ਅਕਾਲੀ ਸਿਆਸਤ ਵਿੱਚ ਵੱਡੇ ਧਮਾਕੇ,ਹਲਕਾ ਨਿਹਾਲ ਸਿੰਘ ਵਾਲਾ ਦੇ ਅਕਾਲੀ ਆਗੂਆਂ ਕੀਤਾ ਢੀਂਡਸਾ ਦਾ ਸਾਥ ਦੇਣ ਦਾ ਐਲਾਨ,ਸੁਖਬੀਰ ਦੀ ਲੀਡਰਸ਼ਿਪ ਤੇ ਚੁੱਕੇ ਸੰਜੀਦਾ ਸਵਾਲ

ਨਿਹਾਲ ਸਿੰਘ ਵਾਲਾ, 9 ਫਰਵਰੀ, (ਨਵਦੀਪ ਮਹੇਸ਼ਰੀ): ਹਲਕਾ ਨਿਹਾਲ ਸਿੰਘ ਵਾਲਾ ਦੀ ਅਕਾਲੀ ਸਿਆਸਤ ਵਿੱਚ ਅੱਜ ਉਸ ਸਮੇਂ ਵੱਡਾ ਧਮਾਕਾ ਹੋ ਗਿਆ ਜਦੋਂ ਇਲਾਕੇ ਦੇ ਸਿਰਕਰਦਾ  ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣ ਦਾ ਐਲਾਨ ਕਰਕੇ ਮੀਟਿੰਗ ਰੱਖ ਲਈ।ਪ੍ਰੈਸ ਕਾਨਫਰੰਸ ਕਰਦਿਆਂ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਜਗਰਾਜ ਸਿੰਘ ਦਾਉਧਰ, ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਹਰਭੁਪਿੰਦਰ ਸਿੰਘ ,ਜਥੇਦਾਰ ਜਰਨੈਲ ਸਿੰਘ ਰਾਮਾ  ਅਤੇ ਵੱਡੀ ਗਿਣਤੀ ਵਿੱਚ ਆਗੂਆਂ ਅਤੇ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀਆਂ ਆਪ ਹੁਦਰੀਆਂ ਕਾਰਵਾਈਆਂ ਤੋਂ ਨਾਰਾਜ ਹੋ ਕੇ ਸ. ਢੀਂਡਸਾ ਦਾ ਸਾਥ ਦੇਣ ਦਾ ਐਲਾਨ  ਕੀਤਾ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਵੱਡੇ ਢੀਂਡਸਾ ਅਤੇ ਛੋਟੇ ਢੀਂਡਸਾ ਨੂੰ ਪਹਿਲਾ ਨੋਟਿਸ ਦੇਣ ਦੀ ਗੱਲ ਕਰਕੇ, ਫਿਰ ਬਿਨਾਂ ਨੋਟਿਸ ਦਿੱਤਿਆਂ ਹੀ ਪਾਰਟੀ ਵਿੱਚੋਂ ਬਾਹਰ ਕਰਨ ਦਾ ਫੈਸਲਾ ਕਰਕੇ ਆਪਣੀ ਹਊਮੈ ਭਰੀ ਬਚਕਾਨਾ ਬੁੱਧੀ ਦਾ ਸਬੂਤ ਦਿੱਤਾ ਹੈ।ਉਹਨਾਂ ਕਿਹਾ ਕਿ ਪਾਰਟੀ ਨਿਯਮਾਂ ਅਤੇ ਅਸੂਲਾਂ ਨਾਲ ਚੱਲਦੀਆਂ ਹਨ ਪਰ ਅਕਾਲੀ ਦਲ ਦਾ ਪ੍ਰਧਾਨ ਅਤੇ ਅਕਾਲੀ ਲੀਡਰਸ਼ਿਪ ਸ. ਸੁਖਦੇਵ ਸਿੰਘ ਢੀਂਡਸਾ ਦੇ ਤਿੱਖੇ ਅਤੇ ਸੱਚੇ ਜਵਾਬ ਤੋਂ ਡਰਦਿਆਂ ਨੋਟਿਸ ਨਹੀਂ ਜਾਰੀ ਕੀਤਾ। ਇਸ ਤਰ੍ਹਾ ਅਕਾਲੀ ਲੀਡਰਸ਼ਿਪ ਡਰੀ ਹੋਈ ਅਤੇ ਸ਼ਸ਼ੋਪੰਜ ਵਿੱਚ ਹੈ।