੀ ਵਿੰਗ ਦੀ ਨਵੀਂ ਬਣੀ ਇਮਾਰਤ ਦੇ ਰਸਮੀ ਉਦਘਾਟਨ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਵਿਚ ਸ਼ਹਿਰ ਦੀਆਂ ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਸ਼ਾਮਲ ਹੋਈਆਂ।

ਉਦਘਾਟਨੀ ਰਸਮਾਂ ਮੌਕੇ ਸੀ ਐੱਨ ਆਈ ਹਾਈਡ ਮੈਮੋਰੀਅਲ ਚਰਚ ਮੋਗਾ ਦੇ ਪਾਦਰੀ ਰੇਵ ਰਮੇਸ਼ ਮਸਿਹ,ਰੇਵ ਅਲੈਕਸ ਪੀਟਰ ,ਐਡਵੋਕੇਟ ਨਸੀਬ ਬਾਵਾ , ਸਕੂਲ ਪਿ੍ਰੰਸੀਪਲ ਮੈਡਮ ਜੇਬਾ ਕੁਮਾਰ, ਚੇਅਰਮੈਨ ਚਾਰਲਸ ਜੇਬਾ ਕੁਮਾਰ,ਡਾ: ਸੁਧਾ ਥਾਪਰ ਅਤੇ ਡਾ: ਕੁਲਦੀਪ ਸਿੰਘ ਗਿੱਲ ਨੇ ਸ਼ਮਾ ਰੌਸ਼ਨ ਕੀਤੀ। ਇਸ ਮੌਕੇ ਡਾ: ਨੀਲੂ ਕੌੜਾ, ਡਾ: ਸੈਫੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਕੂਲ ਸਟਾਫ਼ ਹਾਜ਼ਰ ਸੀ। ਨਵੇਂ ਆਡੋਟੋਰੀਅਮ ਵਿਚ ਹੋਏ ਇਸ ਸ਼ਾਨਦਾਰ ਸਮਾਗਮ ਦੌਰਾਨ ਇਸ ਸੰਸਥਾ ਨਾਲ ਮੁੱਢ ਤੋਂ ਜੁੜੀਆਂ ਰਹੀਆਂ ਸ਼ਖਸੀਅਤਾਂ ਨੇ ਸੰਸਥਾ ਨਾਲ ਸਬੰਧਤ ਆਪਣੇ ਤਜ਼ਰਬਿਆਂ ਨੂੰ ਸਾਂਝਾ ਕੀਤਾ।
ਇਸ ਮੌਕੇ ਸਕੂਲ ਮੈਨੇਜਮੈਂਟ ਵੱਲੋਂ ਸੈਕਰਡ ਹਾਰਟ ਸਕੂਲ ਦੇ ਪ੍ਰਾਇਮਰੀ ਵਿੰਗ ਦੀ ਇਮਾਰਤ ਨੂੰ ਥੋੜੇ ਸਮੇਂ ਵਿਚ ਪੂਰਾ ਕਰਨ ਵਾਲੇ ਇੰਜੀਨੀਅਰ ,ਆਰਕੀਟੈਕਟ ਅਤੇ ਤਕਨੀਕੀ ਮਾਹਿਰਾਂ ਨੂੰ ਉਹਨਾਂ ਦੇ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੈਕਰਟ ਹਾਰਟ ਸਕੂਲ ਕੌਂਸਲ ਆਫ਼ ਆਈ ਐੱਸ ਸੀ ਈ ਦਿੱਲੀ ਤੋਂ ਮਾਨਤਾ ਪ੍ਰਾਪਤ ਹੋਣ ਦੇ ਨਾਲ ਨਾਲ ਸੰਸਥਾ ਏ ਸੀ ਐੱਸ ਆਈ ਅਤੇ ਯੂ ਐੱਸ ਏ ਦੀ ਮੈਂਬਰ ਵੀ ਹੈ।
ਇਸ ਮੌਕੇ ਸਕੂਲ ਪਿ੍ਰੰਸੀਪਲ ਮੈਡਮ ਜੇਬਾ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1971 ਵਿਚ ਮੋਗਾ ਇਲਾਕੇ ਦੇ ਬੱਚਿਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਲਈ ਸ਼੍ਰੀ ਜੀ ਏ ਅਬਰਾਹਮ ਅਤੇ ਸ਼੍ਰੀਮਤੀ ਵਿਸਾਂਤਾ ਅਬਰਾਹਮ ਨੇ ਮਿਸ਼ਨ ਵਜੋਂ ਇਸ ਸੰਸਥਾ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਦੱਸਿਆ ਕਿ ਜੀ ਏ ਅਬਰਾਹਮ ਭਾਰਤੀ ਸੈਨਾ ਦੇ ਸੇਵਾਮੁਕਤ ਅਧਿਕਾਰੀ ਹੋਣ ਦੇ ਨਾਲ ਨਾਲ ਇਕ ਕੁਸ਼ਲ ਪ੍ਰਸ਼ਾਸ਼ਕ ਵੀ ਸਨ ਅਤੇ ਸ਼੍ਰੀਮਤੀ ਵਿਸਾਂਤਾ ਅਬਰਾਹਮ ਇਕ ਅਨੁਭਵੀ ਸਿੱਖਿਆ ਸ਼ਾਸਤਰੀ ਸਨ ਜਿਹਨਾਂ ਨੇ ਤਮਾਮ ਉਮਰ ਸਿੱਖਿਆ ਦੇ ਖੇਤਰ ਵਿਚ ਆਪਣੀਆਂ ਵਡਮੁੱਲੀਆਂ ਸੇਵਾਵਾਂ ਦਿੱਤੀਆਂ ਜਿਸ ਦੀ ਬਦੌਲਤ ਇਸ ਸਕੂਲ ਤੋਂ ਸਿੱਖਿਅਤ ਵਿਦਿਆਰਥੀਆਂ ਨੇ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਿਆ। ਉਹਨਾਂ ਦੱਸਿਆ ਕਿ ਅੱਜ ਸੈਕਰਡ ਹਾਰਟ ਸਕੂਲ ਵਿਚ 400 ਤੋਂ ਵੱਧ ਅਧਿਆਪਕ ਹਜ਼ਾਰਾਂ ਦੀ ਗਿਣਤੀ ਵਿਚ ਸਿੱਖਿਆ ਹਾਸਲ ਕਰਨ ਕਰ ਰਹੇ ਵਿਦਿਆਰਥੀ ਨੂੰ ਗੁਣਵੱਤਾ ਸਿੱਖਿਆ ਪ੍ਰਦਾਨ ਕਰ ਰਹੇ ਹਨ। ਪਿ੍ਰੰਸੀਪਲ ਮੈਡਮ ਜੇਬਾ ਕੁਮਾਰ ਨੇ ਆਖਿਆ ਕਿ ਉਹਨਾਂ ਨੂੰ ਪੂਰਨ ਆਸ ਹੈ ਕਿ ਨਵ ਨਿਰਮਾਣਤ ਪ੍ਰਾਇਮਰੀ ਵਿੰਗ ਦੀ ਇਮਾਰਤ ਨਿੱਕੇ ਬਾਲਾਂ ਨੂੰ ਖੂਬ ਆਕਰਸ਼ਿਤ ਕਰੇਗੀ।


