ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਦਾ ਕਤਲ
ਬਾਘਾਪੁਰਾਣਾ,10 ਫਰਵਰੀ(ਨਵਦੀਪ ਮਹੇਸ਼ਰੀ): ਬਾਘਾਪੁਰਾਣਾ ਨੇੜਲੇ ਪਿੰਡ ਰਾਜੇਆਣਾ ਵਿਖੇ ਇਕ ਬਜ਼ੁਰਗ ਵਿਅਕਤੀ ਨੂੰ ਅਣਪਣਾਤਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੱਟ-ਵੱਢ ਦੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਿ੍ਰਤਕ ਦੀ ਪਹਿਚਾਣ ਸਰਦਾਰਾ ਸਿੰਘ, ਉਮਰ ਕਰੀਬ 70-75 ਸਾਲ ਪੁੱਤਰ ਮੱਲ ਸਿੰਘ ਦੇ ਰੂਪ ‘ਚ ਹੋਈ ਹੈ । ਉਹ ਛੜਾ ਹੋਣ ਕਾਰਨ ਆਪਣੇ ਘਰ ‘ਚ ਇਕੱਲਾ ਰਹਿੰਦਾ ਸੀ। ਕਤਲ ਬਾਰੇ ਸਰਦਾਰਾ ਸਿੰਘ ਦੇ ਭਤੀਜੇ ਹਰਭਜਨ ਸਿੰਘ ਨੂੰ ਉਸ ਵੇਲੇ ਪਤਾ ਲੱਗਾ, ਜਦੋਂ ਉਹ ਆਪਣੇ ਤਾਏ (ਮਿ੍ਰਤਕ ਸਰਦਾਰਾ ਸਿੰਘ) ਨੂੰ ਚਾਹ ਦੇਣ ਲਈ ਆਇਆ, ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਪੁਲਿਸ ਥਾਣਾ ਬਾਘਾਪੁਰਾਣਾ ਦੇ ਸਬ ਇੰਸਪੈਕਟਰ ਗੁਰਤੇਜ ਸਿੰਘ, ਸਹਾਇਕ ਥਾਣੇਦਾਰ ਪਰਮਜੀਤ ਸਿੰਘ ਘਟਨਾ ਵਾਲੀ ਥਾਂ ‘ਤੇ ਪਹੁੰਚੇ। ਪੁਲਿਸ ਮੁਤਾਬਕ ਮਿ੍ਰਤਕ ਦੇ ਘਰ ਅੰਦਰਲਾ ਸਮਾਨ ਵੀ ਕਾਤਲਾਂ ਵਲੋਂ ਖਿਲਾਰਿਆ ਗਿਆ ਸੀ। ਥਾਣਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਤਲ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਜਾਂਚ ਮੁਕੰਮਲ ਹੋਣ ‘ਤੇ ਹੀ ਅਸਲੀਅਤ ਬਾਰੇ ਪਤਾ ਲਗਾਇਆ ਜਾ ਸਕਦਾ ਹੈ।