ਉਹਨਾਂ ਇਸ ਮੌਕੇ    'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ  ਕਿ ਸ. ਸੁਖਬੀਰ ਸਿੰਘ ਬਾਦਲ ਦੇ ਨਿੱਜੀ ਪਰਿਵਾਰਿਕ ਲਾਲਚਾਂ ਦੇ ਭਾਰੂ ਹੋਣ ਕਰਕੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨ ਪਿਆ ਸੀ। ਅਕਾਲੀ ਚਿੰਤਕ ਅਤੇ ਵਰਕਰ, ਲੀਡਰ ਇਹ ਸਮਝਦੇ ਸਨ ਕਿ ਪਾਰਟੀ ਸੰਜੀਦਾ ਵਿਚਾਰ ਕਰਕੇ ਇਸ ਨਮੋਸ਼ੀ ਭਰੀ ਹਾਰ ਦੇ ਕਾਰਨਾਂ ਦਾ ਪਤਾ ਲਾ ਕੇ ਅਕਾਲੀ ਦਲ ਨੂੰ ਜਿੱਤ ਵੱਲ ਲਿਜਾਉਣ ਦੇ ਯਤਨ ਕਰੇਗੀ, ਪਰ 2017 ਵਿੱਚ ਫੇਲ ਹੋ ਚੁੱਕੀ ਲੀਡਰਸ਼ਿਪ ਹੋਰ ਵੀ ਨਿਘਾਰ ਵੱਲ ਜਾ ਰਹੀ ਹੈ।ਜਿਵੇਂ ਸੰਗਰੂਰ ਰੈਲੀ ਸਮੇਂ ਸ. ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਅਤੇ ਬੇਦਾਗ ਅਕਾਲੀ ਆਗੂ ਸ. ਸੁਖਦੇਵ ਸਿੰਘ ਢੀਂਡਸਾ ਬਾਰੇ ਭੱਦੀ ਤੇ ਗੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ, ਉਸ ਤੋਂ ਪਤਾ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਦਿਮਾਗੀ ਸੰਤੁਲਨ ਖਰਾਬ ਹੋ ਚੁੱਕਾ ਹੈ।ਅੱਜ ਤੱਕ ਕਿਸੇ ਵੀ ਪ੍ਰਧਾਨ ਨੇ ਕਿਸੇ ਵੀ ਛੋਟੇ ਤੋਂ ਛੋਟੇ ਵਰਕਰ ਬਾਰੇ ਇਸ ਤਰ੍ਹਾ ਦੀ ਗੰਦੀ ਭਾਵਨਾ ਪ੍ਰਗਟ ਨਹੀਂ ਕੀਤੀ, ਜਿਵੇਂ ਸੁਖਬੀਰ ਸਿੰਘ ਬਾਦਲ ਨੇ ਸਟੇਜ਼ ਤੋਂ ਸ਼ਰੇਆਮ ਕਿਹਾ ਕਿ ਢੀਂਡਸਿਆਂ ਦਾ ਅੱਜ ਭੋਗ ਪੈ ਗਿਆ, ਮੈਂ ਉਹਨਾਂ ਦੀ ਅੰਤਿਮ ਅਰਦਾਸ ਤੇ ਆਇਆ ਹਾਂ।ਇਹ ਸ਼ਬਦਾਵਲੀ ਨਾ ਸਹਿਣਯੋਗ ਹੈ ਅਤੇ ਅਕਾਲੀ ਵਰਕਰਾਂ ਲਈ ਦੁੱਖਦਾਈ ਹੈ ਅਤੇ ਅਸੀਂ ਸ਼ਰਮ ਵੀ ਮਹਿਸੂਸ ਕਰਦੇ ਹਾਂ ਕਿ ਅਸੀਂ ਇਸ ਤਰ੍ਹਾ ਦੀ ਸੋਚ ਰੱਖਣ ਵਾਲੇ ਪ੍ਰਧਾਨ ਦੀ ਅਗਵਾਈ ਵਿੱਚ ਕੰਮ ਕਰਦੇ ਰਹੇ।