ਸਵੱਛਤਾ, ਪਾਣੀ ਬਚਾਓ ਅਤੇ ਪਲਾਸਟਿਕ ਦੇ ਇਸਤੇਮਾਲ ਤੇ ਰੋਕ ਬਾਰੇ ਡਰਾਇੰਗ ਅਤੇ ਕੁਇਜ਼ ਮੁਕਾਬਲੇ ਆਯੋਜਿਤ

ਮੋਗਾ,30 ਜਨਵਰੀ:(ਜਸ਼ਨ) : ਬੱਚਿਆਂ ਵਿਚਕਾਰ ਆਲੇ ਦੁਆਲੇ ਦੀ ਸਫਾਈ ਪਾਣੀ ਦੀ ਸੰਭਾਲ, ਅਤੇ ਇੱਕ ਵਾਰ ਇਸਤੇਮਾਲ ਹੋਣ ਵਾਲੇ ਪਲਾਸਟਿਕ ਦੇ ਇਸਮੇਤਾਲ ਤੇ ਰੋਕ ਲਗਾਉਣ ਬਾਰੇ ਕੇਦਰੀ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੇ ਸਹਿਯੋਗ ਨਾਲ ਅੱਜ ਇੱਥੇ ਗੋਧੇਵਾਲਾ ਬਸਤੀ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਜਾਗਰੂਕਤਾ ਪ੍ਰੋਗਰਾਮ ਹੇਠ ਡਰਾਇੰਗ ਅਤੇ ਕੁਇਜ ਮੁਕਾਬਲੇ ਕਰਵਾਏ ਗਏ।ਇਸ ਪ੍ਰੋਗਰਾਮ ਤੋ ਆਲੇ ਦੁਆਲੇ ਦੀ ਸਾਫ ਸਫਾਈ ਰੱਖਣ ਲਈ ਆਮ ਲੋਕਾਂ ਵਿੱਚ ਅਲਖ ਜਗਾਉਣ ਵਾਲੇ ਮਹਾਤਮਾਂ ਗਾਂਧੀ ਜੀ ਦੀ ਅੱਜ 72ਵੀ ਪੁੰਨਿਆਤਿਥੀ ਤੇ ਦੋ ਮਿੰਟ ਦਾ ਮੋਨ ਰੱਖ ਕੇ ਉਨ੍ਹਾਂ ਨੂੰ ਸਕੂਲੀ ਬੱਚਿਆਂ ਅਤੇ ਹੋਰਨਾਂ ਵੱਲੋ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਫੀਲਡ ਪਬਲਿਸਟੀ ਅਧਿਕਾਰੀ ਰਾਜੇਸ਼ ਬਾਲੀ ਨੇ ਕਿਹਾ ਕਿ ਬੱਚਿਆਂ ਨੂੰ ਆਪਣੇ ਆਸੇ ਪਾਸੇ ਦੀ ਸਫਾਈ ਅਤੇ ਪਾਣੀ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਇਸ ਸਵੱਛ ਵਾਤਾਵਰਨ ਅਤੇ ਪੀਣ ਵਾਲਾ ਸਾਫ ਪਾਣੀ ਸਾਰਿਆਂ ਨੂੰ ਮਿਲ ਸਕੇ। ਉਨ੍ਹਾਂ ਨੇ ਬੱਚਿਆਂ ਨੂੰ ਪਲਾਸਟਿਕ ਦੇ ਲਿਫਾਫਿਆਂ ਵਿੱਚ ਸਮਾਨ ਲੈਣ ਤੋ ਵੀ ਮਨ੍ਹਾਂ ਕਰਨ ਲਈ ਕਿਹਾ ਅਤੇ ਆਪਣੇ ਮਾਤਾ ਪਿਤਾ ਅਤੇ ਹੋਰਨਾਂ ਨੂੰ ਵੀ ਕੱਪੜੇ ਦੇ ਝੋਲੇ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ। ਸਕੂਲ ਦੇ ਪਿ੍ਰੰਸੀਪਲ ਰਜੇਸ਼ ਗਰਗ ਨੇ ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਅਤੇ ਪਾਣੀ ਦੀ ਦੁਰਵਰਤੋ ਰੋਕਣ ਲਈ ਪ੍ਰੇਰਿਤ ਕੀਤਾ। ਇਸ ਦੋਰਾਨ ਛੇਵੀ ਕਲਾਸ ਦੀ ਵਿਦਿਆਰਥਣ ਖੁਸ਼ਪ੍ਰੀਤ ਨੇ ਸਥਾਨਕ ਇੱਕ ਬਜ਼ਾਰ ਵਿੱਚ ਨਲਕੇ ਤੋ ਖੁੱਲ੍ਹੇ ਚੱਲ ਰਹੇ ਪਾਣੀ ਨੂੰ ਬੰਦ ਕਰਨ ਦੇ ਆਪਣੇ ਮੰਤਵ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਉਸ ਨੂੰ ਇਹ ਬੁਰਾ ਲੱਗਦਾ ਏ ਜਦੋ ਲੋਕੀ ਬਜ਼ਾਰਾਂ ਅਤੇ ਹੋਰਨਾਂ ਥਾਵਾਂ ਤੇ ਨਲਕੇ ਖੁੱਲ੍ਹੇ ਛੱਡ ਕੇ ਪਾਣੀ ਨੂੰ ਬਚਾਉਣ ਦੀ ਥਾਂ ਤੇ ਉਸਦੀ ਦੁਰਵਰਤੋ ਕਰਦੇ ਹਨ। ਫੀਲਡ ਆਊਟਰੀਚ ਬਿਊਰੋ ਦੇ ਤਕਨੀਕੀ ਸਹਾਇਕ ਕਵੀਸ਼ ਦੱਤ ਵੱਲੋ ਸਵੱਛਤਾ ਬਾਰੇ ਕੁਇੰਜ ਮੁਕਾਬਲੇ ਦਾ ਸੰਚਾਲਨ ਕੀਤਾ ਗਿਆ। ਇਸ ਵਿੱਚ ਜੇਤੂ ਰਹੇ 12 ਵਿਦਿਆਰਥੀਆਂ ਨੁੰੰ ਇਨਾਮ ਵੰਡੇ ਗਏ।


