ਸਿਹਤ ਮੰਤਰੀ 22 ਫਰਵਰੀ ਨੂੰ ਪਿੰਡ ਦੁੱਨੇਕੇ ਵਿਖੇ 50 ਬਿਸਤਰਿਆਂ ਵਾਲਾ ਆਯੂਸ਼ ਹਸਪਤਾਲ ਦਾ ਰੱਖਣਗੇ ਨੀਂਹ ਪੱਥਰ,ਵਿਧਾਇਕ ਡਾ. ਹਰਜੋਤ ਕਮਲ ਨੇ ਕੀਤੀ ਰੀਵਿਊ ਮੀਟਿੰਗ

ਮੋਗਾ 18 ਫਰਵਰੀ:(ਜਸ਼ਨ): ਮੋਗਾ ਜ਼ਿਲ੍ਹੇ ਦੇ ਪਿੰਡ ਦੁਨੇਕੇ ਵਿਖੇ 50 ਬਿਸਤਰਿਆਂ ਵਾਲਾ ਪੰਜ ਕਨਾਲਾਂ ਜ਼ਮੀਨ ਦੇ ਕਰਬੇ ਵਿੱਚ ਆਯੂਸ਼ ਹਸਪਤਾਲ ਖੋਲਿਆ ਜਾ ਰਿਹਾ ਹੈ। ਇਸ ਆਯੂਸ਼ ਹਸਪਤਾਲ ਦਾ ਨੀਹ ਪੱਥਰ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਪੰਜਾਬ; ਬਲਬੀਰ ਸਿੰਘ ਸਿੱਧੂ 22 ਫਰਵਰੀ, 2020 ਨੂੰ ਦੁਨੇਕੇ ਵਿਖੇ ਆਪਣੇ ਕਰ ਕਲਮਾਂ ਨਾਲ ਰੱਖਣਗੇ। ਜਿਕਰਯੋਗ ਹੈ ਕਿ ਇਹ ਹਸਪਤਾਲ ਜੋ ਕਿ ਪੰਜਾਬ ਵਿੱਚ ਪਟਿਆਲੇ ਤੋ ਬਾਅਦ ਮੋਗਾ ਜ਼ਿਲ੍ਹੇ ਵਿੱਚ ਖੁੱਲ੍ਹ ਰਿਹਾ ਹੈ ਇਹ ਆਯੂਸ਼ ਸਰਵਿਸ ਕੰਪੋਨੈਟ ਆਫ ਨੈਸ਼ਨਲ ਆਯੂਸ਼ ਮਿਸ਼ਨ ਸਕੀਮ ਤਹਿਤ ਖੋਲਿਆ ਜਾ ਰਿਹਾ ਹੈ, ਜਿਸਦੀ ਅੰਦਾਜਨ ਕੀਮਤ 8.5 ਕਰੋੜ ਹੈ। ਇਸ ਸਬੰਧੀ ਵਿਧਾਇਕ ਮੋਗਾ ਡਾ. ਹਰਜੋਤ ਕਮਲ ਅਤੇ ਉਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ  ਨੇ ਜ਼ਿਲ੍ਹਾ ਪੱਧਰੀ ਸਮਾਗਮ ਦਾ ਰੀਵਿਊ ਕਰਨ ਲਈ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਵਧੀਆ ਪ੍ਰਬੰਧ ਹੋਣੇ ਚਾਹੀਦੇ ਹਨ ਤਾਂ ਜੋ ਇਹ ਜ਼ਿਲ੍ਹਾ ਪੱਧਰੀ ਸਮਾਗਮ ਸਫਲਤਾਪੂਰਵਕ ਢੰਗ ਨਾਲ ਮੁਕੰਮਲ ਕੀਤਾ ਜਾ ਸਕੇ।ਇਸ ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਡਾ. ਹਰਿੰਦਰਪਾਲ ਸਿੰਘ ਸਿਵਲ ਸਰਜਨ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਾਜਕਿਰਨ ਕੌਰ, ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਊਸ਼ਾ ਗਰਗ, ਏ.ਐਮ.ਓ. ਡਾ. ਨਵਦੀਪ ਸਿੰਘ ਬਰਾੜ, ਏ.ਐਮ.ਓ. ਡਾ. ਭੁਪਿੰਦਰਪਾਲ ਸਿੰਘ ਗਿੱਲ, ਡਾ. ਪੀ.ਸੀ. ਸਿੰਗਲਾ ਪਿ੍ਰੰਸੀਪਲ ਹਾਜਰ ਸਨ।