ਪ੍ਰੇਮੀ ਜੋੜੇ ਨੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਇਕੱਠਿਆਂ ਸਸਕਾਰ ਦੀ ਇੱਛਾ ਜ਼ਾਹਰ ਕੀਤੀ, ਦੁਨੀਆਂ ਨੂੰ ਆਖਿਆ ‘ਅਲਵਿਦਾ ਦੁਨੀਆਂ’

Tags: 

ਮੋਗਾ,7 ਫਰਵਰੀ (ਨਵਦੀਪ ਮਹੇਸ਼ਰੀ / ਜਸ਼ਨ): ਮੋਗਾ ਜ਼ਿਲ੍ਹੇ ਦੇ ਪਿੰਡ ਰਣੀਆ ਵਿਖੇ ਬੀਤੀ ਰਾਤ ਇਕ ਲੜਕਾ ਅਤੇ ਲੜਕੀ ਨੇ ਰਣੀਆਂ ਅਤੇ ਬੱਧਣੀ ਵਿਚਕਾਰ ਪੈਂਦੀ ਨਹਿਰ ਨਜ਼ਦੀਕ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਇਕ ਕਿਸਾਨ ਨੇ ਖੇਤਾਂ ਵੱਲ ਜਾਂਦੇ ਹੋਏ ਇੱਕ ਦਰਖਤ ਨਾਲ ਲਟਕਦੀਆਂ ਦੋ ਲਾਸ਼ਾਂ ਦੇਖੀਆਂ । ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਕਰ ਲਿਆ । ਹੌਲਦਾਰ ਇਕਬਾਲ ਸਿੰਘ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿ੍ਰਤਕ ਲੜਕੇ ਹੈਪੀ ਸਿੰਘ ਅਤੇ ਲੜਕੀ ਨੇਹਾ ਗਰੋਵਰ ਦੇ ਪਿਛਲੇ ਕੁਝ ਸਮੇਂ ਤੋਂ ਪ੍ਰੇਮ ਸਬੰਧ ਸਨ ਅਤੇ ਉਹਨਾਂ ਅੱਧੀ ਰਾਤ ਸਮੇਂ ਘਰੋਂ ਆ ਕੇ ਰਣੀਆ ਪਿੰਡ ਨਜ਼ਦੀਕ ਨਹਿਰ ਕੋਲੇ ਲੱਗੇ ਦਰੱਖਤ ਨਾਲ ਫਾਹਾ ਲੈ ਲਿਆ । ਉਹਨਾਂ ਦੱਸਿਆ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਦੋਹਾਂ ਨੇ ਵੀਡੀਓ ਬਣਾ ਕੇ ਸੁਨੇਹਾ ਰਿਕਾਰਡ ਕੀਤਾ ਕਿ ਇਹ ਕਦਮ ਉਹਨਾਂ ਨੇ ਆਪਣੀ ਮਨਮਰਜ਼ੀ ਨਾਲ ਚੁੱਕਿਆ ਹੈ । ਉਹਨਾਂ ਇਹ ਵੀ ਇੱਛਾ ਜ਼ਾਹਿਰ ਕੀਤੀ ਕਿ ਉਹਨਾਂ ਦੋਹਾਂ ਦਾ ਅੰਤਿਮ ਸਸਕਾਰ ਇਕੋ ਜਗਹ ਇਕੱਠਿਆਂ ਕੀਤਾ ਜਾਵੇ। ਹੌਲਦਾਰ ਨੇ ਦੱਸਿਆ ਕਿ ਬੱਧਣੀ ਪਿੰਡ ਨਾਲ ਸਬੰਧਤ ਮਿ੍ਰਤਕ ਲੜਕੀ ਦੀ ਉਮਰ 17 ਸਾਲ ਜਦਕਿ ਪਿੰਡ ਚੜਿੱਕ ਨਾਲ ਸਬੰਧਤ ਲੜਕੇ ਹੈਪੀ ਸਿੰਘ ਦੀ ਉਮਰ 22 ਕੁ ਸਾਲ ਹੈ ਜੋ ਆਪਣੇ ਨਾਨੇ ਕੋਲ ਪਿੰਡ ਬੱਧਣੀ ਰਹਿੰਦਾ ਸੀ।  ਇਸੇ ਘਟਨਾ ਦੇ ਸਬੰਧੀ ਪਿੰਡ ਬੱਧਣੀ ਦੇ ਬੀ ਜੇ ਪੀ ਪ੍ਰਧਾਨ ਰੁਲਦੂ ਸਿੰਘ ਨੇ ਦੱਸਿਆ ਕਿ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਲੜਕੀ ਰਾਤ ਦੇ 1 ਵਜੇ ਦੇ ਕਰੀਬ ਘਰੋਂ ਨਿਕਲੀ ਸੀ । ਉਸ ਨੇ ਦੱਸਿਆ ਕਿ ਘਰੋਂ ਨਿਕਲਣ ਸਮੇਂ ਉਸ ਨੇ ਆਪਣੇ ਬਿਸਤਰੇ ‘ਚ ਸਿਰਾਣੇ ਰੱਖ ਦਿੱਤੇ ਸਨ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਇਹ ਵੀ ਪਤਾ ਲੱਗਾ ਹੈ ਕਿ ਲੜਕੀ ਦਾ ਪਿਤਾ ਦੋਨਾਂ ਦੇ ਵਿਆਹ ਲਈ ਰਾਜ਼ੀ ਨਹੀਂ ਸੀ ਜਿਸ ਕਾਰਨ ਦੋਹਾਂ ਨੇ ਆਤਮ ਹੱਤਿਆ ਦਾ ਫੈਸਲਾ ਲਿਆ। ਫਿਲਹਾਲ ਪੁਲਿਸ ਨੇ ਦੋਹਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਦੋਹਾਂ ਨੇ ਫਾਹਾ ਲੈਣ ਤੋਂ ਪਹਿਲਾਂ ਆਪੇ ਬਣਾਈ ਵੀਡੀਓ ਵਿਚ ਇਕਸੁਰ ਹੋ ਕੇ ਜਿੱਥੇ ਅੰਤਿਮ ਸਸਕਾਰ ਇਕੱਠਾ ਕਰਨ ਦੀ ਇੱਛਾ ਪ੍ਰਗਟਾਈ ਉੱਥੇ ਦੁਨੀਆਂ ਨੂੰ ਅਲਵਿਦਾ ਵੀ ਕਿਹਾ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।