ਅੰਧਾਧੁੰਦ ਗੋਲੀਬਾਰੀ ‘ਚ 4 ਦੀ ਮੌਤ,1 ਗੰਭੀਰ ਜ਼ਖਮੀ, ਹੌਲਦਾਰ ਨੇ ਸਹੁਰੇ ਪਰਿਵਾਰ ’ਤੇ ਤੜਕਸਾਰ ਚਲਾਈਆਂ ਗੋਲੀਆਂ
ਧਰਮਕੋਟ,16 ਫਰਵਰੀ(ਜਸ਼ਨ/ਨਵਦੀਪ ਮਹੇਸ਼ਰੀ):ਅੱਜ ਮੋਗਾ ਦੇ ਪਿੰਡ ਸੈਦ ਜਲਾਲਪੁਰ ਵਿਖੇ ਇਕ ਹੌਲਦਾਰ ਨੇ ਤੜਕਸਾਰ ਆਪਣੇ ਸਹੁਰੇ ਘਰ ਜਾ ਕੇ ਪਰਿਵਾਰਕ ਮੈਂਬਰਾਂ ’ਤੇ ਏ ਕੇ 47 ਨਾਲ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ 4 ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ 1 ਬੱਚੀ ਗੰਭੀਰ ਜਖਮੀ ਹੋ ਗਈ।ਗੋਲੀ ਚਲਾਉਣ ਵਾਲੇ ਵਿਅਕਤੀ ਦਾ ਨਾਮ ਹੌਲਦਾਰ ਕੁਲਵਿੰਦਰ ਸਿੰਘ ਹੈ । ਧਰਮਕੋਟ ਹਲਕੇ ਦੇ ਸ਼ੇਰਪੁਰ ਤਾਇਬਾਂ ਨਜ਼ਦੀਕ ਪਿੰਡ ਸੈਦ ਜਲਾਲਪੁਰ ਵਿਚ ਹੋਈ ਘਟਨਾ ਦੌਰਾਨ ਮਰਨ ਵਾਲਿਆਂ ਵਿਚ ਕੁਲਵਿੰਦਰ ਸਿੰਘ ਦੀ ਪਤਨੀ,ਸਾਲਾ,ਸਾਲੇਹਾਰ,ਸੱਸ ਸ਼ਾਮਲ ਹਨ ਜਦਕਿ ਸਾਲੇ ਦੀ 10 ਸਾਲਾ ਪੁੱਤਰੀ ਨੂੰ ਗੰਭੀਰ ਜਖਮੀ ਹਾਲਤ ਵਿਚ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸਾਬਕਾ ਸਰਪੰਚ ਜੰਗ ਸਿੰਘ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੌਲਦਾਰ ਕੁਲਵਿੰਦਰ ਰਾਤ ਸਮੇਂ ਆਪਣੇ ਪੁੱਤਰ ਨਾਲ ਝਗੜ ਰਿਹਾ ਸੀ ਅਤੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਉਹ ਸਫ਼ਲ ਨਾ ਹੋਏ ਤਾਂ ਉਹਨਾਂ ਕੁਲਵਿੰਦਰ ਸਿੰਘ ਨੂੰ ਘਰ ਵਿਚ ਹੀ ਬੰਨ ਦਿੱਤਾ ਅਤੇ ਫਿਰ ਪੁਲਿਸ ਹਵਾਲੇ ਕਰ ਦਿੱਤਾ ਪਰ ਉਹ ਕਿਸੇ ਤਰਾਂ ਪੁਲਿਸ ਸਟੇਸ਼ਨ ‘ਚੋਂ ਸਵੈ ਚਾਲਿਤ ਹਥਿਆਰ ਲੈ ਕੇ ਤੜਕਸਾਰ ਸਹੁਰੇ ਘਰ ਪਹੁੰਚ ਗਿਆ ਅਤੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਪਰਿਵਾਰਕ ਮੈਂਬਰਾਂ ਵਿਚ ਭਗਦੜ ਮੱਚ ਗਈ ਅਤੇ ਕਈਆਂ ਨੇ ਭੱਜ ਕੇ ਜਾਨਾਂ ਬਚਾਈਆਂ । ਹੌਲਦਾਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕੋਠੇ ’ਤੇ ਚੜ੍ਹ ਕੇ ਕਾਫ਼ੀ ਦੇਰ ਬੜ੍ਹਕਾਂ ਮਾਰਦਾ ਰਿਹਾ । ਐੱਸ ਐੱਸ ਪੀ ਹਰਮਨਵੀਰ ਸਿੰਘ ਗਿੱਲ ਅਤੇ ਹਲਕਾ ਧਰਮਕੋਟ ਦੇ ਵਿਧਾਨਕਾਰ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਘਟਨਾ ਸਥਾਨ ’ਤੇ ਪਹੁੰਚੇ ਅਤੇ ਇਸ ਦੁਖਦਾਈ ਘਟਨਾ ’ਤੇ ਅਫਸੋਸ ਪ੍ਰਗਟ ਕੀਤਾ। ਐੱਸ ਐੱਸ ਪੀ ਨੇ ਦੱਸਿਆ ਕਿ ਅੱਜ ਪੰਜਾਬ ਪੁਲਿਸ ‘ਚ ਤੈਨਾਤ ਹੌਲਦਾਰ ਕੁਲਵਿੰਦਰ ਸਿੰਘ ਨੇ ਏ ਕੇ 47 ਨਾਲ ਆਪਣੇ ਸਹੁਰੇ ਘਰ ਪਹੁੰਚ ਕੇ ਅੰਨੇਵਾਹ ਫਾਇਰਿੰਗ ਕਰ ਦਿੱਤੀ ਜਿਸ ਵਿਚ ਚਾਰ ਵਿਅਕਤੀਆਂ ਦੀ ਮੌਤ ਹੋਈ ਹੈ। ਐੱਸ ਐੱਸ ਪੀ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਹੌਲਦਾਰ ਕੁਲਵਿੰਦਰ ਸਿੰਘ ਆਪਣੇ ਸਹੁਰੇ ਪਰਿਵਾਰ ਨਾਲ ਰਲ ਕੇ ਸੂਰ ਪਾਲਣ ਦਾ ਧੰਦਾ ਕਰਦਾ ਸੀ ਜਿਸ ਕਰਕੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਰਾਤ ਹੋਈ ਲੜਾਈ ਝਗੜੇ ਤੋਂ ਬਾਅਦ ਸਵੇਰ ਸਮੇਂ ਦੋਸ਼ੀ ਨੇ ਅਜਿਹੀ ਘਿਨੌਣੀ ਘਟਨਾ ਨੂੰ ਅੰਜਾਮ ਦੇ ਦਿੱਤਾ। ਉਹਨਾਂ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਉਪਰੰਤ ਦੋਸ਼ੀ ਹੌਲਦਾਰ ਨੇ ਖੁਦ ਥਾਣੇ ਵਿਚ ਜਾ ਕੇ ਆਤਮ ਸਮਰਪਣ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਇਸ ਵੱਲੋਂ ਪਹਿਲਾਂ ਵੀ ਹੌਲਦਾਰ ਵੱਲੋਂ ਤੈਸ਼ ‘ਚ ਆ ਕੇ ਹਵਾਈ ਫਾਇਰਿੰਗ ਕੀਤੀ ਗਈ ਸੀ ,ਜਿਸ ਦਾ ਕੇਸ ਅਜੇ ਚੱਲ ਰਿਹਾ ਹੈ । ਪੱਤਰਕਾਰਾਂ ਵੱਲੋਂ ਇਹ ਸਵਾਲ ਪੁੱਛੇ ਜਾਣ ਕਿ ‘‘ਬੀਤੀ ਰਾਤ ਹੋਈ ਤਲਖਕਲਾਮੀ ਤੋਂ ਬਾਅਦ ਸਹੁਰੇ ਪਰਿਵਾਰ ਨੇ ਆਪਣੇ ਜਵਾਈ ਹੌਲਦਾਰ ਕੁਲਵਿੰਦਰ ਸਿੰਘ ਨੂੰ ਪੁਲਿਸ ਹਵਾਲੇ ਕਰ ਦਿੱਤਾ ਸੀ ਤਾਂ ਫਿਰ ਇਹ ਉੱਥੋਂ ਕਿਵੇਂ ਛੁੱਟ ਕੇ ਆ ਗਿਆ ? ’’ ਦਾ ਜਵਾਬ ਦਿੰਦਿਆਂ ਐੱਸ ਐੱਸ ਪੀ ਨੇ ਆਖਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ ਅਤੇ ਜੇਕਰ ਕੋਈ ਅਜਿਹੀ ਅਣਗਹਿਲੀ ਸਾਹਮਣੇ ਆਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਵੀ ਵਰਨਣਯੋਗ ਹੈ ਕਿ ਸਹੁਰੇ ਪਰਿਵਾਰ ’ਤੇ ਅੰਨੇਵਾਹ ਫਾਇਰਿੰਗ ਕਰਨ ਉਪਰੰਤ ਹੌਲਦਾਰ ਜਾਨ ਬਚਾ ਕੇ ਭੱਜੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਆਢ ਗਵਾਂਢ ‘ਚ ਲੱਭਦਾ ਰਿਹਾ ਤਾਂ ਕਿ ਸਾਰਿਆਂ ਨੂੰ ਮਾਰਿਆ ਜਾ ਸਕੇ ਪਰ ਉਹ ਕਿਸੇ ਤਰਾਂ ਜਾਨ ਬਚਾ ਕੇ ਭੱਜ ਗਏ। ਹੌਲਦਾਰ ਨੇ ਜਿਸ ਏ ਕੇ 47 ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਉਸ ਨੂੰ ਸਰਕਾਰੀ ਤੌਰ ’ਤੇ ਅਲਾਟ ਕੀਤੀ ਗਈ ਹੋਈ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।