ਪੰਜਾਬ ਦਾ ਦੂਜਾ ਆਯੂਸ਼ ਹਸਪਤਾਲ ਜ਼ਿਲ੍ਹੇ ਮੋਗੇ ਵਿੱਚ ਕੀਤਾ ਜਾਵੇਗਾ ਸਥਾਪਿਤ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ 22 ਫਰਵਰੀ ਨੂੰ ਰੱਖਣਗੇ ਨੀਂਹ ਪੱਥਰ

ਮੋਗਾ, 20 ਫਰਵਰੀ(ਜਸ਼ਨ):ਰਵਾਇਤੀ ਦਵਾਈ ਦੀ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਮੋਗਾ ਜ਼ਿਲ੍ਹੇ ਦੇ ਪਿੰਡ ਦੁਨੇਕੇ ਵਿਖੇ 50 ਬਿਸਤਰਿਆਂ ਵਾਲਾ ਆਯੁਰਵੈਦਿਕ, ਯੋਗਾ ਅਤੇ ਨੈਚਰੋਪੈਥੀ, ਯੂਨਾਨੀ, ਸਿੱਧ ਅਤੇ ਹੋਮੀਓਪੈਥੀ (ਆਯੂਸ਼) ਹਸਪਤਾਲ ਬਣਾਇਆ ਜਾ ਰਿਹਾ ਹੈ। ਐਸ ਏ ਐਸ ਨਗਰ (ਮੁਹਾਲੀ) ਤੋਂ ਬਾਅਦ, ਮੋਗਾ ਪੰਜਾਬ ਦਾ ਦੂਜਾ ਜ਼ਿਲ੍ਹਾ ਹੋਵੇਗਾ ਜਿੱਥੇ ਕਿ ਰਾਸ਼ਟਰੀ ਆਯੂਸ਼ ਮਿਸ਼ਨ ਦੇ ਆਯੂਸ਼ ਸੇਵਾ ਤਹਿਤ ਆਯੂਸ਼ ਹਸਪਤਾਲ ਖੋਲਿਆ ਜਾਵੇਗਾ।ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਸ਼ਨੀਵਾਰ ਨੂੰ ਪੰਜ-ਕਨਾਲ ਜ਼ਮੀਨ ‘ਤੇ ਬਣਨ ਵਾਲੇ 6.16 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ। ਵਿਧਾਇਕ ਮੋਗਾ ਡਾ: ਹਰਜੋਤ ਕਮਲ ਨੇ ਉਪ ਮੰਡਲ ਮੈਜਿਸਟਰੇਟ (ਐਸ.ਡੀ.ਐਮ) ਮੋਗਾ ਸਤਵੰਤ ਸਿੰਘ ਸਮੇਤ ਪਿੰਡ ਦੁਨੇਕੇ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ । ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਅਤੇ ਬੀਬੀ ਜਗਦਰਸ਼ਨ ਕੌਰ ਮੈਂਬਰ ਪੰਜਾਬ ਮਹਿਲਾ ਕਮਿਸ਼ਨਰ ਵੀ ਹਾਜ਼ਰ ਸਨ। ਇਸ ਮੌਕੇ ਵਿਧਾਇਕ ਮੋਗਾ ਡਾ: ਹਰਜੋਤ ਕਮਲ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਆਯੂਸ਼ ਦੁਆਰਾ ਦਰਸਾਏ ਗਏ ਵੱਖ-ਵੱਖ ਪ੍ਰਣਾਲੀਆਂ ਤਹਿਤ ਚੈੱਕਅਪ ਅਤੇ ਇਲਾਜ ਸੇਵਾਵਾਂ ਦਾ ਲਾਭ 15 ਮਹੀਨਿਆਂ ਵਿੱਚ ਲੋਕਾਂ ਨੂੰ ਮਿਲਣ ਦੀ ਸੰਭਾਵਨਾ ਹੈ। ਵਿਧਾਇਕ ਮੋਗਾ ਡਾ: ਹਰਜੋਤ ਕਮਲ ਨੇ ਕਿਹਾ, ‘‘ਠੇਕੇਦਾਰ ਨੂੰ ਠੇਕਾ ਅਲਾਟ ਕਰ ਦਿੱਤਾ ਗਿਆ ਹੈ ਅਤੇ ਨੀਂਹ ਪੱਥਰ ਰੱਖਣ ਦੀ ਰਸਮ ਤੋਂ ਤੁਰੰਤ ਬਾਅਦ ਆਯੂਸ਼ ਹਸਪਤਾਲ ਦੀ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ।