ਹਾਦਸੇ ‘ਚ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ, ਮੋਗਾ ਨੇੜੇ ਕਾਰ ਅਤੇ ਟਰੱਕ ਦਰਮਿਆਨ ਹੋਏ ਭਿਆਨਕ ਹਾਦਸੇ ‘ਚ ਕਾਰ ਦੇ ਪਰਖਚੇ ਉੱੱਡੇ

Tags: 

ਮੋਗਾ,11 ਫਰਵਰੀ (ਨਵਦੀਪ ਮਹੇਸ਼ਰੀ/ਜਸ਼ਨ) : ਅੱਜ ਮੋਗਾ ਲੁਧਿਆਣਾ ਜੀ ਟੀ ਰੋਡ ’ਤੇ ਪਿੰਡ ਮਹਿਣਾ ਨਜਦੀਕ ਇਕ ਕਾਰ ਅਤੇ ਟਰੱਕ ਦਰਮਿਆਨ ਹੋਏ ਹਾਦਸੇ ਵਿਚ ਕਾਰ ਸਵਾਰ ਇਕ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਹਾਸਦੇ ਦਾ ਕਾਰਨ ਕਾਰ ਦੇ ਤੇਜ਼ ਰਫਤਾਰ ਹੋਣਾ ਦੱਸਿਆ ਜਾ ਰਿਹਾ ਹੈ। ਥਾਣਾ ਮਹਿਣਾ ਦੇ ਐੱਸ ਐਚ ਓ ਜਸਵਿੰਦਰ ਸਿੰਘ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਰ ਸਵਾਰ ਪਰਿਵਾਰ ਅੱਜ ਸਵੇਰੇ ਦਿੱਲੀ ਤੋਂ ਵਾਪਸ ਮੋਗਾ ਆ ਰਿਹਾ ਸੀ ਅਤੇ ਜਦੋਂ ਇਹ ਮਹਿਣਾ ਪਿੰਡ ਦੇ ਨਜ਼ਦੀਕ ਪਹੁੰਚੇ ਤਾਂ ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਕਾਰ ਟਰੱਕ ਦੇ ਥੱਲੇ ਘੁੱਸ ਗਈ ਜਿਸ ਕਾਰਨ ਕਾਰ ‘ਚ ਸਵਾਰ ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰਸਤੇ ਵਿਚ ਖੜ੍ਹਾ ਟਰੱਕ ਐੱਲ ਪੀ ਜੀ ਗੈਸ ਸਿਲੰਡਰਾਂ ਨਾਲ ਭਰਿਆ ਹੋਇਆ ਸੀ । ਹਾਦਸਾ ਇਨਾਂ ਭਿਆਨਕ ਸੀ ਕਿ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਨੂੰ ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਕਾਰ ਚੋਂ ਬਾਹਰ ਕੱਢਣ ਲਈ ਕਾਫ਼ੀ ਸਮਾਂ ਲੱਗ ਗਿਆ । ਮੋਗਾ ਦਾ ਰਹਿਣ ਵਾਲਾ ਇਹ ਪਰਿਵਾਰ ਦਿੱਲੀ ਤੋਂ ਵਾਪਸ ਆ ਰਿਹਾ ਸੀ। ਮਿ੍ਰਤਕਾਂ ਦੀ ਪਹਿਚਾਣ ਰਾਜੀਵ ਮਿੱਤਲ(45) ਮੰਜੂ ਮਿੱਤਲ , ਲੜਕਾ ਸ਼ੁਭਮ ਮਿੱਤਲ ਅਤੇ ਲੜਕੀ ਸੁਨਿਧੀ ਮਿੱਤਲ ਵਜੋਂ ਹੋਈ ਹੈ । ਜਾਣਕਾਰੀ ਮੁਤਾਬਕ ਮਿ੍ਰਤਕ ਰਾਜੀਵ ਮਿੱਤਲ ਦੀ ਮੋਗਾ ਦੇ ਰੇਲਵੇ ਰੋਡ ’ਤੇ ਮੋਬਲ-ਆਇਲ ਦੀ ਦੁਕਾਨ ਸੀ ਅਤੇ ਉਸ ਨੂੰ ਕੰਪਨੀ ਵੱਲੋਂ ਗੋਆ ਦਾ ਟੂਰ ਪੈਕੇਜ ਆਇਆ ਹੋਇਆ ਸੀ ।  ਰਾਜੀਵ ਮਿੱਤਲ ਚਾਰ ਦਿਨ ਪਹਿਲਾਂ ਆਪਣੇ ਰਿਸ਼ਤੇਤਾਰ ਦੀ ਗੱਡੀ ਲੈ ਕੇ ਆਪਣੇ ਪਰਿਵਾਰ ਨੂੰ ਵੀ ਨਾਲ ਲੈ ਗਿਆ ਅਤੇ ਉਸ ਨੇ ਉਹਨਾਂ ਨੂੰ ਦਿੱਲੀ ਰਿਸਤੇਦਾਰ ਕੋਲ ਛੱਡ ਦਿੱਤਾ ਅਤੇ ਆਪ ਹਵਾਈ ਜਹਾਜ਼ ਰਾਹੀਂ ਗੋਆ ਚਲਾ ਗਿਆ ਅਤੇ ਕੱਲ ਜਦੋਂ ਗੋਆ ਤੋਂ ਵਾਪਸ ਆਇਆ ਤਾਂ ਦੇਰ ਰਾਤ ਕਰੀਬ 11 ਵਜੇ ਇਹ ਪਰਿਵਾਰ ਦਿੱਲੀ ਤੋਂ ਮੋਗਾ ਵੱਲ ਵਾਪਸ ਆ ਰਿਹਾ ਸੀ ਤਾਂ ਮੋਗਾ ਜੀ ਟੀ ਰੋਡ ’ਤੇ ਪਿੰਡ ਮਹਿਣਾ ਨਜ਼ਦੀਕ ਹਾਦਸੇ ਦਾ ਸ਼ਿਕਾਰ ਹੋ ਗਿਆ ।ਹਾਦਸੇ ‘ਚ ਮਾਰੀ ਗਈ ਸੁਨਿਧੀ ਮੋਗਾ ਦੇ ਸੈਕਰਡ ਹਾਰਟ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਕੁਝ ਦਿਨਾਂ ਬਾਅਦ ਉਸ ਦੇ ਬੋਰਡ ਦੇ ਪੇਪਰ ਆਰੰਭ ਹੋਣੇ ਸਨ। ਸੈਕਰਟ ਹਾਰਟ ਸਕੂਲ ਦੇ ਪਿ੍ਰੰਸੀਪਲ ਜੇਬਾ ਕੁਮਾਰ ਅਤੇ ਐਡਮਿਨਸਟਰੇਟਰ ਮੈਡਮ ਅਮਰਜੀਤ ਕੌਰ ਗਿੱਲ ਅਤੇ ਸਮੁੱਚੇ ਸਟਾਫ਼ ਨੇ ਇਸ ਅਣਹੋਣੀ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।   ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।