ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਅਤੇ ਅਪਰਾਧਾਂ ‘ਤੇ ਆਧਾਰਤ ਫਿਲਮ ‘ਸ਼ੂਟਰ’ ’ਤੇ ਰੋਕ , ਮੁੱਖ ਮੰਤਰੀ ਦੇ ਆਦੇਸ਼ ਤੇ ਨਿਰਮਾਤਾ ਕੇ.ਵੀ. ਸਿੰਘ ਢਿੱਲੋਂ ਅਤੇ ਹੋਰਾਂ ਵਿਰੁੱਧ ਕੇਸ ਦਰਜ
ਚੰਡੀਗੜ, 9 ਫਰਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਅਤੇ ਅਪਰਾਧਾਂ ‘ਤੇ ਆਧਾਰਤ ਫਿਲਮ ‘ਸ਼ੂਟਰ’ ’ਤੇ ਰੋਕ ਲਗਾਉਣ ਦੇ ਆਦੇਸ਼ ਤੋਂ ਕੁਝ ਘੰਟਿਆਂ ਬਾਅਦ, ਪੰਜਾਬ ਪੁਲਿਸ ਨੇ ਐਤਵਾਰ ਬਾਅਦ ਦੁਪਹਿਰ ਨੂੰ ਨਿਰਮਾਤਾ / ਪ੍ਰਮੋਟਰ ਕੇ.ਵੀ. ਸਿੰਘ ਢਿੱਲੋਂ ਅਤੇ ਹੋਰਾਂ ਵਿਰੁੱਧ ਹਿੰਸਾ, ਘਿਨਾਉਣੇ ਅਪਰਾਧਾਂ, ਗੈਂਗਸਟਰ ਕਲਚਰ, ਨਸ਼ਾ, ਫਿਰੌਤੀ, ਲੁੱਟ, ਧਮਕੀਆਂ ਅਤੇ ਅਜਿਹੇ ਹੋਰ ਅਪਰਾਧਾਂ ਨੂੰ ਕਥਿਤ ਤੌਰ ‘ਤੇ ਉਤਸਾਹਤ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ।
ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਐਫ.ਆਈ.ਆਰ ਨੰਬਰ 3 ਮਿਤੀ 9/ 2/ 2020 ਅਨੁਸਾਰ ਐਸ.ਐਸ.ਓ.ਸੀ ਮੁਹਾਲੀ ਵਿਖੇ ਆਈ.ਪੀ.ਸੀ ਦੀ ਧਾਰਾ 153, 153 ਏ, 153 ਬੀ, 160, 107, 505 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐਫ.ਆਈ.ਆਰ ਮੁਤਾਬਕ ਫਿਲਮ ‘ਸ਼ੂਟਰ ’ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਕਸਾਏਗੀ ਅਤੇ ਸ਼ਾਂਤੀ , ਸਦਭਾਵਨਾ ਨੂੰ ਭੰਗ ਕਰੇਗੀ ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਵਲੋਂ ਡੀਜੀਪੀ ਦਿਨਕਰ ਗੁਪਤਾ ਨੂੰ ਨਿਰਮਾਤਾ ਕੇ.ਵੀ. ਢਿੱਲੋਂ ਵਿਰੁੱਧ ਬਣਦੀ ਕਾਰਵਾਈ ਦੇ ਨਿਰਦੇਸ਼ ਦਿੱਤੇ ਜਾਣ ਬਾਅਦ ਇਹ ਐਫ.ਆਈ.ਆਰ ਦਰਜ ਕੀਤੀ ਗਈ ਹੈ। ਕੇ.ਵੀ. ਢਿੱਲੋਂ ਨੇ ਸਾਲ 2019 ਵਿੱਚ ਲਿਖਤੀ ਵਾਅਦਾ ਸੀ ਕਿ ਉਹ ‘ਸੁੱਖਾ ਕਾਹਲਵਾ ‘ਟਾਈਟਲ ਹੇਠ ਫਿਲਮ ਨਹੀਂ ਬਣਾਏਗਾ। ਡੀਜੀਪੀ ਨੂੰ ਇਹ ਵੀ ਕਿਹਾ ਹੈ ਕਿ ਉਹ ਫਿਲਮ ਵਿੱਚ ਪ੍ਰਮੋਟਰਾਂ, ਡਾਇਰੈਕਟਰ ਤੇ ਐਕਟਰਾਂ ਦੇ ਰੋਲ ਬਾਰੇ ਵੀ ਦੇਖਣ।
