ਇਸਕਾਨ ਪ੍ਰਚਾਰ ਸਮਿਤੀ ਨੇ ਚੇਅਰਮੈਨ ਦੇਵਪ੍ਰਿਆ ਤਿਆਗੀ ਦੀ ਅਗਵਾਈ ਵਿਚ ਹਰਿਦੁਆਰ ਵਿਖੇ ਕਿਰਤ ਦਾਨ ਅਤੇ ਅੰਨ ਦਾਨ ਕਰਕੇ ਫੱਗਣ ਮਹੀਨੇ ਦੀ ਮੱਸਿਆ ਮਨਾਈ

ਹਰਿਦੁਆਰ ,23 ਫਰਵਰੀ(ਜਸ਼ਨ):  ਇਸਕਾਨ ਪ੍ਰਚਾਰ ਸਮਿਤੀ ਦੇ ਚੇਅਰਮੈਨ ਦੇਵਪ੍ਰਿਆ ਤਿਆਗੀ ਦੀ ਅਗਵਾਈ ਵਿਚ ਸਮਿਤੀ ਦੇ ਅਹੁਦੇਦਾਰਾਂ ਨੇ ਨਿਰਧਨ ਨਿਕੇਤਨ ਆਸ਼ਰਮ ਹਰਿਦੁਆਰ ਵਿਖੇ ਕਿਰਤ ਦਾਨ ਅਤੇ ਅੰਨ ਦਾਨ ਕਰਕੇ ਫੱਗਣ ਮਹੀਨੇ ਦੀ ਮੱਸਿਆ ਮਨਾਈ ਗਈ । ਆਸ਼ਰਮ ਦੇ ਸੰਚਾਲਕ ਗੁਰੂਦੇਵ ਸ਼੍ਰੀ ਰਾਮਕ੍ਰਿਸ਼ਨ ਮਹਾਰਾਜ ਜੀ ਦੀ ਅਗਵਾਈ ਵਿਚ ਚਲਾਈ ਜਾ ਰਹੀ ਗਿਆਨ ਅਤੇ ਭਗਤੀ ਦੀ ਅਲਖ਼ ਜੋਤ ਦੀ ਤਾਰੀਫ਼ ਕਰਦਿਆਂ ਦੇਵਪ੍ਰਿਆ ਤਿਆਗੀ ਨੇ ਆਖਿਆ ਕਿ ਗੁਰੂਦੇਵ ਵਾਂਗ ਹਰ ਵਿਅਕਤੀ ਨੂੰ ਅੰਨ ਦਾਨ ਕਰਨਾ ਚਾਹੀਦਾ ਹੈ ਕਿਉਂਕਿ ਅੰਨਦਾਨ ਗਿਆਨ ਦਾਨ ਤੋਂ ਬਾਅਦ ਉੱਤਮ ਦਾਨ ਮੰਨਿਆ ਜਾਦਾ ਹੈ। ਸੰਸਥਾ ਦੇ ਵਾਈਸ ਚੇਅਰਮੈਨ ਨਵਦੀਪ ਗੁਪਤਾ ਨੇ ਆਖਿਆ ਕਿ ਫੱਗਣ ਮੱਸਿਆ ਹਿੰਦੂ ਵਰਸ਼ ਦੀ ਆਖਰੀ ਮੱਸਿਆ ਮੰਨੀ ਜਾਂਦੀ ਹੈ ਅਤੇ ਇਸ ਨੂੰ ਮਹਾਸ਼ਿਵਰਾਸ਼ਤਰੀ ਦੇ ਬਾਅਦ ਮਨਾਈ ਜਾਣ ਕਰਕੇ ਸ਼ਾਸਤਰਾਂ ਵਿਚ ਇਸ ਦਾ ਅਹਿਮ ਮੰਨਿਆ ਗਿਆ ਹੈ। ਸੰਸਥਾ ਦੇ ਪ੍ਰਧਾਨ ਸੁਸ਼ੀਲ ਢੀਂਗਰਾ ਨੇ ਆਖਿਆ ਕਿ ਧਾਰਮਿਕ ਮਾਨਤਾ ਮੁਤਾਬਕ ਇਹ ਮੱਸਿਆ ਪਿਤਰਾਂ ਨੂੰ ਮੋਕਸ਼ ਪ੍ਰਦਾਨ ਕਰਦੀ ਹੈ ਅਤੇ ਇਸ ਦਿਨ ਕੀਤਾ ਸ਼ਰਾਧ ਸ਼ੁੱਭ ਮੰਨਿਆ ਜਾਂਦਾ ਹੈ। ਸੰਸਥਾ ਦੇ ਕੈਸ਼ੀਅਰ ਰਜਨੀਸ਼ ਕੁਮਾਰ ਨੇ ਆਖਿਆ ਕਿ ਇਸ ਦਿਨ ਗੰਗਾ ਯਮੁਨਾ ਦੇ ਸੰਗਮ ’ਤੇ ਦੇਵਤਿਆਂ ਦਾ ਨਿਵਾਸ ਹੁੰਦਾ ਹੈ ਇਸ ਕਰਕੇ ਇਸ਼ਨਾਨ ਕਰਨਾ ਬੇਹੱਦ ਲਾਹੇਵੰਦਾ ਹੈ। ਸਮਾਜ ਸੇਵੀ ਰਾਜੇਸ਼ ਵਰਮਾ ਨੇ ਨਿਰਧਨ ਨਿਕੇਤਨ ਆਸ਼ਰਮ ਵਿਚ ਚੱਲ ਰਹੇ ਸੰਸਿਤ ਵਿਸ਼ਵ ਵਿਦਾਲਿਆ ਅਤੇ ਗਊਸ਼ਾਲਾ ਤੋਂ ਪ੍ਰਭਾਵਿਤ ਹੋ ਕੇ ਮੋਗਾ ਸ਼ਹਿਰ ਵਿਚ ਵੀ ਅਜਿਹੀ ਸੰਸਥਾ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।