ਕੇਂਦਰ ਸਰਕਾਰ ਵੱਲੋਂ ਸਿੱਖਿਆ ਬੱਜਟ ‘ਚ ਵਾਧਾ ਸ਼ਲਾਘਾਯੋਗ,ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਾਲੀ ਨਵੀਂ ਸਿੱਖਿਆ ਨੀਤੀ ਜਲਦ ਐਲਾਨੇ ਜਾਣ ਦੀ ਲੋੜ: ਡਾ.ਦਵਿੰਦਰਪਾਲ ਰਿੰਪੀ

ਮੋਗਾ,1 ਫਰਵਰੀ (ਜਸ਼ਨ):ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ ਰਿੰਪੀ ਦਾ ਆਖਣਾ ਹੈ ਕਿ ਕੇਂਦਰ ਸਰਕਾਰ ਨੇ ਸਿੱਖਿਆ ਦੇ ਬਜਟ ਲਈ 99 ਹਜ਼ਾਰ 300 ਕਰੋੜ ਰੁਪਏ ਰੱਖੇ ਹਨ ਬੜੀ ਹੀ ਚੰਗੀ ਸੋਚ ਹੈ, ਪਰ ਇਸ ਨੂੰ ਸਿੱਖਿਆ ਦੇ ਖੇਤਰ ਵਿੱਚ ਠੀਕ ਢੰਗ ਨਾਲ ਲਗਾਏ ਜਾਣ ਦੀ ਵੀ ਲੋੜ ਹੈ ਤਾਂ ਜੋ ਇਸਦੇ ਚੰਗੇ ਨਤੀਜੇ ਆਉਣ। ਰਿੰਪੀ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਸਕਿੱਲ ਡੀਵੈਲਪਮੈਂਟ ਇੰਡੀਆ ਲਈ 300 ਕਰੋੜ ਰੁਪਏ ਰੱਖੇ ਗਏ ਹਨ ਪਰ ਇਸ ਪੈਸੇ ਦੀ ਵਰਤੋ ਸਹੀ ਢੰਗ ਨਾਲ ਨਹੀਂ ਹੋ ਰਹੀ ਹੈ ਜਿਸ ਲਈ ਸੰਜੀਦਗੀ ਨਾਲ ਯਤਨ ਕਰਨੇ ਚਾਹੀਦੇ ਹਨ ਕਿ ਇਸ ਪੈਸੇ ਨਾਲ ਦੇਸ ਦਾ ਯੁਵਕ ਸਹੀ ਢੰਗ ਨਾਲ ਸਿੱਖਿਅਤ ਹੋ ਸਕੇ ਤੇ ਉਹ ਆਪਣੇ ਪੈਰਾਂ ਤੇ ਖੜ੍ਹਾ ਹੋ ਸਕੇ। ਉਹਨਾਂ ਕਿਹਾ ਕਿ ਜਿਆਦਾਤਰ ਪੈਸਾ ਕਾਗਜ਼ੀ ਕਾਰਵਾਈ ਵਿੱਚ ਖਤਮ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਬਣਾਉਣ ਦਾ ਐਲਾਨ ਕੀਤਾ ਹੈ ਜੋ ਕਿ ਸ਼ਲਾਘਾਯੋਗ ਕਦਮ ਹੈ। ਸਿੱਖਿਆ ਦੀ ਨੀਤੀ ਸਰਲ ਬਣਾਈ ਜਾਵੇ ਜੋ ਪ੍ਰੈਕਟੀਕਲ ਉੱਪਰ ਅਧਾਰਤ ਹੋਵੇ, ਜਿਸ ਵਿੱਚ ਰੱਟਾਫਿਕੇਸ਼ਨ ਨਾਂ ਦੀ ਕੋਈ ਚੀਜ਼ ਨਾ ਹੋਵੇ, ਇਸ ਤਰ੍ਹਾਂ ਦੀ ਪੜ੍ਹਾਈ ਕਰਕੇ ਸਾਡੇ ਦੇਸ ਦਾ ਜਵਾਨ ਗਲੋਬਲ ਮੁਕਾਬਲੇ ਲਈ ਤਿਆਰ ਹੋ ਸਕਦਾ ਹੈ। ਉਹਨਾਂ ਸਰਕਾਰ ਨੂੰ ਬੇਨਤੀ ਹੈ ਵਿਦਿਆਰਥੀਆਂ ’ਤੇ ਪੈਂਦਾ ਪੜ੍ਹਾਈ ਦਾ ਬੋਝ ਘੱਟ ਕਰਨ ਲਈ ਸਮੈਸਟਰ ਸਿਸਟਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੋ ਸਕੇ।