ਸਰਕਾਰੀ ਬੁਲਾਰੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕੀਤਾ ਹੈ ਕਿ ਉਨਾਂ ਦੀ ਸਰਕਾਰ ਅਜਿਹੇ ਕਿਸੀ ਫਿਲਮ, ਗਾਣੇ ਆਦਿ ਨੂੰ ਚਲਾਉਣ ਦੀ ਆਗਿਆ ਨਹੀਂ ਦੇਵੇਗੀ ਜੋ ਅਪਰਾਧ, ਹਿੰਸਾ ਅਤੇ ਗੈਂਗਸਟਰ ਜਾਂ ਸੂਬੇ ਵਿੱਚ ਅਪਰਾਧ ਨੂੰ ਹੁਲਾਰਾ ਦਿੰਦੀ ਹੋਵੇ ਜੋ ਅਕਾਲੀਆਂ ਦੇ ਸਾਸ਼ਨ ਦੌਰਾਨ ਅਕਾਲੀ ਆਗੂਆਂ ਦੀ ਸਰਪ੍ਰਸਤੀ ਹੇਠ ਵਧਿਆ ਫੁਲਿਆ।
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਨੂੰ ਪਿਛਲੇ ਤਿੰਨ ਸਾਲ ਵਿੱਚ ਸੂਬੇ ਦੀ ਅਮਨ, ਕਾਨੂੰਨ ਵਿਵਸਥਾ ਨੂੰ ਬਹਾਲ ਕਰਨ ਲਈ ਲੰਬਾ ਸਮਾਂ ਲੱਗਿਆ ਜਿਹੜੀ ਕਿ ਪਿਛਲੇ ਅਕਾਲੀ-ਭਾਜਪਾ ਸਰਕਾਰ ਦੌਰਾਨ ਸਭ ਤੋਂ ਹੇਠਲੇ ਪੱਧਰ ਉਤੇ ਸੀ। ਬੁਲਾਰੇ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਇਹ ਯਕੀਨੀ ਬਣਿਆ ਜਾਵੇ ਕਿ ਪੰਜਾਬ ਵਿੱਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜਤ ਨਾ ਦਿੱਤੀ ਜਾਵੇ।
ਡੀਜੀਪੀ ਨੇ ਖੁਲਾਸਾ ਕੀਤਾ ਕਿ ਪੰਜਾਬ ਵਿੱਚ ਵਿਵਾਦਤ ਫਿਲਮ ਉਤੇ ਪਾਬੰਦੀ ਦਾ ਮਾਮਲਾ ਸੁੱਕਰਵਾਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਵਿੱਚ ਵਿਚਾਰਿਆ ਗਿਆ ਸੀ ਜਿਸ ਵਿੱਚ ਏਡੀਜੀਪੀ ਇੰਟੈਲੀਜੈਂਸ ਵਰਿੰਦਰ ਕੁਮਾਰ ਵੀ ਹਾਜਰ ਸਨ ਅਤੇ ਇਹ ਫੈਸਲਾ ਕੀਤਾ ਗਿਆ ਕਿ ਫਿਲਮ ਉਤੇ ਪਾਬੰਦੀ ਲਗਾਈ ਜਾਵੇ ਜਿਸ ਦਾ ਟਰੇਲਰ 18 ਜਨਵਰੀ ਨੂੰ ਰਿਲੀਜ ਹਿਆ ਹੈ। ਮੀਟਿੰਗ ਵਿੱਚ ਇਹ ਸੁਝਾਅ ਦਿੱਤਾ ਗਿਆ ਕਿ ਇਹ ਫਿਲਮ ਬਹੁਤ ਹੀ ਹਿੰਸਕ ਹੈ।
ਏਡੀਜੀਪੀ ਨੇ ਅੱਗੇ ਕਿਹਾ ਕਿ ਇਹ ਦੇਖਦਿਆਂ ਕਿ ਇਸ ਫਿਲਮ ਦਾ ਨੌਜਵਾਨਾਂ ਉਤੇ ਮਾੜਾ ਅਸਰ ਹੋ ਸਕਦਾ ਅਤੇ ਇਸ ਫਿਲਮ ਨਾਲ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ, ਵਧੀਕ ਮੁੱਖ ਸਕੱਤਰ ਗ੍ਰਹਿ ਮਾਮਲੇ ਤੇ ਨਿਆਂ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ, “ਪੰਜਾਬ ਵਿੱਚ ਇਸ ਫਿਲਮ ਨੂੰ ਰਿਲੀਜ ਅਤੇ ਦਿਖਾਉਣ ਉਤੇ ਪਾਬੰਦੀ ਲਗਾ ਦਿੱਤੀ ਜਾਵੇ।“