ਸੁਖਬੀਰ ਸਿੰਘ ਬਾਦਲ ਪਾਰਟੀ ਦੀ ਅਗਵਾਈ ਕਰਨ ਦਾ ਹੱਕ ਗਵਾ ਚੁੱਕਾ ਹੈ, ਕਿਉਂਕਿ ਸੰਗਰੂਰ ਦੀ ਸਟੇਜ਼ ਤੇ ਹੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ “ਮੈਂ ਅੱਜ ਆਉਣਾ ਨਹੀਂ ਸੀ ਚਾਹੁੰਦਾ, ਮੈਨੂ ਸੁਖਬੀਰ ਜ਼ੋਰ ਦੇ ਕੇ ਲੈ ਕੇ ਆਇਆ ਕਿ ਤੁਹਾਨੂੰ ਸੰਗਰੂਰ ਤਾਂ ਜਾਣਾ ਹੀ ਪੈਣਾ” ਜੋ ਇਸ ਗੱਲ ਦਾ ਸਬੂਤ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪਤਾ ਲੱਗ ਚੁੱਕਾ ਸੀ ਕਿ ਲੋਕ ਉਸਦੀ ਲੀਡਰਸ਼ਿਪ ਨੂੰ ਪਸੰਦ ਨਹੀਂ ਕਰਦੇ।
ਆਗੂਆਂ ਨੇ ਕਿਹਾ ਕਿ ਇਹਨਾਂ ਗੱਲਾਂ ਤੋਂ ਦੁੱਖੀ ਹੋ ਕੇ ਅਸੀਂ ਸਾਰਿਆਂ ਨੇ ਸ. ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣ ਦਾ ਫੈਸਲਾ ਕੀਤਾ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਝੰਡਾ ਲੈ ਕੇ ਤੁਰੇ ਹਨ।ਇਸ ਕਰਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਅਕਾਲੀ ਵਰਕਰਾਂ ਨੇ ਇੱਕ ਮੀਟਿੰਗ 18 ਫਰਵਰੀ ਦਿਨ ਮੰਗਲਵਾਰ ਦੁਪਹਿਰ 12 ਵਜੇ ਬਲਵੀਰ ਪੈਲੇਸ ਬੱਧਨੀ ਕਲਾਂ ਵਿਖੇ ਰੱਖੀ ਹੈ, ਜਿਸ ਨੂੰ ਸ. ਸੁਖਦੇਵ ਸਿੰਘ ਢੀਂਡਸਾ ਸੰਬੋਧਨ ਕਰਨਗੇ।ਉਹਨਾਂ ਪੁਰਜ਼ੋਰ ਅਪੀਲ ਕੀਤੀ ਕਿ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਅਤੇ ਜਾਗਦੀ ਜ਼ਮੀਰ ਵਾਲੇ ਅਕਾਲੀ ਲੀਡਰ, ਵਰਕਰ ਇਸ ਕਾਫਲੇ ਦਾ ਹਿੱਸਾ ਬਣਨ ਲਈ 18 ਫਰਵਰੀ ਨੂੰ ਇਸ ਮੀਟਿੰਗ ਵਿੱਚ ਹੁਮ ਹੁੰਮਾ ਕੇ ਪਹੁੰਚੋ ਤਾਂ ਕਿ ਅਕਾਲੀ ਦਾਲ ਬਚਾਇਆ ਜਾ ਸਕੇ।ਇਸ ਸਮੇਂ ਸਾਬਕਾ ਸਰਪੰਚ ਇੰਦਰਜੀਤ ਸਿੰਘ  ਰਾਮਾ,ਬੁੱਧ ਸਿੰਘ ਰਾਉਕੇ, ਮਲਕੀਤ ਸਿੰਘ  ਰਾਮਾ. ਦਲਬਾਗ ਸਿੰਘ  ਰਾਮਾ , ਸੁਖਜੀਤ ਸਿੰਘ ਦੌਧਰ,ਸੁਖਪ੍ਰੀਤ ਸਿੰਘ ਢੁੱਡੀਕੇ ਹਾਜ਼ਰ ਸਨ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।