ਵਿਧਾਇਕ ਮੋਗਾ ਡਾ: ਹਰਜੋਤ ਕਮਲ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੱਕ ਡਾਕਟਰ ਹੋਣ ਦੇ ਨਾਤੇ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਨਿੱਜੀ ਤੌਰ ‘ਤੇ ਇਸ ਪ੍ਰਾਜੈਕਟ ਨੂੰ ਮੋਗਾ ਜ਼ਿਲ੍ਹੇ ਨੂੰ ਤੋਹਫ਼ੇ ਵਜੋਂ ਦੇਣ ਦੀ ਬੇਨਤੀ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਦੁਅਰਾਾ ਉਨ੍ਹਾਂ ਦੀ ਬੇਨਤੀ ਮੰਨ ਲਈ ਗਈ। ਉਨ੍ਹਾਂ ਕਿਹਾ ਕਿ ਭਾਰਤ ਦੀ ਰਿਵਾਇਤੀ ਦਵਾਈ ਪ੍ਰਣਾਲੀ ਨੂੰ ਨਾ ਕਿ ਸਿਰਫ ਪੰਜਾਬ ਜਾਂ ਭਾਰਤ ਵਿੱਚ ਬਲਕਿ ਪੂਰੇ ਵਿਸ਼ਵ ਵਿੱਚ ਪ੍ਰਚੱਲਿਤ ਕਰਨਾ ਉਨ੍ਹਾਂ ਦਾ ਸੁਪਨਾ ਹੈ।ਉਨ੍ਹਾਂ ਕਿਹਾ ਕਿ ਜਲਦੀ ਹੀ ਆਯੂਸ਼ ਹਸਪਤਾਲ ਦੇ ਨਾਲ ਲੱਗਦੀ ਸੱਤ-ਕਨਾਲ ਜ਼ਮੀਨ ‘ਤੇ ਟਰੌਮਾ ਸੈਂਟਰ ਵੀ ਸਥਾਪਤ ਕੀਤਾ ਜਾਵੇਗਾ।ਜਿਕਰਯੋਗ ਹੈ ਕਿ ਇਸ ਆਯੁਸ਼ ਹਸਪਤਾਲ ਵਿੱਚ ਗਰਾਊਡ ਫਲੌਰ ਤੇ ਮੈਡੀਕਲ ਸਟੋਰ, ਵੇਟਿੰਗ ਏਰੀਆ, ਰਜਿਸਟ੍ਰੇਸ਼ਨ ਰੂਮ, ਰਿਕਾਰਡ ਰੂਮ, ਡਰੈਸਿੰਗ, ਡਿਸਪੈਸਰੀ, ਓ.ਪੀ.ਡੀ., ਸਟਾਫ ਚੇਜਿੰਗ ਰੂਮ, ਲੈਬ, ਸੈਪਲ ਕੁਲੈਕਸ਼ਨ, ਆਦਿ ਦੀ ਪ੍ਰੋਵੀਜ਼ਨ ਕੀਤੀ ਗਈ ਹੈ। ਜਦਕਿ ਫਸਟ ਫਲੋਰ ਤੇ ਆਡੀਓਮੈਟਰੀ ਰੂਮ, ਕੰਟੀਨ ਸਮੇਤ ਕਿਚਨ, ਯੋਗਾ ਰੂਮ, ਪੰਚਕਰਮਾ ਸੈਅਰ, ਆਦਿ ਦੀ ਪ੍ਰੋਵੀਜਨ ਕੀਤੀ ਗਈ ਹੈ। ਇਸੇ ਤਰ੍ਹਾਂ ਦੂਜੀ ਮੰਜਿਲ ਤੇ ਔਪਟੋਮਿਟਰੀ, ਪੈਨਟਰੀ, 25 ਬੈਡ ਵਾਲਾ ਵਾਰਡ, ਡਾਕਟਰ ਰੂਮ, ਮੀਟਿੰਗ ਹਾਲ, ਐਡਮਿਨਸਟਰੇਟਿਵ ਆਫਿਸ ਸਟਾਫ ਅਤੇ ਦਵਾਈ ਸਟੋਰ, ਆਦਿ ਦੀ ਪ੍ਰੋਵੀਜਨ ਕੀਤੀ ਗਈ ਹੈ। ਇਸ ਹਸਪਤਾਲ ਦੀ ਤੀਜੀ ਮੰਜ਼ਿਲ ਤੇ ਲੀਨਨ ਰੂਮ, ਰੀਕਵਰੀ ਰੂਮ, ਲੇਬਰ ਰੂਮ, ਪਰੇਪਰੇਸ਼ਨ ਰੂਮ, ਓ.ਟੀ., ਆਦਿ ਦੀ ਪ੍ਰੋਵੀਜਨ ਕੀਤੀ ਗਈ ਹੈ ਜਦਕਿ ਚੌਥੀ ਮੰਜ਼ਿਲ ਭਵਿੱਖ ਵਿੱਚ ਕਿਸੇ ਵੀ ਕਿਸਮ ਦੇ ਵਾਧੇ ਲਈ ਕੀਤੀ ਗਈ ਹੈ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।