ਇਸ ਤੋਂ ਪਹਿਲਾ ਮੁਹਾਲੀ ਪੁਲਿਸ ਕੋਲ ਇਸ ਫਿਲਮ ਰਾਹੀਂ ਗੈਂਗਸਟਰ ਸੁੱਖਾ ਕਾਹਲਵਾ ਨੂੰ ਹੀਰੋ ਵਜੋਂ ਪੇਸ਼ ਕਰਨ ਦੀ ਸਕਿਤ ਮਿਲੀ ਸੀ ਜਿਸ ਵਿੱਚ ਫਿਲਮ ਦੇ ਨਿਰਮਾਤਾ ਨੇ ਗੈਂਗਸਟਰ ਨੂੰ ਸਾਰਪ ਸ਼ੂਟਰ ਵਜੋਂ ਪੇਸ਼ ਕੀਤਾ ਹੈ ਜਿਸ ਵਿਰੁੱਧ ਕਤਲ, ਅਗਵਾ ਤੇ ਫਿਰੌਤੀ ਮਾਮਲਿਆਂ ਸਣੇ 20 ਤੋਂ ਵੱਧ ਕੇਸ ਦਰਜ ਹਨ। ਉਸ ਨੂੰ ਗੈਂਗਸਟਰ ਵਿੱਕੀ ਗੌਡਰ ਤੇ ਉਸ ਦੇ ਸਾਥੀਆਂ ਨੇ 22 ਜਨਵਰੀ 2015 ਨੂੰ ਮਾਰ ਦਿੱਤਾ ਸੀ ਜਦੋਂ ਉਸ ਨੂੰ ਜਲੰਧਰ ਵਿੱਚ ਸੁਣਵਾਈ ਲਈ ਪਟਿਆਲਾ ਜੇਲ ਤੋਂ ਲਿਆਂਦਾ ਜਾ ਰਿਹਾ ਸੀ।
ਆਪਣੇ ਪੱਤਰ ਵਿੱਚ ਢਿੱਲੋਂ ਨੇ ਮੁਹਾਲੀ ਦੇ ਐਸ ਐਸ ਪੀ ਨੂੰ ਲਿਖਿਆ ਸੀ, “ਜੇ ਤੁਹਾਡਾ ਇਹ ਵਿਚਾਰ ਹੈ ਕਿ ਇਸ ਫਿਲਮ ਨਾਲ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ ਤਾਂ ਮੈਂ ਫਿਲਮ ਦੇ ਪ੍ਰਾਜੈਕਟ ਨੂੰ ਬੰਦ ਕਰ ਦਿੰਦਾ ਹਾਂ।“ ਡੀਜੀਪੀ ਅਨੁਸਾਰ ਫਿਲਮ ਦੇ ਨਿਰਮਾਤਾ ਨੇ ਫਿਲਮ ਦਾ ਪ੍ਰਾਜੈਕਟ ਰੱਦ ਕਰਨ ਦੀ ਬਜਾਏ ਇਸ ਉਤੇ ਕੰਮ ਜਾਰੀ ਰੱਖਿਆ ਅਤੇ ਹੁਣ 21 ਫਰਵਰੀ ਨੂੰ ਨਵੇਂ ਟਾਈਟਲ ਅਤੇ ਨਵੇਂ ਨਾਮ ਹੇਠ ਉਸੇ ਫਿਲਮ ਨੂੰ ਰਿਲੀਜ ਕੀਤਾ ਜਾ ਰਿਹਾ ਹੈ।
ਸਰਕਾਰ ਵੱਲੋਂ ਹੁਣ ਫਿਲਮ ਉਤੇ ਪਾਬੰਦੀ ਲਾਉਣ ਦਾ ਫੈਸਲਾ ਮਾਨਸਾ ਪੁਲਿਸ ਵੱਲੋਂ ਪੰਜਾਬੀ ਗਾਇਕਾਂ ਸਿੱਧੂ ਮੂਸੇ ਵਾਲਾ ਤੇ ਮਨਕੀਰਤ ਔਲਖ ਖਿਲਾਫ ਸੋਸਲ ਮੀਡੀਆ ਉਤੇ ਹਿੰਸਾ ਤੇ ਅਪਰਾਧ ਦਾ ਪ੍ਰਚਾਰ ਕਰਦੇ ਅਪਲੋਡ ਕੀਤੇ ਵੀਡਿਓ ਕਲਿੱਪ ਬਦਲੇ ਕੇਸ ਦਰਜ ਕਰਨ ਦੇ 10 ਦਿਨਾਂ ਤੋਂ ਘੱਟ ਸਮੇਂ ਅੰਦਰ ਕੀਤਾ ਗਿਆ।
ਕਾਬਲੇਗੌਰ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਿਵਲ ਰਿੱਟ ਪਟੀਸਨ 6213/2016 ਵਿੱਚ ਪੰਜਾਬ, ਹਰਿਆਣਾ ਤੇ ਯੂ ਟੀ ਚੰਡੀਗੜ ਦੇ ਡੀਜੀਪੀ ਨੂੰ ਨਿਰਦੇਸ ਦਿੱਤੇ ਸਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਅਜਿਹਾ ਗਾਣਾ ਕਿਸੇ ਲਾਈਵ ਸੋਅ ਦੌਰਾਨ ਚੱਲਣ ਨਾ ਦਿੱਤਾ ਜਾਵੇ ਜੋ ਸਰਾਬ, ਨਸੇ ਅਤੇ ਹਿੰਸਾ ਦਾ ਮਹਿਮਾ ਕਰਦਾ ਹੋਵੇ। ਅਦਾਲਤ ਨੇ ਅੱਗੇ ਹਰ ਜਿਲੇ ਦੇ ਜਿਲਾ ਮੈਜਿਸਟ੍ਰੇਟ/ਐਸ ਐਸ ਪੀ ਨੂੰ ਨਿਰਦੇਸ ਦਿੱਤੇ ਸਨ ਕਿ ਇਨਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਉਨਾਂ ਦੀ ਨਿੱਜੀ ਜੰਿਮੇਵਾਰੀ ਹੈ।---****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।