ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਤੋਂ ਡਾਕ ਦਾ ਕੰਮ ਨਾ ਕਰਾਉਣ ਦੇ ਹੁਕਮ,ਕਿਹਾ, ਕਲਰਕ ਜਾਂ ਨਾਨ ਟੀਚਿੰਗ ਸਟਾਫ਼ ਤੋਂ ਲਿਆ ਜਾਵੇ ਡਾਕ ਦਾ ਕੰਮ

ਚੰਡੀਗੜ੍ਹ, 12 ਫ਼ਰਵਰੀ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਨੂੰ ਆਲਮੀ ਪੱਧਰ ਦੇ ਹਾਣ ਦਾ ਬਣਾਉਣ ਦਾ ਅਹਿਦ ਦੁਹਰਾਉਂਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਹਦਾਇਤ ਕੀਤੀ ਹੈ ਕਿ ਅਧਿਆਪਕਾਂ ਤੋਂ ਡਾਕ ਦਾ ਕੰਮ ਨਾ ਕਰਵਾਇਆ ਜਾਵੇ, ਸਗੋਂ ਇਹ ਕੰਮ ਕਲਰਕਾਂ ਜਾਂ ਨਾਨ ਟੀਚਿੰਗ ਸਟਾਫ਼ ਤੋਂ ਲਿਆ ਜਾਵੇ।ਇਥੇ ਜਾਰੀ ਬਿਆਨ ਵਿੱਚ ਸ੍ਰੀ ਸਿੰਗਲਾ ਨੇ ਦੱਸਿਆ ਕਿ ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਕਈ ਸਕੂਲਾਂ ਵਿੱਚ ਕਲਰਕ ਹੋਣ ਦੇ ਬਾਵਜੂਦ ਡਾਕ ਦਾ ਕੰਮ ਕੰਪਿਊਟਰ ਅਧਿਆਪਕਾਂ ਜਾਂ ਦੂਜੇ ਅਧਿਆਪਕਾਂ ਤੋਂ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਪਹਿਲਾਂ ਵੀ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਸੀ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਡਾਕ ਦਾ ਸਾਰਾ ਕੰਮ ਸਕੂਲਾਂ ਵਿੱਚ ਤੈਨਾਤ ਕਲਰਕਾਂ ਤੋਂ ਹੀ ਲਿਆ ਜਾਵੇ। ਜੇ ਕਿਸੇ ਸਕੂਲ ਵਿੱਚ ਕਲਰਕ ਨਹੀਂ ਹੈ ਤਾਂ ਇਹ ਕੰਮ ਨਾਨ-ਟੀਚਿੰਗ ਸਟਾਫ਼ ਤੋਂ ਕਰਵਾਇਆ ਜਾ ਸਕਦਾ ਹੈ ਪਰ ਅਧਿਆਪਕਾਂ ਨੂੰ ਡਾਕ ਦਾ ਕੰਮ ਕਿਸੇ ਵੀ ਸੂਰਤ ਵਿੱਚ ਨਾ ਦਿੱਤਾ ਜਾਵੇ।ਸ੍ਰੀ ਸਿੰਗਲਾ ਨੇ ਸਕੂਲ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਡਾਕ ਦਾ ਕੰਮ ਨਾਨ-ਟੀਚਿੰਗ ਸਟਾਫ਼ ਤੋਂ ਲੈਣ ਲਈ ਸਕੂਲ ਪੱਧਰ ’ਤੇ ਪ੍ਰਬੰਧ ਕੀਤਾ ਜਾਵੇ। ਅਧਿਆਪਕਾਂ ਨੂੰ ਸਿਰਫ਼ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣ ਅਤੇ ਮਿਸ਼ਨ ਸਤ-ਪ੍ਰਤੀਸ਼ਤ ਲਈ ਪ੍ਰੇਰਿਆ ਜਾਵੇ।ਇਸੇ ਤਰ੍ਹਾਂ ਮਿਡ-ਡੇਅ ਮੀਲ ਸਬੰਧੀ ਡਾਟਾ ਉਸੇ ਦਿਨ ਐਪ ਉਤੇ ਪਾਉਣਾ ਲਾਜ਼ਮੀ ਕਰਨ ਸਬੰਧੀ ਹਦਾਇਤ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਰਾਜ ਦੇ ਸਮੂਹ ਸਕੂਲਾਂ ਵਿੱਚ ਹਰ ਰੋਜ਼ ਬਣਾਏ ਜਾਂਦੇ ਮਿਡ-ਡੇਅ ਮੀਲ ਸਬੰਧੀ ਡਾਟਾ ਰੋਜ਼ਾਨਾ ਮੋਬਾਈਲ ਐਪ ’ਤੇ ਫ਼ੀਡ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕੁਝ ਸਕੂਲ ਮੀਡ-ਡੇਅ ਮੀਲ ਸਬੰਧੀ ਐਸ.ਐਮ.ਐਸ./ਡਾਟਾ ਅਗਲੇ ਦਿਨ ਐਪ ’ਤੇ ਅਪਲੋਡ ਕੀਤਾ ਜਾਂਦਾ ਹੈ ਜਿਸ ਨਾਲ ਖਾਣਾ-ਖਾਣ ਵਾਲੇ ਵਿਦਿਆਰਥੀਆਂ ਦੀ ਉਸ ਦਿਨ ਦੀ ਗਿਣਤੀ ਦਾ ਪਤਾ ਲਾਉਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਇਹ ਡਾਟਾ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਪੋਰਟਲ ’ਤੇ ਅਪਲੋਡ ਕਰਨ ਵਿੱਚ ਦੇਰ ਹੁੰਦੀ ਹੈ। ਸ੍ਰੀ ਸਿੰਗਲਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਮਿਡ-ਡੇਅ-ਮੀਲ ਡਾਟਾ ਫ਼ੀਡ ਕਰਨ ਸਬੰਧੀ ਕੁੱਝ ਜ਼ਰੂਰੀ ਤਬਦੀਲੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੋਂ ਮਿਡ-ਡੇਅ ਮੀਲ ਐਪ ’ਤੇ ਐਸ.ਐਮ.ਐਸ./ਡਾਟਾ ਉਸੇ ਦਿਨ ਫ਼ੀਡ ਕੀਤਾ ਜਾ ਸਕੇਗਾ ਅਤੇ ਪਿਛਲੇ ਦਿਨ ਦਾ ਡਾਟਾ ਮੋਬਾਈਲ ਐਪ ਉਤੇ ਕਿਸੇ ਵੀ ਹਾਲਤ ਵਿੱਚ ਅਪਲੋਡ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਕੂਲ ਮੁਖੀ ਜਾਂ ਮਿਡ-ਡੇ-ਮੀਲ ਇੰਚਾਰਜ ਜ਼ਿੰਮੇਵਾਰ ਹੋਣਗੇ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।