ਪਤੀ ਨੇ ਮੰਜੇ ਦੀ ਬਾਹੀ ਮਾਰ ਕੇ ਪਤਨੀ ਦਾ ਕੀਤਾ ਕਤਲ,ਕਾਤਲ ਫਰਾਰ

Tags: 
ਮੋਗਾ,31 ਜਨਵਰੀ (ਨਵਦੀਪ ਮਹੇਸ਼ਰੀ/ਜਸ਼ਨ): ਮੋਗਾ ਦੇ ਪਿੰਡ ਤਾਰੇਵਾਲਾ ਵਿਖੇ ਅੱਜ ਦਿਨ ਦਿਹਾੜੇ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ ਵਿਚ ਮੰਜੇ ਦੀ ਬਾਹੀ ਮਾਰ ਕੇ ਕਤਲ ਕਰ ਦਿੱਤਾ । ਮੌਕੇ ’ਤੇ ਪਹੰੁਚੇ ਡੀ ਐੱਸ ਪੀ ਪਰਮਜੀਤ ਸਿੰਘ ਸੰਧੂ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਏਕਓਂਕਾਰ ਸਿੰਘ ਨਾਮ ਦਾ ਵਿਅਕਤੀ ਜੋ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ ਉਸ ਦਾ ਆਪਣੀ ਪਤਨੀ ਕਮਲਜੀਤ ਕੌਰ ਨਾਲ ਅਕਸਰ ਲੜਾਈ ਝਗੜਾ ਰਹਿੰਦਾ ਸੀ ਅਤੇ ਅੱਜ ਇਸੇ ਝਗੜੇ ਦੌਰਾਨ ਏਕਓਂਕਾਰ ਨੇ ਮੰਜੇ ਦੀ ਬਾਹੀ ਕਮਲਜੀਤ ਕੌਰ ਦੇ ਸਿਰ ਵਿਚ ਮਾਰ ਕੇ ਉਸ ਦਾ ਸਿਰ ਫੇਹ ਦਿੱਤਾ ਜਿਸ ਕਰਕੇ ਕਮਲਜੀਤ ਕੌਰ ਦੀ ਮੌਕੇ ’ਤੇ ਮੌਤ ਹੋ ਗਈ । ਇਸੇ ਦੌਰਾਨ ਕਮਲਜੀਤ ਕੌਰ ਦੀ ਦਰਾਣੀ ਨੇ ਦੱਸਿਆ ਕਿ ਅੱਜ ਜਦੋਂ ਦੋਨੋਂ ਲੜ ਰਹੇ ਸਨ ਤਾਂ ਕਮਲਜੀਤ ਕੌਰ ਡਰਦੀ ਮਾਰੀ ਭੱਜ ਕੇ ਉਸ ਕੋਲ ਆ ਗਈ ਅਤੇ ਉਸ ਨੇ ਉਸ ਨੂੰ ਕੱੁਟ ਮਾਰ ਤੋਂ ਬਚਾਉਣ ਲਈ ਯਤਨ ਕੀਤਾ ਪਰ ਉਹ ਵੀ ਡਰਦੀ ਮਾਰੀ ਆਂਢ ਗਵਾਂਢ ਨੂੰ ਬੁਲਾਉਣ ਲਈ ਭੱਜ ਗਈ ਪਰ ਜਦ ਉਹ ਵਾਪਸ ਆਈ ਤਾਂ ਏਕਓਂਕਾਰ ਮੋਟਰਸਾਈਕਲ ’ਤੇ ਫਰਾਰ ਹੋ ਰਿਹਾ ਸੀ ਅਤੇ ਕਮਲਜੀਤ ਕੌਰ ਵਿਹੜੇ ਵਿਚ ਹੀ ਖੂਨ ਨਾਲ ਲੱਥਪੱਥ ਪਈ ਸੀ। ਅੱਜ ਦੀ ਇਸ ਘਟਨਾ ਕਾਰਵਾਈ ਲਈ ਡੀ ਐੱਸ ਪੀ ਪਰਮਜੀਤ ਸਿੰਘ ਸੰਧੂ ਅਤੇ ਸਿਟੀ ਸਾਊਥ ਦੇ ਇੰਸਪੈਕਟਰ ਕਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੰੁਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਰਕਾਰੀ ਹਸਪਤਾਲ ਪਹੰੁਚਾਇਆ ਅਤੇ ਅਗਲੇਰੀ ਕਾਰਵਾਈ ਆਰੰਭੀ  । ਪੁਲਿਸ ਨੇ ਏਕਓਂਕਾਰ ਖਿਲਾਫ਼ ਧਾਰਾ 302 ਤਹਿਤ ਪਰਚਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮਿ੍ਰਤਕ ਕਮਲਜੀਤ ਕੌਰ ਲੋਕਾਂ ਦੇ ਘਰਾਂ ਵਿਚ ਸਫ਼ਾਈ ਆਦਿ ਦਾ ਕੰਮ ਕਰਕੇ ਆਪਣੇ ਬੱਚੇ ਪਾਲ ਰਹੀ ਸੀ ਪਰ ਉਸ ਦਾ ਪਤੀ ਉਸ ਦੇ ਕਿਰਦਾਰ ’ਤੇ ਸ਼ੱਕ ਕਰਦਾ ਸੀ ਪਰ ਇਸ ਬਾਰੇ ਪੁਲਿਸ ਤਫਤੀਸ਼ ਕਰ ਰਹੀ ਹੈ। 

****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।