ਐੱਸ ਜੀ ਪੀ ਸੀ ਮੈਂਬਰ ਜਗਰਾਜ ਸਿੰਘ ਦੌਧਰ ਦੀ ਬਗਾਵਤ ਤੋਂ ਬਾਅਦ ਅਕਾਲੀ ਦਲ ਦਾ ਪਲਟਵਾਰ,ਅਕਾਲੀ ਆਗੂਆਂ ਨੇ ਨਿਹਾਲ ਸਿੰਘ ਵਾਲਾ ਵਿਖੇ ਕੀਤੀ ਪ੍ਰੈਸ ਕਾਨਫਰੰਸ ਕਿਹਾ ‘‘ਅਕਾਲੀ ਦਲ ਨੂੰ ਛੱਡਣ ਵਾਲੇ ਮੌਕਾਪ੍ਰਸਤ ਆਗੂ ਨੇ ’

ਨਿਹਾਲ ਸਿੰਘ ਵਾਲਾ,12 ਫਰਵਰੀ (ਨਵਦੀਪ ਮਹੇਸ਼ਰੀ): ਪਿਛਲੇ ਦਿਨੀ ਐੱਸ ਜੀ ਪੀ ਸੀ ਮੈਂਬਰ ਜਗਰਾਜ ਸਿੰਘ ਦੌਧਰ ਅਤੇ ਉਹਨਾਂ ਦੇ ਹਮਾਇਤੀਆਂ ਵੱਲੋਂ ਸ. ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣ ਕਾਰਨ ਹਰਕਤ ਵਿਚ ਆਏ ਸ਼ੋ੍ਰਮਣੀ ਅਕਾਲੀ ਦਲ ਨੇ ਅਕਾਲੀ ਵਰਕਰਾਂ ਨੂੰ ਲੈ ਕੇ ਮੀਟਿੰਗਾਂ ਦਾ ਸਿਲਸਿਲਾ ਆਰੰਭ ਦਿੱਤਾ ਹੈ। ਅੱਜ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਨੇ ਪ੍ਰੈਸ ਕਾਨਫਰੰਸ ਦੌਰਾਨ ਆਖਿਆ ਕਿ ਐੱਸ ਜੀ ਪੀ ਸੀ ਮੈਂਬਰ ਜਗਰਾਜ ਸਿੰਘ ਦੌਧਰ ਵਰਗੇ ਆਗੂਆਂ ਦੇ ਪਾਰਟੀ ਤੋਂ ਚੱਲੇ ਜਾਣ ਦਾ ਪਰਾਟੀ ਨੂੰ ਕੋਈ ਫਰਕ ਨਹੀਂ ਪੈਂਦਾ। ਉਹਨਾਂ ਕਿਹਾ ਕਿ 18 ਫਰਵਰੀ ਨੂੰ ਸ. ਢੀਂਡਸਾ ਵੱਲੋਂ ਕੀਤੀ ਜਾਣ ਵਾਲੀ ਰੈਲੀ ਦਾ ਵੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਕਿਉਂਕਿ ਸ਼ੋ੍ਰਮਣੀ ਅਕਾਲੀ ਦਲ ਸਮੁੰਦਰ ਦੀ ਨਿਆਈਂ ਹੈ ਅਤੇ ਸਮੁੰਦਰ ਤੋਂ ਇਕ ਦੋ ਮੱਛੀਆਂ ਏਧਰ ਓਧਰ ਚੱਲੀਆਂ ਜਾਣ ਤਾਂ ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ। ਸਾਹੋਕੇ ਨੇ ਆਖਿਆ ਕਿ ਇਹੀ ਸ਼ੋ੍ਰਮਣੀ ਕਮੇਟੀ ਦੇ ਮੈਂਬਰ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਚੰਗਾ ਕਹਿੰਦੇ ਸਨ ਅਤੇ ਹੁਣ ਉਹੀ ਆਗੂ ਸ. ਬਾਦਲ ਦੀ ਕਾਰਜਸ਼ੈਲੀ ’ਤੇ ਸਵਾਲ ਉਠਾ ਰਹੇ ਹਨ । ਉਹਨਾਂ ਕਿਹਾ ਕਿ ਸੁਖਬੀਰ ਬਾਦਲ ਇਕੱਲੇ ਸ਼ੋ੍ਰਮਣੀ ਅਕਾਲੀ ਦਲ ਦੇ ਹੀ ਨਹੀਂ ਬਲਕਿ ਲੋਕਾਂ ਦੇ ਵੀ ਹਰਮਨ ਪਿਆਰੇ ਨੇਤਾ ਹਨ  । 
ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਖਣਮੁੱਖ ਭਾਰਤੀ ਪੱਤੋ ਨੇ ਆਖਿਆ ਕਿ ਸ. ਢੀਂਡਸਾ ਨੇ ਹਮੇਸ਼ਾ ਅਕਾਲੀ ਦਲ ਦੀ ਸੇਵਾ ਕੀਤੀ ਹੈ ਪਰ ਹੁਣ ਉਹ ਕਾਂਗਰਸ ਦੇ ਹੱਥੇ ਚੜ੍ਹ ਗਏ ਹਨ । ਭਾਰਤੀ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਤੋਂ ਅੱਡ ਹੋ ਕੇ ਅੱਜ ਤੱਕ ਕੋਈ ਮੁੱਖ ਮੰਤਰੀ ਨਹੀਂ ਬਣ ਗਿਆ ,ਚਾਹੇ ਉਹ ਮਨਪ੍ਰੀਤ ਬਾਦਲ ਹੀ ਕਿਉਂ ਨਾ ਹੋਣ। ਭਾਰਤੀ ਨੇ ਕਿਹਾ ਕਿ ਮਨਪ੍ਰੀਤ ਬਾਦਲ ਸ਼ੋ੍ਰਮਣੀ ਅਕਾਲੀ ਦਲ ਵਿਚ ਹੁੰਦੇ ਹੋਏ ਵੀ ਵਿੱਤ ਮੰਤਰੀ ਸਨ ਤੇ ਹੁਣ ਕਾਂਗਰਸ ਵਿਚ ਵੀ ਵਿੱਤ ਮੰਤਰੀ ਹੀ ਹਨ । ਖਣਮੁੱਖ ਭਾਰਤੀ ਨੇ ਆਖਿਆ ਕਿ ਸਾਰੇ ਜਾਣਦੇ ਹਨ ਕਿ ਜੋ ਸਨਮਾਨ ਸ. ਢੀਂਡਸਾ ਨੂੰ ਸ਼ੋ੍ਰਮਣੀ ਅਕਾਲੀ ਨੇ ਦਿੱਤਾ ਉਹੋ ਜਿਹਾ ਸਨਮਾਨ ਉਹਨਾਂ ਨੂੰ ਕਿਧਰੇ ਨਹੀਂ ਮਿਲਣਾ। ਖਣਮੁੱਖ ਭਾਰਤੀ ਨੇ ਕਿਹਾ ਕਿ ਅੱਜ ਸੁਖਦੇਵ ਸਿੰਘ ਢੀਂਡਸਾ ਸ਼ੋ੍ਰਮਣੀ ਕਮੇਟੀ ’ਤੇ ਸਵਾਲ ਚੁੱਕ ਰਹੇ ਹਨ ।